ਇਰਾਨ ਦੇ ਪਾਠਕ੍ਰਮ ਵਿਚ ਸ਼ਾਮਲ ਹੈ ਜ਼ਫ਼ਰਨਾਮਾ : ਅੰਸਾਰੀ

ਇਰਾਨ ਦੇ ਪਾਠਕ੍ਰਮ ਵਿਚ ਸ਼ਾਮਲ ਹੈ ਜ਼ਫ਼ਰਨਾਮਾ : ਅੰਸਾਰੀ

ਪਟਿਆਲਾ/ਬਿਊਰੋ ਨਿਊਜ਼ :
ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਸੂਫ਼ੀ ਕਾਨਫਰੰਸ ਵਿਚ ਹਿੱਸਾ ਲੈਣ ਲਈ ਪੁੱਜੇ ਭਾਰਤ ਵਿੱਚ ਇਰਾਨ ਦੇ ਰਾਜਦੂਤ ਗ਼ੋਲਾਮਰੇਜ਼ਾ ਅੰਸਾਰੀ ਨੇ ਖ਼ੁਲਾਸਾ ਕੀਤਾ ਕਿ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਰਚਿਤ ‘ਜ਼ਫ਼ਰਨਾਮਾ’ ਇਰਾਨ ਦੇ ਪਾਠਕ੍ਰਮ ਵਿੱਚ ਪੜ੍ਹਾਇਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਰਾਨ ਵਿੱਚ ਜ਼ਫ਼ਰਨਾਮਾ ਪੜ੍ਹ ਕੇ ਵਿਦਿਆਰਥੀ ਚੰਗਾ ਮਹਿਸੂਸ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਰਚਿਆ ਸਾਹਿਤ ਹੋਰ ਕਿਤੇ ਵੀ ਪਾਠਕ੍ਰਮ ਵਿੱਚ ਨਹੀਂ ਪੜ੍ਹਾਇਆ ਜਾਂਦਾ। ‘ਜ਼ਫ਼ਰਨਾਮਾ’ ਇਰਾਨ ਦੇ ਤਹਿਰਾਨ ਸਥਿਤ ਕੁਅੱਮ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਆਫ ਕੰਪੈਰੇਟਿਵ ਸਟੱਡੀ ਆਫ ਰਿਲੀਜਨ ਵਿੱਚ ਪੜ੍ਹਾਇਆ ਜਾਂਦਾ ਹੈ।
ਇਸ ਮੌਕੇ ਜਨਾਬ ਅੰਸਾਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸੂਫ਼ੀਮਤ ਦੇ ਧਾਰਨੀ ਹਨ, ਜਿਸ ਦਾ ਸਬੂਤ ਉਨ੍ਹਾਂ ਦਿੱਲੀ ਵਿੱਚ ਹੋਈ ਸੂਫ਼ੀ ਕਾਨਫਰੰਸ ਵਿੱਚ ਦਿੱਤਾ ਸੀ। ਉਨ੍ਹਾਂ ਇਰਾਨ ਤੇ ਭਾਰਤ ਦੇ ਇਤਿਹਾਸਕ ਪੱਖ ਸਾਂਝੇ ਕਰਦਿਆਂ ਕਿਹਾ ਕਿ ਇਰਾਨ ਤੋਂ ਹੀ ਆਰੀਅਨ ਲੋਕ ਭਾਰਤ ਵਿੱਚ ਆਏ ਸਨ। ਇਸੇ ਕਰਕੇ ਸਾਡੀਆਂ ਰਹੁ-ਰੀਤਾਂ ਤੋਂ ਲੈ ਕੇ ਸਭਿਆਚਾਰ ਤੱਕ ਕਾਫੀ ਕੁਝ ਮਿਲਦਾ ਹੈ, ਸਿਰਫ਼ ਇਹੀ ਭਿੰਨਤਾ ਹੈ ਕਿ ਇਰਾਨ ਇਸਲਾਮਿਕ ਮੁਲਕ ਹੈ ਜਦਕਿ ਭਾਰਤ ਵਿੱਚ ਹਿੰਦੂ ਰਹੁ-ਰੀਤਾਂ ਹਨ।
ਸੂਫ਼ੀ ਕਾਨਫਰੰਸ ਦੇ ਕਰਤਾ-ਧਰਤਾ ਡਾ. ਨਾਸਿਰ ਨਕਵੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਰਚਿਤ ਸਾਹਿਤ ਭਾਰਤ ਵਿੱਚ ਵੀ ਕਿਤੇ ਪਾਠਕ੍ਰਮ ਵਿੱਚ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਵਡਿਆਈ ਅਤੇ ਸਮਝ ਦੇ ਇਰਾਨ ਮੁਲਕ ਦੇ ਲੋਕ ਕਾਇਲ ਹਨ।