ਮਨਰੇਗਾ ਵਰਕਰਾਂ ਦੇ ਖਾਤਿਆਂ ਵਿਚੋਂ ਕਰੋੜਾਂ ਦਾ ਕਾਲਾ ਧਨ ਚਿੱਟਾ ਹੋ ਹੋ ਨਿਕਲਿਆ

ਮਨਰੇਗਾ ਵਰਕਰਾਂ ਦੇ ਖਾਤਿਆਂ ਵਿਚੋਂ ਕਰੋੜਾਂ ਦਾ ਕਾਲਾ ਧਨ ਚਿੱਟਾ ਹੋ ਹੋ ਨਿਕਲਿਆ

ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਵਿਰੁੱਧ ਮਨਰੇਗਾ ਵਰਕਰਾਂ ਵਲੋਂ ਰੋਸ ਵਿਖਾਵਾ
ਧੂਰੀ/ਬਿਊਰੋ ਨਿਊਜ਼ :
ਨੋਟਬੰਦੀ ਦੇ ਫ਼ੈਸਲੇ ਨਾਲ ਧੂਰੀ ਦੇ ਲੋਕਾਂ ਵਿਚ ਉਸ ਸਮੇਂ ਹਾਹਾਕਾਰ ਮੱਚ ਗਈ ਜਦੋਂ ਧੂਰੀ ਹਲਕੇ ਦੇ ਪਿੰਡ ਰਾਜੋਮਾਜਰਾ ਦੀਆਂ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਮਨਰੇਗਾ ਵਰਕਰਾਂ ਵੱਲੋਂ ਸਥਾਨਕ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਬਰਾਂਚ ਅੱਗੇ ਧਰਨਾ ਲਗਾ ਕੇ ਬੈਂਕ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਬੈਂਕ ਅਧਿਕਾਰੀਆਂ ‘ਤੇ ਕਾਲੇ ਧਨ ਨੂੰ ਚਿੱਟਾ ਕਰਨ ਦੇ ਦੋਸ਼ ਲਗਾਏ। ਇਸ ਸਬੰਧੀ ਮਨਰੇਗਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮਨਰੇਗਾ ਕਾਪੀਆਂ ਦਾ ਖਾਤਾ ਸਟੇਟ ਬੈਂਕ ਆਫ਼ ਇੰਡੀਆ ਵਿਖੇ ਹੈ ਤੇ ਪਿੰਡ ਰਾਜੋਮਾਜਰਾ ਦੀ ਇਕ ਔਰਤ ਵੱਲੋਂ ਇਹ ਆਖ ਕੇ ਕਿ ਪ੍ਰਧਾਨ ਮੰਤਰੀ ਵੱਲੋਂ ਤੁਹਾਡੇ ਖਾਤਿਆਂ ਵਿਚ ਰੁਪਏ ਜਮ੍ਹਾ ਕਰਵਾਏ ਜਾਣਗੇ ਤੇ ਨਾਲ ਹੀ ਔਰਤ ਨੇ ਬੈਂਕ ਦੇ ਦੋ ਦੋ ਵਾਊਚਰਾਂ ‘ਤੇ ਹਰੇਕ ਵਰਕਰ ਤੋਂ ਦਸਤਖ਼ਤ ਕਰਵਾ ਲਏ ਤੇ ਇਸ ਸਾਰੇ ਮਾਮਲੇ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਬੈਂਕ ਦੀ ਸ਼ਾਖਾ ਦੇ ਏ.ਟੀ.ਐਮ. ਵਿਚ ਡਿਊਟੀ ਕਰਦੇ ਮਨਜੀਤ ਸਿੰਘ ਵਾਸੀ ਰਾਜੋਮਾਜਰਾ ਨੇ ਆਪਣੀ ਮਾਤਾ ਦੀ ਮਨਰੇਗਾ ਖਾਤੇ ਵਾਲੀ ਕਾਪੀ ਦੀ ਐਂਟਰੀ ਕਰਵਾਈ ਤਾਂ ਉਸ ‘ਤੇ 28 ਨਵੰਬਰ ਨੂੰ 10 ਹਜ਼ਾਰ ਰੁਪਏ ਜਮ੍ਹਾ ਹੋਇਆ ਤੇ ਉਸੇ ਦਿਨ 28 ਨਵੰਬਰ ਨੂੰ ਹੀ 10 ਹਜ਼ਾਰ ਰੁਪਏ ਕਢਵਾਉਣ ਦੀ ਐਂਟਰੀ ਪਾਈ ਗਈ। ਉਸ ਨੇ ਦੱਸਿਆ, ”ਜਦੋਂ ਮੈਂ ਖ਼ੁਦ ਹੈਰਾਨ ਹੋ ਕੇ ਇਸ ਸੰਬੰਧੀ ਘਰ ਜਾ ਕੇ ਗੱਲਬਾਤ ਕੀਤੀ ਤਾਂ ਮੇਰੀ ਮਾਤਾ ਨੇ ਦੱਸਿਆ ਕਿ ਪਿੰਡ ਦੀ ਔਰਤ ਉਨ੍ਹਾਂ ਦੀ ਮਨਰੇਗਾ ਖਾਤੇ ਵਾਲੀ ਕਾਪੀ ਤੇ ਹੋਰ ਪਿੰਡ ਦੀਆਂ ਸੈਂਕੜੇ ਕਾਪੀਆਂ ਇਕੱਠੀਆਂ ਕਰਕੇ ਫਾਰਮਾਂ ‘ਤੇ ਦਸਤਖ਼ਤ ਕਰਵਾ ਕੇ ਲੈ ਗਈ ਹੈ। ਇਸ ਸਬੰਧੀ ਹੋਰਨਾਂ ਮਨਰੇਗਾ ਵਰਕਰਾਂ ਨੇ ਵੀ ਆਪੋ ਆਪਣੇ ਮਨਰੇਗਾ ਖਾਤਿਆਂ ਦੀ ਪੜਤਾਲ ਕੀਤੀ ਤਾਂ ਉਨ੍ਹਾਂ ਦੇ ਖਾਤਿਆਂ ਵਿਚ ਵੀ ਇਕੋ ਦਿਨ ਹੀ ਰੁਪਏ ਜਮ੍ਹਾ ਕਰਵਾਉਣ ਤੇ ਕਢਵਾਉਣ ਦੀਆਂ ਐਂਟਰੀਆਂ ਸਾਹਮਣੇ ਆਈਆਂ।” ਮਨਰੇਗਾ ਵਰਕਰ ਪਿਆਰਾ ਸਿੰਘ ਵਾਸੀ ਰਾਜੋਮਾਜਰਾ ਨੇ ਦੱਸਿਆ, ”ਮੇਰੇ ਖਾਤੇ ਵਿਚੋਂ 1 ਦਸੰਬਰ ਨੂੰ 24 ਹਜ਼ਾਰ ਰੁਪਏ ਜਮ੍ਹਾ ਕਰਵਾ ਕੇ 1 ਦਸੰਬਰ ਨੂੰ ਹੀ 24 ਹਜ਼ਾਰ ਰੁਪਏ ਕਢਵਾਏ ਹੋਏ ਹਨ।” ਇਸੇ ਤਰ੍ਹਾਂ ਗੁਰਦਿਆਲ ਸਿੰਘ ਪਿੰਡ ਰਾਜੋਮਾਜਰਾ ਨੇ ਵੀ ਦੱਸਿਆ, ”ਮੇਰੇ ਖਾਤੇ ਵਿਚ ਵੀ 25 ਨਵੰਬਰ ਨੂੰ 10 ਹਜ਼ਾਰ ਰੁਪਏ ਜਮਾਂ ਹੋਏ ਤੇ ਉਸੇ ਦਿਨ ਹੀ 10 ਹਜ਼ਾਰ ਰੁਪਏ ਕਢਵਾ ਲਏ ਗਏ।” ਇਸੇ ਤਰ੍ਹਾਂ ਭਜਨ ਕੌਰ ਰਾਜੋਮਾਜਰਾ ਨੇ ਦੱਸਿਆ ਕਿ ਉਸ ਦੇ ਖਾਤੇ ਵਿਚ 1 ਦਸੰਬਰ ਨੂੰ 24 ਹਜ਼ਾਰ ਜਮ੍ਹਾ ਹੋਇਆ ਤੇ 1 ਦਸੰਬਰ ਨੂੰ ਹੀ 24 ਹਜ਼ਾਰ ਰੁਪਏ ਕਢਵਾ ਲਏ ਗਏ ਤੇ ਇਸੇ ਤਰ੍ਹਾਂ ਇਕੱਠੀਆਂ ਹੋਈਆਂ ਸੈਂਕੜੇ ਮਨਰੇਗਾ ਵਰਕਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਨੋਟਬੰਦੀ ਤੋਂ ਬਾਅਦ ਬੈਂਕ ਵਿਚ ਨਾ ਤਾਂ ਰੁਪਏ ਜਮ੍ਹਾ ਕਰਵਾਏ ਗਏ ਹਨ ਤੇ ਨਾ ਹੀ ਕਢਵਾਏ ਗਏ ਹਨ, ਉਨ੍ਹਾਂ ਨੂੰ ਤਾਂ ਬੈਂਕ ਖਾਤੇ ਦੀਆਂ ਐਂਟਰੀਆਂ ਕਰਵਾਉਣ ਤੋਂ ਬਾਅਦ ਇਸ ਬਾਰੇ ਪਤਾ ਲੱਗਾ ਤੇ ਇਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਸਬੰਧੀ ਅਸੀਂ ਇਕ ਅਰਜ਼ੀ ਸਦਰ ਥਾਣਾ ਧੂਰੀ ਵਿਖੇ ਵੀ ਦਿੱਤੀ ਹੈ। ਇਸ ਸਬੰਧੀ ਬੈਂਕ ਦੇ ਮੈਨੇਜਰ ਨਾਲ ਸੰਪਰਕ ਕਰਨਾ ਚਾਹਿਆ ਤਾਂ ਫ਼ੀਲਡ ਅਫ਼ਸਰ ਜਰਨੈਲ ਸਿੰਘ ਨੇ ਦੱਸਿਆ ਕਿ ਮੈਨੇਜਰ ਸਾਹਿਬ ਛੁੱਟੀ ‘ਤੇ ਹਨ, ਪ੍ਰੰਤੂ ਉਨ੍ਹਾਂ ਇਸ ਘਟਨਾ ਸਬੰਧੀ ਪੱਤਰਕਾਰਾਂ ਵੱਲੋਂ ਵਿਖਾ ਕੇ ਮਨਰੇਗਾ ਵਰਕਰਾਂ ਦੇ ਅਕਾਊਂਟਾਂ ਦੀ ਡਿਟੇਲ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਪੱਤਰਕਾਰਾਂ ਵੱਲੋਂ ਦਿੱਤੇ ਗਏ ਮਨਰੇਗਾ ਅਕਾਊਂਟਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਸ ਬੁੱਕਾਂ ਦੀਆਂ ਐਂਟਰੀਆਂ ਸਹੀ ਹਨ ਤੇ ਇਸ ਮਾਮਲੇ ਸਬੰਧੀ ਪੂਰੀ ਤਰ੍ਹਾਂ ਬਰਾਂਚ ਮੈਨੇਜਰ ਹੀ ਦੱਸ ਸਕਦੇ ਹਨ। ਇਸ ਸਬੰਧੀ ਧੂਰੀ ਸਦਰ ਥਾਣਾ ਦੇ ਐਸ.ਐਚ.ਓ. ਪਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਇਕ ਦਰਖਾਸਤ ਪਿੰਡ ਰਾਜੋਮਾਜਰਾ ਦੀ ਵਸਨੀਕ ਹਰਬੰਸ ਕੌਰ ਪਤਨੀ ਲਛਮਣ ਸਿੰਘ ਤੇ ਹੋਰ ਮਨਰੇਗਾ ਵਰਕਰਾਂ ਵੱਲੋਂ ਦਿੱਤੀ ਗਈ ਹੈ ਜਿਸ ਦੀ ਜਾਂਚ ਚੱਲ ਰਹੀ ਹੈ ਤੇ ਇਸ ਸਬੰਧੀ ਬੈਂਕ ਪਾਸੋਂ ਇਨ੍ਹਾਂ ਖਾਤਿਆਂ ਦੀ ਅਕਾਊਂਟ ਸਟੇਟਮੈਂਟ ਤੇ ਬੈਂਕ ਦੀਆਂ ਸੀ.ਸੀ.ਟੀਵੀ ਫੋਟੋਜ਼ ਮੰਗਵਾਈਆਂ ਜਾ ਰਹੀਆਂ ਹਨ ਤੇ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।