ਯੂਐਨਓ ‘ਚ ਅਮਰੀਕੀ ਸਫੀਰ ਨਿੱਕੀ ਹੈਲੇ ਦਾ ਅਸਤੀਫ਼ਾ

ਯੂਐਨਓ ‘ਚ ਅਮਰੀਕੀ ਸਫੀਰ ਨਿੱਕੀ ਹੈਲੇ ਦਾ ਅਸਤੀਫ਼ਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਸੰਯੁਕਤ ਰਾਸ਼ਟਰ ਸੰਘ ਵਿਚ ਅਮਰੀਕਾ ਦੀ ਰਾਜਦੂਤ ਦੇ ਵਕਾਰੀ ਅਹੁਦੇ ਉਤੇ ਆਪਣੀਆਂ ਸੇਵਾਵਾਂ ਦੇ ਰਹੀ ਭਾਰਤੀ ਮੂਲ ਦੀ ਨਿੱਕੀ ਹੈਲੇ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਫੌਕਸ ਨਿਊਜ਼ ਦੀ ਰਿਪੋਰਟ ਅਨੁਸਾਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਿੱਕੀ ਹੈਲੇ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ।
ਨਿੱਕੀ ਹੈਲੇ ਨੇ ਅਸਤੀਫੇ ਦਾ ਕੋਈ ਕਾਰਨ ਨਹੀਂ ਦਿੱਤਾ। ਸਾਊਥ ਕੈਰੋਲਿਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੇ ਨੇ ਜਨਵਰੀ 2017 ਤੋਂ ਇਹ ਅਹੁਦਾ ਸੰਭਾਲ਼ਿਆ ਹੋਇਆ ਸੀ। ਸੂਤਰਾਂ ਮੁਤਾਬਕ ਪਿਛਲੇ ਹਫ਼ਤੇ ਵ੍ਹਾਈਟ ਹਾਊਸ ਦੀ ਇਕ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਨਾਲ ਕਿਸੇ ਮੁੱਦੇ ਸਬੰਧੀ ਵਿਵਾਦ ਹੋਇਆ ਸੀ।
ਜ਼ਿਕਰਯੋਗ ਹੈ ਕਿ ਟਰੰਪ ਦੇ ਵੱਡੇ ਆਲੋਚਕਾਂ ਵਿੱਚ ਰਹੀ ਹੈਲੇ ਪ੍ਰਵਾਸੀ ਭਾਰਤੀ ਪਰਿਵਾਰ ਨਾਲ ਸਬੰਧ ਰੱਖਦੀ ਹੈ।  ਉਹ ਖੁੱਲ੍ਹੇ ਬਾਜ਼ਾਰ ਤੇ ਆਲਮੀ ਵਪਾਰ ਦੀ ਹਮਾਇਤੀ ਰਹੀ ਹੈ। ਨਿੱਕੀ ਹੈਲੇ ਨੇ ਆਪਣੇ ਅਹੁਦੇ ਤੋਂ ਅਚਾਨਕ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਅਸਤੀਫ਼ਾ ਮੱਧਕਾਲੀ ਚੋਣਾਂ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਦਿੱਤਾ ਗਿਆ ਹੈ, ਜਿਸ ਨੂੰ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤੇ ਤਿਆਗ ਪੱਤਰ ਵਿਚ ਸੰਕੇਤ ਦਿੱਤਾ ਕਿ ਉਹ ਨਿੱਜੀ ਖੇਤਰ ਵਿਚ ਜਾ ਸਕਦੀ ਹੈ। ਉਨ੍ਹਾਂ ਸੰਨ 2020 ਦੀਆਂ ਰਾਸ਼ਟਰਪਤੀ ਚੋਣਾਂ ਲੜਨ ਦੀ ਸੰਭਾਵਨਾ ਰੱਦ ਕਰਦਿਆਂ ਟਰੰਪ ਦੀ ਦੁਬਾਰਾ ਚੋਣ ਲਈ ਸਮਰਥਨ ਦੇਣ ਦਾ ਵਾਅਦਾ ਕੀਤਾ ਦੱਸਿਆ ਜਾਂਦਾ ਹੈ।
46 ਸਾਲਾ ਨਿੱਕੀ ਹੈਲੇ ਨੇ ਆਪਣੇ ਤਿਆਗ ਪੱਤਰ ਵਿਚ ਲਿਖਿਆ ਕਿ ਪ੍ਰਸ਼ਾਸਨ ਵਿਚ ਆਪਣੇ ਦੇਸ਼ ਦੀ ਸੇਵਾ ਇਕ ਮਹਾਨ ਸਨਮਾਨ ਹੈ।