ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਬਰਾੜ ਦਾ ਦੇਹਾਂਤ

ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਬਰਾੜ ਦਾ ਦੇਹਾਂਤ

ਮੋਗਾ/ਬਿਊਰੋ ਨਿਊਜ਼ :
ਪੰਜਾਬੀ ਗਾਇਕ ਤੇ ਅਦਾਕਾਰ ਰਾਜ ਬਰਾੜ ਦਾ ਦੇਹਾਂਤ ਹੋ ਗਿਆ ਹੈ। ਉਹ 44 ਵਰ੍ਹਿਆਂ ਦੇ ਸਨ। ਉਨ੍ਹਾਂ ਦਾ 3 ਜਨਵਰੀ ਨੂੰ ਜਨਮ ਦਿਨ ਸੀ।  ਰਾਜ ਬਰਾੜ ਦੇ ਭਤੀਜੇ ਪੈਵੀ ਬਰਾੜ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ 2 ਜਨਵਰੀ ਨੂੰ ਜੱਦੀ ਪਿੰਡ ਮੱਲਕੇ ਵਿੱਚ ਕੀਤਾ ਗਿਆ। ਉਨ੍ਹਾਂ ਦਾ ਦੇਹਾਂਤ ਚੰਡੀਗੜ੍ਹ ਵਿੱਚ ਹੋਇਆ। ਉਹ ਕਾਫ਼ੀ ਅਰਸੇ ਤੋਂ ਬਿਮਾਰ ਸਨ। ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਆਮ ਆਦਮੀ’ (ਜਮੂਰੇ) ਮੁਕੰਮਲ ਹੋ ਚੁੱਕੀ ਹੈ ਅਤੇ ਨਵੇਂ ਵਰ੍ਹੇ 2017 ਵਿੱਚ ਫਰਵਰੀ ਵਿੱਚ ਰਿਲੀਜ਼ ਹੋਣੀ ਸੀ। ਸ੍ਰੀ ਬਰਾੜ ਦੀ ਬੇਵਕਤੀ ਮੌਤ ਨਾਲ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ। ਗਾਇਕ ਤੇ ਅਦਾਕਾਰ ਰਾਜ ਬਰਾੜ ਦਾ ਜਨਮ ਮਾਤਾ ਧਿਆਨ ਕੌਰ ਬਰਾੜ ਦੀ ਕੁੱਖੋਂ ਤੇ ਪਿਤਾ ਕਿਸ਼ੋਰਾ ਸਿੰਘ ਬਰਾੜ ਦੇ ਘਰ ਹੋਇਆ। ਉਨ੍ਹਾਂ ਦਾ ਪੂਰਾ ਨਾਂ ਰਾਜਬਿੰਦਰ ਸਿੰਘ ਬਰਾੜ ਸੀ। ਗੀਤਕਾਰੀ ਦਾ ਸ਼ੌਕ ਹੋਣ ਕਰਕੇ ਉਹ ਗੀਤਾਂ ਵਿੱਚ ਆਪਣਾ ਨਾਂ ਰਾਜਾ ਲਿਖਦਾ, ਜਿਸ ਕਾਰਨ ਉਹ ਰਾਜ ਬਰਾੜ ਦੇ ਨਾਂ ਨਾਲ ਪ੍ਰਸਿੱਧ ਹੋਇਆ। ਰਾਜ ਬਰਾੜ ਵੱਲੋਂ ਲਿਖੇ ਗੀਤ ‘ਤੇਰੀ ਭਿੱਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ’ ਨਾਲ ਉਹ ਮਕਬੂਲ ਹੋਏ। ਉਨ੍ਹਾਂ ਨੇ ‘ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ’ ਗੀਤ ਰਾਹੀਂ ਗਾਇਕੀ ਵਿੱਚ ਆਪਣਾ ਲੋਹਾ ਮਨਵਾਇਆ। ਉਨ੍ਹਾਂ ਵੱਲੋਂ ਲਿਖੇ ਗੀਤ ਹਰਭਜਨ ਮਾਨ, ਕੁਲਦੀਪ ਮਾਣਕ, ਮੁਹੰਮਦ ਸਦੀਕ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਅਮਰਿੰਦਰ ਗਿੱਲ ਨੇ ਗਾਏ। ਗੀਤਕਾਰੀ ਤੇ ਗਾਇਕੀ ਤੋਂ ਇਲਾਵਾ ਰਾਜ ਬਰਾੜ ਨੇ 2010 ਵਿੱਚ ‘ਜਵਾਨੀ ਜ਼ਿੰਦਾਬਾਦ’ ਫਿਲਮ ਰਾਹੀਂ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਿਆ।