ਬੰਦੀ ਸਿੰਘਾਂ ਦੀ ਸੂਚੀ ਵਿੱਚ ਸ਼ਾਮਿਲ ਬਾਕੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ: ਸੂਰਤ ਸਿੰਘ ਖਾਲਸਾ

ਬੰਦੀ ਸਿੰਘਾਂ ਦੀ ਸੂਚੀ ਵਿੱਚ ਸ਼ਾਮਿਲ ਬਾਕੀ ਸਿੰਘਾਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ: ਸੂਰਤ ਸਿੰਘ ਖਾਲਸਾ

ਚੰਡੀਗੜ੍ਹ: ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਕੀਤੇ ਗਏ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਲਈ 2015 ਤੋਂ ਲਗਾਤਾਰ ਸੰਘਰਸ਼ ਕਰ ਰਹੇ ਸੂਰਤ ਸਿੰਘ ਖਾਲਸਾ ਨੇ ਅੱਜ ਭਾਰਤ ਸਰਕਾਰ ਵੱਲੋਂ ਛੱਡੇ ਜਾ ਰਹੇ ਕੁੱਝ ਸਿਆਸੀ ਸਿੱਖ ਕੈਦੀਆਂ ਦੀ ਰਿਹਾਈ ਦੀਆਂ ਖਬਰਾਂ ਆਉਣ ਤੋਂ ਬਾਅਦ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਹੈ ਕਿ ਜਦੋਂ ਤੱਕ ਸੰਘਰਸ਼ ਸ਼ੁਰੂ ਹੋਣ ਸਮੇਂ ਜਾਰੀ ਕੀਤੀ ਬੰਦੀ ਸਿੰਘਾਂ ਦੀ ਸੂਚੀ ਵਿੱਚ ਸ਼ਾਮਿਲ ਸਾਰੇ ਬੰਦੀ ਸਿੰਘ ਰਿਹਾਅ ਨਹੀਂ ਹੁੰਦੇ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਸੂਰਤ ਸਿੰਘ ਖਾਲਸਾ ਵੱਲੋਂ ਜਾਰੀ ਕੀਤੇ ਬਿਆਨ ਨੂੰ ਅਸੀਂ ਪਾਠਕਾਂ ਲਈ ਹੂ-ਬ-ਹੂ ਛਾਪ ਰਹੇ ਹਾਂ:
"ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਵਾਲੇ ਰਾਜਸੀ ਬੰਦੀਆਂ ਨੂੰ ਸਰਕਾਰ ਵੱਲੋਂ ਰਿਹਾਅ ਕੀਤੇ ਜਾਣਾ ਚੰਗੀ ਗੱਲ ਹੈ। ਇਹ ਰਿਹਾਈਆਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਭੁੱਖ ਹੜਤਾਲ਼ ਅੰਦੋਲਨ ਅਤੇ ੨੦੧੫ ਤੋਂ ਦਾਸ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਬਾਅਦ ਸਿੱਖ ਵਕੀਲਾਂ ਅਤੇ ਕੌਮੀ ਦਬਾਅ ਕਾਰਨ ਮੁਮਕਿਨ ਹੋਈਆਂ ਹਨ। ਲੁਧਿਆਣਾ ਦੇ ਦਇਆ ਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ੨ ਸਾਲਾਂ ਤੋਂ ਜਬਰੀ ਬੰਦੀ ਬਣਾ ਕੇ ਰੱਖੇ ਗਏ ਬਾਪੂ ਸੂਰਤ ਸਿੰਘ ਨੇ ਇੱਕ ਬਿਆਨ ‘ਚ ਇਹ ਗੱਲ ਕਹੀ। ਉਹਨਾਂ ਕਿਹਾ ਕਿ ਸਰਕਾਰ ਨੂੰ ਬੰਦੀ ਸਿੰਘ ਸਜ਼ਾ ਪੂਰੀ ਹੋਣ ਦੇ ਤੁਰੰਤ ਬਾਅਦ ਰਿਹਾਅ ਕਰ ਦੇਣੇ ਚਾਹੀਦੇ ਸਨ ਇਸ ਲਈ ਉਹ ਸਰਕਾਰ ਦਾ ਧੰਨਵਾਦ ਨਹੀਂ ਕਰਨਗੇ। ਸੂਰਤ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਰਿਹਾਈਆਂ ਲਈ ਸ਼ੁਰੂ ਹੋਏ ਅੰਦੋਲਨ ਨਾਲ ਸ਼ੋਸ਼ਲ ਮੀਡੀਆ, ਵਕਾਲਤ ਅਤੇ ਸਰੀਰਕ ਰੂਪ ‘ਚ ਜੁੜੇ ਹਰ ਵਿਅਕਤੀ ਅਤੇ ਕੌਮੀ ਜਥੇਬੰਦੀਆਂ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਸੰਘਰਸ਼ ਸ਼ੁਰੂ ਹੋਣ ਸਮੇਂ ਜਾਰੀ ਕੀਤੀ ਬੰਦੀ ਸਿੰਘਾਂ ਦੀ ਲਿਸਟ ਵਿੱਚ ਸ਼ਾਮਲ ਬਾਕੀ ਬੰਦੀਆਂ ਦੀ ਰਿਹਾਈ ਤੱਕ ਸੰਘਰਸ਼ ਜਾਰੀ ਰਹੇਗਾ।
ਜਾਰੀ ਕਰਤਾ-
ਸੂਰਤ ਸਿੰਘ ਖਾਲਸਾ"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।