ਸਾਰਾਗੜ੍ਹੀ ‘ਤੇ ਬਣ ਰਹੀ ਦਸਤਾਵੇਜ਼ੀ ਫ਼ਿਲਮ ਸਿੱਖਾਂ ਦਾ ਮਨ ਮੋਹ ਲਏਗੀ

ਸਾਰਾਗੜ੍ਹੀ ‘ਤੇ ਬਣ ਰਹੀ ਦਸਤਾਵੇਜ਼ੀ ਫ਼ਿਲਮ ਸਿੱਖਾਂ ਦਾ ਮਨ ਮੋਹ ਲਏਗੀ
  • ਸਾਰਾਗੜ੍ਹੀ 36ਵੀਂ ਸਿੱਖ ਰੈਜੀਮੈਂਟ (ਮੌਜੂਦਾ ਚੌਥੀ ਸਿੱਖ ਰੈਜੀਮੈਂਟ) ਦੇ 21 ਸਿਪਾਹੀਆਂ ਵਲੋਂ ਲੜੀ ਗਈ ਲੜਾਈ ਦੀ ਦਾਸਤਾਨ ਹੈ। ਇਨ੍ਹਾਂ ਸਿਪਾਹੀਆਂ ਨੇ ਆਪਣੇ ਫ਼ਰਜ਼ ਨਿਭਾਉਂਦਿਆਂ ਜਾਨਾਂ ਵਾਰ ਦਿੱਤੀਆਂ ਸਨ।
  • ਇਹ ਯੁੱਧ 12 ਸਤੰਬਰ 1897 ਵਿਚ ਉਤਰ-ਪੱਛਮ ਸਰਹੱਦੀ ਸੂਬੇ ਤਿਰਾਹ (ਹੁਣ ਪਾਕਿਸਤਾਨ ਵਿਚ) ਵਿਚ ਹੋਇਆ।
  • ਸਿੱਖ ਫ਼ੌਜ ਦੀ ਪਰੰਪਰਾ ਨਿਭਾਉਂਦਿਆਂ ਇਨ੍ਹਾਂ ਫ਼ੌਜੀਆਂ ਨੇ ਆਤਮ ਸਮਰਪਣ ਕਰਨ ਨਾਲੋਂ ਮੌਤ ਨੂੰ ਕਬੂਲਿਆ।
  • ਯੂਨੈਸਕੋ ਵਲੋਂ ਪ੍ਰਕਾਸ਼ਤ ਬਹਾਦਰੀ ਦੀਆਂ 8 ਕਹਾਣੀਆਂ ਵਿਚੋਂ ਸਾਰਾਗੜ੍ਹੀ ਦਾ ਯੁੱਧ ਇਕ ਹੈ।

    36ਵੀਂ ਸਿੱਖ ਰੈਜੀਮੈਂਟ ਦੇ 21 ਯੋਧੇ
    ਲੰਡਨ/ਬਿਊਰੋ ਨਿਊਜ਼ :
    ਬ੍ਰਿਟਿਸ਼ ਭਾਰਤੀ ਫ਼ੌਜੀਆਂ ਦੀ ਬਹਾਦਰੀ ਦੀ ਗਾਥਾ ਪੇਸ਼ ਕਰਦੀ ਨਵੀਂ ਫ਼ਿਲਮ ‘ਸਾਰਾਗੜ੍ਹੀ’ ਬਣਾਈ ਗਈ ਹੈ ਜਿਸ ਦੇ ਵਿੱਤੀ ਸਹਿਯੋਗ ਲਈ ਸੋਸ਼ਲ ਮੀਡੀਆ ਰਾਹੀਂ ਫੰਡ ਜੁਟਾਏ ਗਏ ਹਨ। ਸਾਰਾਗੜ੍ਹੀ, ਉਨ੍ਹਾਂ 21 ਸਿੱਖ ਫ਼ੌਜੀਆਂ ਦੀ ਕਹਾਣੀ ਹੈ ਜਿਨ੍ਹਾਂ ਨੇ 1897 ਵਿਚ ਸਾਰਾਗੜ੍ਹੀ ਪੋਸਟ ‘ਤੇ ਲੜਾਈ ਲੜੀ ਸੀ। ਇਨ੍ਹਾਂ ਸਿੱਖ ਫ਼ੌਜੀਆਂ ਨੇ 10,000 ਪਸ਼ਤੂਨਾਂ ਨੂੰ ਸਾਰਾਗੜ੍ਹੀ ਪੋਸਟ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਕਰੀਬ 6 ਘੰਟੇ ਲੜਾਈ ਲੜੀ। 6 ਘੰਟਿਆਂ ਬਾਅਦ ਪਸ਼ਤੂਨ ਕਬਾਇਲੀ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ ਸਨ ਤੇ ਸਾਰੇ ਦੇ ਸਾਰੇ 21 ਬਰਤਾਨਵੀ ਭਾਰਤੀ ਫ਼ੌਜੀ ਅੰਗਰੇਜ਼ਾਂ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਂਦੇ ਹੋਏ ਮਾਰੇ ਗਏ ਸਨ।
    ਇਸ ਪ੍ਰੋਜੈਕਟ ਲਈ ਕਿਕਸਟਾਰਟਰ ਵੈੱਬਸਾਈਟ ‘ਤੇ 9000 ਡਾਲਰ ਤੋਂ ਵੱਧ ਰਕਮ ਇਕੱਠੀ ਹੋਈ ਹੈ। ਇਸ ਪ੍ਰੋਜੈਕਟਰ ਨੂੰ ਨਵੇਂ ਬਰਾਡਕਾਸਟ ਚੈਨਲ ‘ਕੇ.ਟੀ.ਵੀ.’ ਅਤੇ ਡਿਜੀਟਲ ਆਰਟਸ ਨਿਰਮਾਤਾ ‘ਤਾਰਨ ਤ੍ਰੀ ਡੀ’ ਦੀ ਭਾਈਵਾਲੀ ਨਾਲ ‘ਸਾਰਾਗੜ੍ਹੀ ਸੁਸਾਇਟੀ’ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਲੇਖਕ ਅਤੇ ਫ਼ਿਲਮਸਾਜ਼ ਜੈ ਸਿੰਘ ਸੋਹਲ ਨੇ ਦੱਸਿਆ ਕਿ ਇਹ ਕਹਾਣੀ ਬਰਤਾਨਵੀ ਭਾਰਤੀਆਂ ਲਈ ਬਹੁਤ ਮਹੱਤਵ ਰੱਖਦੀ ਹੈ ਪਰ ਸਮਾਂ ਬੀਤਣ ਦੇ ਨਾਲ ਨਾਲ ਇਸ ਨਾਲ ਹੋਰ ਵੀ ਮਿੱਥਾਂ ਜੁੜ ਗਈਆਂ ਹਨ। ਉਨ੍ਹਾਂ ਕਿਹਾ, ”ਇਹ ਦਸਤਾਵੇਜ਼ੀ ਫ਼ਿਲਮ ਬਣਾਉਣ ਦਾ ਸਾਡਾ ਮਕਸਦ ਸਾਰਾਗੜ੍ਹੀ ਦੇ ਇਤਿਹਾਸਕ ਤੱਥਾਂ ‘ਤੇ ਰੌਸ਼ਨੀ ਪਾਉਣਾ ਹੈ। ਇਸ ਨੂੰ ਡੂੰਘੀਆਂ ਖੋਜਾਂ ਅਤੇ ਮੁਢਲੇ ਸਰੋਤਾਂ ਦੇ ਆਧਾਰ ‘ਤੇ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਰਾਹੀਂ ਅਸੀਂ ਉਨ੍ਹਾਂ ਸਿੱਖ ਫ਼ੌਜੀਆਂ ਨੂੰ ਆਪਣੀ ਸੱਚੀ ਸ਼ਰਧਾਂਜਲੀ ਦੇਣਾ ਚਾਹੁੰਦੇ ਹਾਂ।” ਸੋਹਲ ਨੇ ਕਿਹਾ, ”ਇਹ ਫ਼ਿਲਮ ਉਨ੍ਹਾਂ ਸਿੱਖ ਫ਼ੌਜੀਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਜਿਸ ਤੋਂ ਨੌਜਵਾਨ ਪੀੜ੍ਹੀ ਪ੍ਰੇਰਣਾ ਲਏਗੀ। ਬਰਤਾਨਵੀ ਸਿੱਖ ਹੋਣ ਦੇ ਨਾਤੇ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਾਡੇ ਭਾਈਚਾਰੇ ਲਈ ਆਪਣੇ ਇਤਿਹਾਸ ਨੂੰ ਪੇਸ਼ ਕਰਨਾ ਬਹੁਤ ਅਹਿਮੀਅਤ ਰੱਖਦਾ ਹੈ। ਅੱਜ ਅਸੀਂ ਆਪਣੇ ਮੁਲਕ ਵਿਚ ਇਨ੍ਹਾਂ ਵਰਗੇ ਮਹਾਨ ਯੋਧਿਆਂ ਕਰਕੇ ਹੀ ਆਜ਼ਾਦੀ ਮਾਣ ਰਹੇ ਹਾਂ।”
    ਇਹ ਦਸਤਾਵੇਜ਼ੀ ਫ਼ਿਲਮ ਸਾਰਾਗੜ੍ਹੀ ਲੜਾਈ ਦੀ 120ਵੀਂ ਵਰ੍ਹੇਗੰਢ ਮੌਕੇ ਸਤੰਬਰ 2017 ਵਿਚ ਰਿਲੀਜ਼ ਹੋਵੇਗੀ। ਯੂ.ਕੇ. ਅਤੇ ਵਿਦੇਸ਼ਾਂ ਵਿਚ ਦਿਖਾਏ ਜਾਣ ਤੋਂ ਪਹਿਲਾਂ ਸੈਂਟਰਲ ਲੰਡਨ ਵਿਚ ਇਸ ਦਾ ਪ੍ਰੀਮੀਅਰ ਹੋਵੇਗਾ। ਸਾਰਾਗੜ੍ਹੀ ਸੁਸਾਇਟੀ ‘ਡਬਲਯੂ.ਡਬਲਯੂ.ਆਈ. ਸਿੱਖ ਮੈਮੋਰੀਅਲ’ ਦਾ ਪ੍ਰੋਜੈਕਟ ਹੈ, ਜਿਸ ਦਾ ਮਕਸਦ ਸਟਾਫਫੋਰਸ਼ਾਇਰ ਵਿਚ ਨੈਸ਼ਨਲ ਮੈਮੋਰੀਅਲ ਐਰਬੋਰੇਟਮ ਵਿਖੇ ਸਿੱਖ ਸੇਵਾਵਾਂ ਨੂੰ ਯੂ.ਕੇ. ਵਿਚ ਪਹਿਲੀ ਕੌਮੀ ਯਾਦਗਾਰ ਵਜੋਂ ਸਥਾਪਤ ਕਰਨਾ ਹੈ।