ਹੋਬੋਕਨ ਸਿਟੀ ਦੇ ਸਿੱਖ ਮੇਅਰ ਰਵਿੰਦਰ ਭੱਲਾ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ

ਹੋਬੋਕਨ ਸਿਟੀ ਦੇ ਸਿੱਖ ਮੇਅਰ ਰਵਿੰਦਰ ਭੱਲਾ ਨੂੰ ਪਰਿਵਾਰ ਸਮੇਤ ਜਾਨੋਂ ਮਾਰਨ ਦੀਆਂ ਧਮਕੀਆਂ

ਹਿਊਸਟਨ/ਬਿਊਰੋ ਨਿਊਜ਼:
ਨਿਊ ਜਰਸੀ ਦੀ ਹੋਬੋਕਨ ਸਿਟੀ ਦੇ ਪਹਿਲੇ ਸਿੱਖ ਮੇਅਰ ਰਵਿੰਦਰ ਭੱਲਾ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ  ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਸਿਟੀ ਹਾਲ ਦੀ ਸੁਰੱਖਿਆ ਖ਼ਤਰੇ ਵਿੱਚ ਪੈਣ ਦੀ ਘਟਨਾ ਵਾਪਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਸ਼੍ਰੀ ਭੱਲਾ ਨੇ ਕਿਹਾ ਕਿ ਸ਼ਹਿਰ ਦਾ ਪ੍ਰਸ਼ਾਸਨ ਸਿਟੀ ਹਾਲ ਦੀ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਐਫਬੀਆਈ ਦੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸ੍ਰੀ ਭੱਲਾ ਨੇ ਧਮਕੀਆਂ ਦੇ ਵੇਰਵੇ ਤਾਂ ਨਾ ਦਿੱਤੇ ਪਰ ਇੰਨਾ ਕਿਹਾ ” ਇਹ ਘਟਨਾ ਤੇ ਇਸ ਦੇ ਨਾਲ ਹੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਮੰਦੇ ਭਾਗੀਂ ਇਹ ਚੇਤਾ ਕਰਾਉਂਦੀਆਂ ਹਨ ਕਿ ਸਾਨੂੰ ਸੁਰੱਖਿਆ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਨੇ ਸਿਟੀ ਹਾਲ ਦੀ ਸੁਰੱਖਿਆ ਦਾ ਜਾਇਜ਼ਾ ਲਿਆ ਅਤੇ ਅਸੀਂ ਭਵਨ ਵਿਚਲੇ ਸਾਰੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਭੌਤਿਕ ਤੇ ਹੋਰਨਾਂ ਤਬਦੀਲੀਆਂ ਦੀਆਂ ਸਿਫਾਰਸ਼ਾਂ ‘ਤੇ ਕੰਮ ਕਰ ਰਹੇ ਹਾਂ।”
ਘਟਨਾ ਸਮੇਂ ਸ੍ਰੀ ਭੱਲਾ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਦੇ ਡਿਪਟੀ ਚੀਫ਼ ਆਫ ਸਟਾਫ ਜੇਸਨ ਫ੍ਰੀਮੈਨ ਦਾ ਖਿਆਲ ਹੈ ਕਿ ਇਕ ਆਦਮੀ ਨੇ ਕੋਈ ਸ਼ੈਅ ਵਾਲਾ ਲਿਫ਼ਾਫਾ ਪ੍ਰਸ਼ਾਸਕੀ ਸਹਾਇਕ ਵੱਲ ਸੁੱਟ ਦਿੱਤਾ ਸੀ।ਹੋਬੋਕਨ ਦੇ ਪੁਲੀਸ ਮੁਖੀ ਕੈਨੇਥ ਫੈਰਾਂਟੇ ਨੇ ਕਿਹਾ ਕਿ ਵਿਭਾਗ ਨੇ ਇਹ ਮਾਮਲਾ ਬਹੁਤ ਗੰਭੀਰਤਾ ਨਾਲ ਲਿਆ ਹੈ। ਸਖ਼ਤ ਚੁਣਾਵੀ ਮੁਕਾਬਲੇ ਤੋਂ ਬਾਅਦ ਸ੍ਰੀ ਭੱਲਾ ਨਿਊ ਜਰਸੀ ਦੇ ਪਹਿਲੇ ਸਿੱਖ ਮੇਅਰ ਬਣੇ ਸਨ ਤੇ ਚੋਣ ਮੁਹਿੰਮ ਦੌਰਾਨ ਵੀ ਉਨ੍ਹਾਂ ਖ਼ਿਲਾਫ਼ ਨਸਲਪ੍ਰਸਤ ਟਿੱਪਣੀਆਂ ਕੀਤੀਆਂ ਗਈਆਂ ਸਨ।