ਛਪੀਆਂ ਅਖ਼ਬਾਰਾਂ ਨੂੰ ਤਰਜੀਹ ਦਿੰਦੇ ਨੇ ਨੌਜਵਾਨ ਪਾਠਕ

ਛਪੀਆਂ ਅਖ਼ਬਾਰਾਂ ਨੂੰ ਤਰਜੀਹ ਦਿੰਦੇ ਨੇ ਨੌਜਵਾਨ ਪਾਠਕ

ਲੰਡਨ/ਬਿਊਰੋ ਨਿਊਜ਼:
ਅਖ਼ਬਾਰਾਂ ਦੀ ਸਰਕੁਲੇਸ਼ਨ ਘਟਣ ਤੇ ਸਮਾਰਟਫੋਨਾਂ ਰਾਹੀਂ ਖ਼ਬਰਾਂ ਦੀ ਵਧੇਰੇ ਖਪਤ ਦੇ ਰੁਝਾਨ ਦੇ ਬਾਵਜੂਦ ਨੌਜਵਾਨ ਪਾਠਕ ਅਜੇ ਵੀ ਵੈੱਬਸਾਈਟਜ਼ ਤੇ ਐਪਜ਼ ਦੀ ਨਿਸਬਤ ਪ੍ਰਿੰਟ ਐਡੀਸ਼ਨ ਨੂੰ ਵੱਧ ਤਰਜੀਹ ਦਿੰਦੇ ਹਨ। ਸਿਟੀ, ਯੂਨੀਵਰਸਿਟੀ ਆਫ਼ ਲੰਡਨ ਵੱਲੋਂ ਸ਼ਹਿਰ ਵਿੱਚ ਕੀਤੇ ਇਕ ਅਧਿਐਨ ਮੁਤਾਬਕ ਨੌਜਵਾਨ ਪਾਠਕ ਅਜੇ ਵੀ ਆਨਲਾਈਨ ਖ਼ਬਰਾਂ ਪੜ੍ਹਨ ਦੀ ਥਾਂ ਅਖਬਾਰਾਂ ਦੇ ਪ੍ਰਿੰਟ ਐਡੀਸ਼ਨਾਂ ਨੂੰ ਤਰਜੀਹ ਦਿੰਦਿਆਂ ਲਗਪਗ ਦੁੱਗਣਾ ਸਮਾਂ ਬਿਤਾਉਂਦੇ ਹਨ। ਅਧਿਐਨ ਮੁਤਾਬਕ ਸਾਲ 2016 ਵਿੱਚ 18 ਤੋਂ 34 ਸਾਲ ਦੇ ਯੂਕੇ ਦੇ ਅੱਠ ਕੌਮੀ ਅਖਬਾਰਾਂ ਦੇ ਬ੍ਰਿਟਿਸ਼ ਪਾਠਕਾਂ ਨੇ ਲਗਪਗ ਅਖ਼ਬਾਰਾਂ ਦੇ ਪ੍ਰਿੰਟ ਐਡੀਸ਼ਨ ਨੂੰ ਪੜ੍ਹਨ ਲਈ 21.7 ਅਰਬ ਮਿੰਟਾਂ ਦਾ ਸਮਾਂ ਲਾਇਆ ਜਦਕਿ ਇਨ੍ਹਾਂ ਪਾਠਕਾਂ ਨੇ ਵੈੱਬਸਾਈਟਜ਼ ਤੇ ਐਪਜ਼ ‘ਤੇ ਸਿਰਫ਼ 11.9 ਅਰਬ ਮਿੰਟ ਹੀ ਖਪਾਏ। ਯੂਨੀਵਰਸਿਟੀ ਨੇ ਸਰਵੇਖਣ ਲਈ ਪ੍ਰਿੰਟ ਐਡੀਸ਼ਨਾਂ ਤੇ ਆਨਲਾਈਨ ਵੈੱਬਸਾਈਟਾਂ ‘ਤੇ ਖ਼ਬਰਾਂ ਪੜ੍ਹਨ ਲਈ ਖਪਾਏ ਸਮੇਂ ਨੂੰ ਅਧਾਰ ਬਣਾਇਆ ਹੈ।
ਪੱਤਰਕਾਰੀ ਵਿਭਾਗ ਵਿੱਚ ਪ੍ਰੋਫ਼ੈਸਰ ਨੀਲ ਥਰਮਨ ਨੇ ਕਿਹਾ ਕਿ ਨੌਜਵਾਨ ਪਾਠਕਾਂ ਨੂੰ ਆਨਲਾਈਨ ਖ਼ਬਰਾਂ ਸਕੈਨ ਕਰਨ ਦੀ ਥਾਂ ਅਖ਼ਬਾਰਾਂ ਦੇ ਪ੍ਰਿੰਟ ਐਡੀਸ਼ਨਾਂ ਤੋਂ ਅਧੇੜ ਤੇ ਬਜ਼ੁਰਗ ਖਪਤਕਾਰਾਂ ਵਾਂਗ ਸਮੇਂ ਦੇ ਨਿਵੇਸ਼ ਨਾਲ ਤਜਰਬਾ ਮਿਲਦਾ ਹੈ। ਅਧਿਐਨ ਮੁਤਾਬਕ 18 ਤੋਂ 34 ਸਾਲ ਦੇ ਪਾਠਕ ਅਖ਼ਬਾਰ ਪੜ੍ਹਨ ਲਈ ਔਸਤ 23 ਮਿੰਟ ਲਾਉਂਦੇ ਹਨ। ਸ਼ਨਿੱਚਰਵਾਰ ਤੇ ਐਤਵਾਰ ਨੂੰ ਇਹ ਸਮਾਂ ਹੋਰ ਵੱਧ ਜਾਂਦਾ ਹੈ। ਇਨ੍ਹਾਂ ਅਖ਼ਬਾਰਾਂ ਨੂੰ ਜਦੋਂ ਵੈੱਬਸਾਈਟਾਂ ਤੇ ਐਪਜ਼ ‘ਤੇ ਆਨਲਾਈਨ ਪੜ੍ਹਿਆ ਜਾਂਦਾ ਹੈ ਤਾਂ ਇਹੀ ਪਾਠਕ ਔਸਤ ਇਕ ਦਿਨ ‘ਚ 43 ਸਕਿੰਟ ਦਾ ਸਮਾਂ ਲੈਂਦੇ ਹਨ।