ਵਿਦਿਅਕ ਸੰਸਥਾਂਵਾਂ ਅਤੇ ਧਰਮ ਸਥਾਨਾਂ ਵਿੱਚ ਪੰਜਾਬੀ ਦੀ ਪੜ੍ਹਾਈ ਵਾਸਤੇ ਢੁਕਵੇਂ ਪ੍ਰਬੰਧ ਕਰਨ ਉੱਤੇ ਜ਼ੋਰ

ਵਿਦਿਅਕ ਸੰਸਥਾਂਵਾਂ ਅਤੇ ਧਰਮ ਸਥਾਨਾਂ ਵਿੱਚ ਪੰਜਾਬੀ ਦੀ ਪੜ੍ਹਾਈ ਵਾਸਤੇ ਢੁਕਵੇਂ ਪ੍ਰਬੰਧ ਕਰਨ ਉੱਤੇ ਜ਼ੋਰ
ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਕਰਵਾਏ ਸਮਾਗਮ ਵਿੱਚ ਅਹਿਮ ਵਿਚਾਰ ਵਟਾਂਦਰਾ

ਸਿਆਟਲ/ਬਿਊਰੋ ਨਿਊਜ਼:
ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਉੱਦਮ ਕਰਦਿਆਂ ”ਪੰਜਾਬੀ ਮਾਂ ਬੋਲੀ ਤੇ ਵਿਰਸੇ ਨੂੰ ਕਿਵੇਂ ਸੰਭਾਲੀਏ” ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਬਹੁਤ ਸਾਰੇ ਲੇਖਕ, ਵਿਦਵਾਨ, ਚਿੰਤਕ ਅਤੇ ਸਰੋਤਿਆਂ ਨੇ ਭਾਗ ਲਿਆ। ਵਿਦਵਾਨ ਬੁਲਾਰਿਆਂ ਦਾ ਵਿਚਾਰ ਸੀ ਕਿ ਮਾਂ ਬੋਲੀ ਦੀ ਨਿੱਘਰਦੀ ਹਾਲਤ ਦੀ ਚਿੰਤਾ ਤਾਂ ਬਹੁਤਿਆਂ ਨੂੰ ਹੈ, ਦੇਸ਼ ਵਿਦੇਸ਼ ਵਿਚ ਸਾਹਿਤ ਸਭਾਵਾਂ ਵਲੋਂ ਅਤੇ ਵਿਅਕਤੀਗਤ ਤੌਰ ਤੇ ਵੀ ਉਪਰਾਲੇ ਹੋ ਰਹੇ ਪਰ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਜਾਪਦੀ। ਚੜ੍ਹਦੇ ਤੇ ਲਹਿੰਦੇ ਪੰਜਾਬ ਅੰਦਰ ਬੌਧਿਕ, ਆਰਥਿਕ, ਸਮਾਜਿਕ ਹਮਲਿਆਂ ਨੇ ਜਿੱਥੇ ਦੇਸ਼ ਪੰਜਾਬ ਨੂੰ ਅੱਧ ਵਿਚਕਾਰੋਂ ਵੰਡਿਆ ਹੁਣ ਇਸ ਦੀ ਬੋਲੀ ਅਤੇ ਵਿਰਸਾ ਨਿਸ਼ਾਨੇ ਤੇ ਹੈ। ਵਿਦਵਾਨਾਂ ਦੇ ਆਸ਼ਾਵਾਦੀ ਅਤੇ ਨਿਰਾਸ਼ਾਵਾਦੀ ਵਿਚਾਰਾਂ ਵਿਚੋਂ ਇਹ ਗਲ ਉੱਭਰ ਕੇ ਸਾਹਮਣੇ ਆਉਂਦੀ ਸੈ ਕਿ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲਣੀ ਜ਼ਰੂਰੀ ਕਰਨ ਦੇ ਨਾਲ ਨਾਲ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ, ਗੁਰਦੁਆਰੇ, ਮੰਦਰ, ਮਸੀਤਾਂ ਅਤੇ ਚਰਚਾਂ ਵਿਚ ਪੰਜਾਬੀ ਦੀਆਂ ਕਲਾਸਾਂ ਲਾਜ਼ਮੀ ਕਰਨੀਆਂ ਚਾਹੀਦੀਆਂ ਹਨ।
ਐਤਵਾਰ 9 ਸਤੰਬਰ ਨੂੰ ਮਹਾਰਾਜਾ ਰੈਸਟੋਰੈਂਟ ਵਿਖੇ ਹੋਈ ਇਸ ਸਾਹਿਤਕ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਵਿਚ ਭਾਗ ਲੈਣ ਵਾਲੇ ਲੇਖਕਾਂ ਅਤੇ ਵਿਦਵਾਨਾਂ ਵਿਚ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ ਦੇ ਪ੍ਰਧਾਨ ਦਲਬੀਰ (ਦਿਲ) ਸਿੰਘ ਨਿੱਝਰ, ਸਕੱਤਰ ਇੰਦਰਜੀਤ ਸਿੰਘ ਗਰੇਵਾਲ,  ਬੈਲਿੰਘਮ ਤੋਂ ਡਾ. ਸੁਖਵੀਰ ਸਿੰਘ ਬੀਲ੍ਹਾ, ਜਿਨ੍ਹਾਂ ਨੇ ਪਰਚਾ ਵੀ ਪੜ੍ਹਿਆ, ਜਸਕਰਨ ਕੌਰ ਬਰਾੜ, ਇੰਡੀਆ ਤੋਂ ਪ੍ਰਫੈਸਰ ਸਵਿੰਦਰ ਸਿੰਘ ਛੀਨਾ, ਸਿਆਟਲ ਸਭਾ ਦੇ ਗਜ਼ਲਗੋ ਹਰਭਜਨ ਸਿੰਘ ਬੈਂਸ, ਵਾਸਦੇਵ ਸਿੰਘ ਪਰਹਾਰ, ਅਵਤਾਰ ਸਿੰਘ ਆਦਮਪੁਰੀ, ਸਵਰਾਜ ਕੌਰ, ਸ਼ਿੰਦਰਪਾਲ ਸਿੰਘ ਔਜਲਾ, ਬਲਿਹਾਰ ਲਹਿਲ, ਹਰਦਿਆਲ ਸਿੰਘ ਚੀਮਾਂ ਬਹਿਣੀਵਾਲੀਆ, ਮਨਜੀਤ ਕੌਰ ਗਿੱਲ, ਪ੍ਰੇਮ ਕੁਮਾਰ, ਸ਼ੰਗਾਰ ਸਿੰਘ ਸਿੱਧੂ, ਜੇ. ਬੀ. ਸਿੰਘ ਡਾ:, ਮਹਿੰਦਰ ਚੀਮਾ, ਜੰਗਪਾਲ ਸਿੰਘ, ਹਰਪਾਲ ਸਿੱਧੂ, ਭਾਈ ਹਰਜੋਤ ਸਿੰਘ ਤੇ ਭਗੀਰਥ ਸਿੰਘ ਦੀ ਕਵੀਸ਼ਰ ਜੋੜੀ, ਕਰਨੈਲ ਕੈਲ, ਈਸ਼ਰ ਸਿੰਘ ਗਰਚਾ, ਜਸਬੀਰ ਸਹੋਤਾ ਅਤੇ ਬਹਾਦਰ ਸਿੰਘ, ਰਣਜੀਤ ਕੌਰ ਪੰਨੂ, ਜਸਬੀਰ ਕੌਰ ਸਿੱਧੂ, ਸੁਧੀਰ ਚੰਦਰ ਰਲ੍ਹਨ, ਅਤੇ ਪ੍ਰੋਫੈਸਰ ਤਿਰਵਾੜੀ ਸ਼ਾਮਲ ਸਨ ।
ਮੁੱਖ ਮਹਿਮਾਨਾਂ ਦੀਆਂ ਕੁਰਸੀਆਂ ਉੱਤੇ ਦਲਬੀਰ ਸਿੰਘ ਨਿੱਝਰ, ਸੁਖਵੀਰ ਸਿੰਘ ਬੀਲ੍ਹਾ, ਸਵਿੰਦਰ ਸਿੰਘ ਛੀਨਾ, ਹਰਭਜਨ ਸਿੰਘ ਬੈਂਸ ਅਤੇ ਪ੍ਰੇਮ ਕੁਮਾਰ ਸ਼ੁਸ਼ੋਬਿਤ ਸਨ।
ਸਭਾ ਵਲੋਂ ਦਲਬੀਰ ਸਿੰਘ ਨਿੱਝਰ,ਇੰਦਰਜੀਤ ਸਿੰਘ ਗਰੇਵਾਲ, ਸੁਖਵੀਰ ਸਿੰਘ ਬੀਲ੍ਹਾ, ਸਵਿੰਦਰ ਸਿੰਘ ਛੀਨਾ ਅਤੇ ਜਸਕਰਨ ਕੌਰ ਬਰਾੜ ਨੂੰ ਸਨਮਾਨਿਤ ਵੀ ਕੀਤਾ ਗਿਆ।
ਮਹਾਰਾਜਾ ਰੈਸਟੋਰੈਂਟ ਦੇ ਮਾਲਕ ਸੈਮ ਵਿਰਕ ਨੇ ਹਾਲ ਅਤੇ ਚਾਹ ਪਾਣੀ ਦੀ ਫਰੀ ਸੇਵਾ ਕੀਤੀ ਅਤੇ ਕਿਹਾ ਕਿ ਪੰਜਾਬੀ ਲਿਖਾਰੀ ਸਭਾ ਸਿਆਟਲ ਵਾਸਤੇ 10120 SE 260rh street, Kent WA  ਤੇ ਸਥਿਤ ਇਹ ਹਾਲ ਹਮੇਸ਼ਾ ਖੁੱਲਾ ਰਹੇਗਾ। ਟੀ ਵੀ ਏਸ਼ੀਆ ਵਲੋਂ ਇਸ ਪ੍ਰੋਗਰਾਮ ਦੀ ਕਵਰੇਜ਼ ਕੀਤੀ ਗਈ।
ਸਭਾ ਦੇ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ ਵਲੋਂ ਪਹੁੰਚੇ ਲੇਖਕਾਂ, ਵਿਦਵਾਨਾਂ, ਸਰੋਤਿਆਂ, ਸੈਮ ਵਿਰਕ ਮਹਾਰਾਜਾ ਰੈਸਟੋਰੈਂਟ ਦੇ ਮਾਲਕ, ਟੀ ਵੀ ਏਸ਼ੀਆ, ਰੇਡੀਓ ਪੰਜਾਬ ਸੱਭ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਅਤੇ ਰੌਸ਼ਨ ਭਵਿੱਖ ਲਈ ਦੁਆ ਕੀਤੀ ਗਈ। ਸਟੇਜ ਦੀ ਸੇਵਾ ਸਕੱਤਰ ਹਰਪਾਲ ਸਿੱਧੂ ਨੇ ਨਿਭਾਈ।