ਚੋਣਾਂ ਦੌਰਾਨ ਰੂਸ ਦੀ ਸ਼ਮੂਲੀਅਤ ਮਾਮਲੇ ‘ਚ ਟਰੰਪ ਖ਼ਿਲਾਫ਼ ਮਹਾਂਦੋਸ਼ ਲਈ ਪਹਿਲਾ ਮਤਾ ਪੇਸ਼

ਚੋਣਾਂ ਦੌਰਾਨ ਰੂਸ ਦੀ ਸ਼ਮੂਲੀਅਤ ਮਾਮਲੇ ‘ਚ ਟਰੰਪ ਖ਼ਿਲਾਫ਼ ਮਹਾਂਦੋਸ਼ ਲਈ ਪਹਿਲਾ ਮਤਾ ਪੇਸ਼
ਕੈਪਸ਼ਨ-ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਪੈਰਿਸ ਦੇ ਓਰਲੀ ਹਵਾਈ ਅੱਡੇ ‘ਤੇ ਪਹੁੰਚਦੇ ਹੋਏ।

ਵਾਸ਼ਿੰਗਟਨ/ਬਿਊਰੋ ਨਿਊਜ਼ :
ਡੈਮੋਕਰੈਟਿਕ ਪਾਰਟੀ ਦੇ ਇਕ ਸੰਸਦ ਮੈਂਬਰ ਨੇ ਪਿਛਲੇ ਸਾਲ ਅਮਰੀਕੀ ਚੋਣਾਂ ਦੌਰਾਨ ਰੂਸ ਦੀ ਕਥਿਤ ਭੂਮਿਕਾ ਦੀ ਚੱਲ ਰਹੀ ਜਾਂਚ ਵਿੱਚ ਅੜਿੱਕੇ ਡਾਹੁਣ ਦਾ ਦੋਸ਼ ਲਾਉਂਦਿਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਂਦੋਸ਼ ਲਈ ਪਹਿਲਾ ਮਤਾ ਪੇਸ਼ ਕੀਤਾ ਹੈ। ਕੈਲੀਫੋਰਨੀਆ ਤੋਂ ਸੰਸਦ ਮੈਂਬਰ ਬਰੈਡ ਸ਼ਰਮਨ ਵੱਲੋਂ ਪੇਸ਼ ਇਸ ਮਤੇ ਵਿਚ ਟਰੰਪ ‘ਤੇ ਵੱਡੇ ਅਪਰਾਧ ਤੇ ਬਦਤਮੀਜ਼ ਹੋਣ ਦਾ ਦੋਸ਼ ਲਾਇਆ ਗਿਆ ਹੈ। ਸ਼ਰਮਨ ਵੱਲੋਂ ਪੇਸ਼ ਇਸ ਮਤੇ ‘ਤੇ ਸਹੀ ਪਾਉਂਦਿਆਂ ਡੈਮੋਕਰੈਟ ਅਲ ਗਰੀਨ ਨੇ ਇਸ ਦੀ ਤਾਈਦ ਕੀਤੀ ਹੈ। ਉਂਜ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਕਾਨੂੰਨਘਾੜੇ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਲਈ ਮਤਾ ਪੇਸ਼ ਕੀਤਾ ਹੈ। ਹਾਲਾਂਕਿ ਰਿਪਬਲਿਕਨਾਂ ਦੇ ਕੰਟਰੋਲ ਵਾਲੀ ਕਾਂਗਰਸ ਵੱਲੋਂ ਡੈਮੋਕਰੈਟਾਂ ਦੀ ਇਸ ਪੇਸ਼ਕਦਮੀ ਨੂੰ ਰੋਕ ਲਏ ਜਾਣ ਦੇ ਪੂਰੇ ਆਸਾਰ ਹਨ। ਯਾਦ ਰਹੇ ਕਿ ਡੋਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ।
ਡੈਮੋਕਰੈਟਾਂ ਵੱਲੋਂ ਪੇਸ਼ ਮਤੇ ਨੂੰ ਅੱਗੇ ਤੋਰਨ ਲਈ ਹੁਣ ਇਸ ਨੂੰ ਪ੍ਰਤੀਨਿਧ ਸਭਾ ਵਿੱਚ ਬਹੁਮਤ ਨਾਲ ਪਾਸ ਕਰਾਉਣਾ ਹੋਵੇਗਾ। ਮੌਜੂਦਾ ਪ੍ਰਤੀਨਿਧ ਸਭਾ ਵਿੱਚ ਟਰੰਪ ਦੀ ਰਿਪਬਲਿਕਨ ਪਾਰਟੀ 46 ਵੋਟਾਂ ਦੀ ਬੜਤ ਨਾਲ ਬਿਹਤਰ ਸਥਿਤੀ ਵਿੱਚ ਹੈ ਤੇ ਪਾਰਟੀ ਨਾਲ ਸਬੰਧਤ ਕਾਨੂੰਨਸਾਜ਼ਾਂ ਵੱਲੋਂ ਮਹਾਦੋਸ਼ ਦੇ ਹੱਕ ਵਿੱਚ ਵੋਟ ਪਾਉਣ ਦੇ ਆਸਾਰ ਮੱਧਮ ਹਨ।
ਉਧਰ ਵ੍ਹਾਈਟ ਹਾਊਸ ਦੀ ਬੁਲਾਰਾ ਸਾਰ੍ਹਾ ਹਕਾਬੀ ਨੇ ਸ਼ਰਮਨ ਦੇ ਇਸ ਕਦਮ ਨੂੰ ਖਾਰਜ ਕਰ ਦਿੱਤਾ ਹੈ। ਵਾਈਟ ਹਾਊਸ ਦੀ ਬੁਲਾਰਾ ਸਾਰ੍ਹਾ ਹਕਾਬੀ ਸੈਂਡਰਸ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਬੇਤੁਕਾ ਤੇ ਹੁਣ ਤਕ ਦੀ ਸਭ ਤੋਂ ਖ਼ਰਾਬ ਸਿਆਸਤ ਹੈ।’ ਇਸ ਦੌਰਾਨ ਸ਼ਰਮਨ ਨੇ ਟਰੰਪ ਖ਼ਿਲਾਫ਼ ਮਹਾਦੋਸ਼ ਲਈ ਮਤਾ ਪੇਸ਼ ਕਰਨ ਮਗਰੋਂ ਕਿਹਾ, ‘ਡੋਨਲਡ ਟਰੰਪ ਜੂਨੀਅਰ ਦੇ ਹਾਲੀਆ ਖੁਲਾਸੇ ਤੋਂ ਇਹੀ ਇਸ਼ਾਰਾ ਮਿਲਦਾ ਹੈ ਕਿ ਚੋਣਾਂ ਮੌਕੇ ਟਰੰਪ ਵੱਲੋਂ ਸ਼ੁਰੂ ਕੀਤੀ ਮੁਹਿੰਮ ਰੂਸ ਤੋਂ ਮਦਦ ਲੈਣ ਦੀ ਚਾਹਵਾਨ ਸੀ।
ਹੁਣ ਇਹ ਲੱਗ ਰਿਹਾ ਹੈ ਕਿ ਜਦੋਂ ਰਾਸ਼ਟਰਪਤੀ ਨੇ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਿਨ ਦੀ ਜਾਂਚ ਅਤੇ ਵਿਸਥਾਰਤ ਰੂਸੀ ਜਾਂਚ ਵਿੱਚ ਅੜਿੱਕਾ ਡਾਹੁਣ ਦਾ ਯਤਨਾ ਕੀਤਾ ਤਾਂ ਉਹ ਕੁਝ ਲੁਕਾਉਣਾ ਚਾਹੁੰਦੇ ਸਨ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀ ਗੱਲਬਾਤ ਤੇ ਮਗਰੋਂ ਐਫਬੀਆਈ ਜੇਮਸ ਕੌਮੀ ਨੂੰ ਅਹੁਦੇ ਤੋਂ ਹਟਾਉਣਾ ਨਿਆਂ ਦੇ ਰਾਹ ਵਿੱਚ ਅੜਿੱਕਾ ਖੜ੍ਹਾ ਕਰਨ ਦੇ ਬਰਾਬਰ ਸੀ।’