”ਹਿੰਸਾ ਨੂੰ ਉਤਸ਼ਾਹਿਤ ਕਰਨ ਜਾਂ ਉਕਸਾਹਟ ਕਰਨ ਲਈ ਜੋ ਵਿਅਕਤੀ ਕੰਮ ਕਰਦੇ ਹਨ ਉਨ੍ਹਾਂ ਨੂੰ ਰੋਕਣਾ ਹਰੇਕ ਇਨਸਾਨ ਦਾ ਮੁੱਢਲਾ ਫਰਜ”

”ਹਿੰਸਾ ਨੂੰ ਉਤਸ਼ਾਹਿਤ ਕਰਨ ਜਾਂ ਉਕਸਾਹਟ ਕਰਨ ਲਈ ਜੋ ਵਿਅਕਤੀ ਕੰਮ ਕਰਦੇ ਹਨ ਉਨ੍ਹਾਂ ਨੂੰ ਰੋਕਣਾ ਹਰੇਕ ਇਨਸਾਨ  ਦਾ ਮੁੱਢਲਾ ਫਰਜ”

ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਵਲੋਂ ਅਮਰੀਕੀ 
ਸੰਸਦ ‘ਚ ਕਰਵਾਈ ਗੋਸ਼ਟੀ ਦੌਰਾਨ ਅਹਿਮ ਵਿਚਾਰਾਂ
ਯੂ. ਐਨ. ਅੰਡਰ ਸੈਕਟਰੀ ਜਨਰਲ ਸਮੇਤ ਉੱਘੀਆਂ ਸਖ਼ਸ਼ੀਅਤਾਂ ਤੇ ਮਾਹਿਰਾਂ ਨੇ ਲਿਆ ਹਿੱਸਾ
ਵਾਸ਼ਿੰਗਟਨ ਡੀ.ਸੀ./ਹੁਸਨ ਲੜੋਆ ਬੰਗਾ ਤੇ ਬਿਊਰੋ ਨਿਊਜ਼:
ਅਮਰੀਕੀ ਸਿੱਖ ਕਾਂਗਰੇਸ਼ਨਲ ਕਾਕਸ ਵੱਲੋਂ ਇੱਥੇ ਰਾਇਬਰਨ ਹਾਊਸ ਆਫ਼ਿਸ ਬਿਲਡਿੰਗ ਵਿਖੇ ਕਰਵਾਈ ਇੱਕ ਵਿਸ਼ੇਸ਼ ਗੋਸ਼ਟੀ ਦੌਰਾਨ ਬੁਲਾਰਿਆਂ ਵਲੋਂ ਆਪਣੇ ਭਾਸ਼ਣਾਂ ‘ਚ ਵਿਸ਼ਵ ਭਰ ਵਿੱਚ ਧਾਰਮਿਕ ਆਧਾਰਾਂ ‘ਤੇ ਹਿੰਸਾ ਦੀਆਂ ਵਧਦੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਆਪਣੇ ਮੁੱਖ ਭਾਸ਼ਣ ‘ਚ ਨਸਲਕੁਸ਼ੀ ਰੋਕਥਾਮ ਬਾਰੇ ਸੰਯੁਕਤ ਰਾਸ਼ਟਰ ਸੰਘ (ਯੂ. ਐੱਨ. ਓ.) ਦੇ ਅੰਡਰ ਸੈਕਟਰੀ ਜਨਰਲ ਤੇ ਵਿਸ਼ੇਸ਼ ਸਲਾਹਕਾਰ ਸ੍ਰੀ ਆਡਾਮਾ ਡਾਇੰਗ ਨੇ ਵਿਸ਼ਵ ਭਰ ‘ਚ ਵੱਧਦੀਆਂ ਧਰਮ ਸਬੰਧੀ ਹਿੰਸਕ ਘਟਨਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਸ੍ਰੀ ਡਾਇੰਗ ਨੇ ਕਿਹਾ ਕਿ ਹਿੰਸਾ ਨੂੰ ਉਕਸਾਉਣ ਦੀ ਰੋਕਥਾਮ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ‘ਚ ਪਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਧਾਰਮਿਕ ਆਧਾਰਾਂ ਅਤੇ ਅਧਿਆਤਮਿਕ ਗਾਇਡਾਂ ਨੂੰ ਇਸ ਆਧਾਰ ‘ਤੇ ਹਿੰਸਾ ਨੂੰ ਕੁਚਲਣ ਲਈ ਮਹੱਤਵਪੂਰਨ ਅਦਾਕਾਰਾਂ ਵਜੋਂ ਵਰਤਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਆਗੂਆਂ ‘ਚ ਲੋਕਾਂ ਦੀ ਜ਼ਿੰਦਗੀ ਅਤੇ ਵਿਹਾਰ ਨੂੰ ਪ੍ਰਭਾਵਿਤ ਕਰਨ ਦੀ ਮਜ਼ਬੂਤ ਸਮਰੱਥਾ ਹੁੰਦੀ ਹੈ। ਇਸ ਲਈ ਇਨ੍ਹਾਂ ਆਗੂਆਂ ਤੋਂ ਇਲਾਵਾ ਰਾਜਨੀਤਿਕ ਲੀਡਰਾਂ ਨੂੰ ਵੀ ਅਗਾਂਹ ਆ ਕੇ ਧਾਰਮਿਕ ਹਿੰਸਾ ਨੂੰ ਰੋਕਣ ਲਈ ਆਪਣਾ ਯੋਗਾਦਨ ਪਾਉਣਾ ਚਾਹੀਦਾ ਹੈ। ਇਸ ਗੋਸ਼ਟੀ ਦੌਰਾਨ ਇਸ ਮੁੱਦੇ ਦੇ ਸਕਾਰਾਤਮਕ ਅਤੇ ਨਕਾਰਾਤਮਕ ਪਹਿਲੂਆਂ ‘ਤੇ ਵੀ ਚਾਨਣਾ ਪਾਇਆ ਗਿਆ।
ਸ੍ਰੀ ਡਾਇੰਗ ਨੇ ਕਿਹਾ ਕਿ ਅਸੀਂ ਜਨਤਾ ਦੇ ਹੱਕ-ਹਕੂਕਾਂ ਦੀ ਰੱਖਿਆ ਲਈ ਸਮੂਹਿਕ ਕਾਰਵਾਈ ਪ੍ਰਤੀ ਵਿਸ਼ਵ ਪੱਧਰ ‘ਤੇ ਵਚਨਬੱਧ ਹਾਂ ਅਤੇ ਕੌਮੀ ਹਿੱਤਾਂ ਨੂੰ ਨੈਤਿਕ, ਕਾਨੂੰਨੀ ਅਤੇ ਰਾਜਨੀਤਿਕ ਪ੍ਰਤੀਬੱਧਤਾਵਾਂ ਤੋਂ ਉੱਪਰ ਰੱਖਣ ਦੇ ਹੱਕ ‘ਚ ਆਪਣੀ ਅਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਵੀ ਆਪਣੇ ਜਨਤਕ ਭਾਸ਼ਣਾਂ ਅਤੇ ਮੀਡੀਆ ਰਾਹੀਂ ਇਸ ਮੁੱਦੇ ‘ਤੇ ਹਮੇਸ਼ਾਂ ਅਗਵਾਈ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਖ਼ਾਸ ਵਰਗ ਦੇ ਵਿਅਕਤੀਆਂ ਅਤੇ ਭਾਈਚਾਰਿਆਂ ਪ੍ਰਤੀ ਨਫ਼ਰਤ ਅਤੇ ਦੁਸ਼ਮਣੀ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਹਿੰਸਾ ਨੂੰ ਉਤਸ਼ਾਹਿਤ ਕਰਨ ਜਾਂ ਉਕਸਾਹਟ ਕਰਨ ਲਈ ਜੋ ਵਿਅਕਤੀ ਕੰਮ ਕਰਦੇ ਹਨ ਉਨ੍ਹਾਂ ਨੂੰ ਰੋਕਣਾ ਹਰੇਕ ਇਨਸਾਨ ਦਾ ਮੁੱਢਲਾ ਫ਼ਰਜ਼ ਹੈ।
ਇਸ ਮੌਕੇ ਇੰਸਟੀਚਿਊਟ ਫ਼ਾਰ ਲੀਡਰਸ਼ਿਪ ਐਂਡ ਕਮਿਊਨਿਟੀ ਡਿਵੈੱਲਪਮੈਂਟ ਲੰਡਨ ਦੇ ਡਾਇਰੈਕਟਰ ਡਾ. ਇਕਤਦਾਰ ਕਰਾਮਤ ਚੀਮਾ ਨੇ ਕਿਹਾ ਕਿ ਆਮ ਤੌਰ ‘ਤੇ ਧਾਰਮਿਕ ਅੱਤਿਆਚਾਰ ਤੇ ਜੁਰਮ ਹਿੰਸਕ ਹੁੰਦੇ ਹਨ ਕਿਉਂਕਿ ਇਨ੍ਹਾਂ ਦੀ ਉਪਜ ਪਹਿਲਾਂ ਨਫ਼ਰਤ ਵਾਲੇ ਭਾਸ਼ਣ ਦੇ ਰੂਪ ‘ਚ ਹੁੰਦੀ ਹੈ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਪਾਕਿਸਤਾਨ, ਭਾਰਤ ਤੇ ਮਿਆਂਮਾਰ ‘ਚ ਧਾਰਮਿਕ ਤੇ ਰਾਜਨੀਤਿਕ ਨੇਤਾਵਾਂ ਵੱਲੋਂ ਭੜਕਾਊ ਭਾਸ਼ਣਾਂ ਨਾ ਹੋ ਰਹੀ ਹਿੰਸਕ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ‘ਚ ਹਿੰਦ ਭਾਈਚਾਰੇ ਨੂੰ ਕਈ ਵਾਰ ਸਰਕਾਰ ਵੱਲੋਂ ਹਿੰਸਾ ਦਾ ਸ਼ਿਕਾਰ ਬਣਨਾ ਪਿਆ ਹੈ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਆਪਸੀ ਭਾਈਚਾਰਕ ਸਾਂਝ ਨੂੰ ਨਿਸ਼ਾਨਾ ਬਣਾਉਂਦੀਆਂ ਹਨ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਧਾਰਮਿਕ ਲੀਡਰਾਂ ਅਤੇ ਨੇਤਾਵਾਂ ਨੂੰ ਹਰ ਕਿਸਮ ਦੇ ਵਿਤਕਰੇ ਵਿਰੁੱਧ ਲੜਨ ‘ਚ ਸਹਾਇਤਾ ਕਰਨੀ ਚਾਹੀਦੀ ਹੈ, ਜਿਵੇਂ ਕਿ ਕਲਾਸ, ਕਾਸਟ, ਜਾਤ, ਜਾਤੀ ਜਾਂ ਧਰਮ ਦੇ ਆਧਾਰ ‘ਤੇ ਭੇਦਭਾਵ, ਜਿਵੇਂ ਕਿ ਦੁਸ਼ਮਣੀਵਾਦ, ਇਸਲਾਮਫੋਬੀਆ ਅਤੇ ਐਕਸੈਨੋਫੋਬੀਆ ਵਜੋਂ ਸਾਹਮਣੇ ਆਉਂਦੇ ਹਨ।
ਉਨ੍ਹਾਂ ਨੇ ਖ਼ਾਸ ਤੌਰ ‘ਤੇ ਕਿਹਾ ਕਿ ਪਾਕਿਸਤਾਨ ‘ਚ ਹਿੰਦੂ ਭਾਈਚਾਰੇ ਨੂੰ ਕਦੇ ਵੀ ਸਰਕਾਰ ਦੁਆਰਾ ਸਵੀਕਾਰ ਜਾਂ ਭਰੋਸੇਯੋਗ ਨਹੀਂ ਮੰਨ੍ਹਿਆ ਗਿਆ ਅਤੇ ਇਹ ਭਾਈਚਾਰਾ ਹਮੇਸ਼ਾਂ ਹੀ ਹਿੰਸਾ ਦਾ ਸ਼ਿਕਾਰ ਬਣਿਆ ਰਹਿੰਦਾ ਹੈ। ਇੱਥੋਂ ਤੱਕ ਕਿ  ਦੇਸ਼ ਦੇ ਕੁਝ ਪਬਲਿਕ ਸਕੂਲਾਂ ‘ਚ ਪੜ੍ਹਾਈ ਦੇ ਪਾਠਕ੍ਰਮ ‘ਚ ਵੀ ਇੰਨ੍ਹਾਂ ਖਿਲਾਫ਼ ਨਫ਼ਰਤ ਸਪੱਸ਼ਟ ਨਜ਼ਰ ਆ ਰਹੀ  ਹੈ।
ਭਾਰਤ ਦੇ ਬਾਰੇ ‘ਚ ਜ਼ਿਕਰ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ‘ਚ ਰਹਿ ਰਹੀਆਂ ਘੱਟ ਗਿਣਤੀ ਕੌਮਾਂ ‘ਤੇ ਤਲਵਾਰ ਲਟਕ ਰਹੀ ਹੈ। ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਜਾਂ ‘ਘਰ ਵਾਪਸੀ’ ਦੇ ਨਾਂ ‘ਤੇ ਜਬਰਨ ਘੱਟ ਗਿਣਤੀ ਸਮੁਦਾਇ ਦੇ ਲੋਕਾਂ ਨੂੰ ਹਿੰਦੂ ਧਰਮ ਅਪਨਾਉਣ ‘ਤੇ ਜਬਰਦਸਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਾਊ ਮਾਸ ਦੇ ਨਾਂ ‘ਤੇ ਵੀ ਹਿੰਸਕ ਘਟਨਾਵਾਂ ਨੇ ਜ਼ੋਰ ਫ਼ੜਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਕਈ ਭਾਜਪਾ ਨੇਤਾਵਾਂ ਨੇ ਆਪਣੇ ਭੜਕਾਊ ਭਾਸ਼ਣਾਂ ‘ਤੇ ਘੱਟ ਗਿਣਤੀ ਸਮੁਦਾਇ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਹਿੰਦੂ ਧਰਮ ਅਨੁਸਾਰ ਨਹੀਂ ਚਲਣਗੇ ਤਾਂ ਉਨ੍ਹਾਂ ਨੂੰ ਭਾਰਤ ਛੱਡਣਾ ਪਵੇਗਾ।
ਸੰਯੁਕਤ ਰਾਜ ਦੇ ਹੋਲੋਕਸਟ ਮੈਮੋਰੀਅਲ ਮਿਊਜ਼ੀਅਮ ‘ਚ ਨਸਲਕੁਸ਼ੀ ਰੋਕਥਾਮ ਲਈ ਸੈਂਟਰ ਦੀ ਡਿਪਟੀ ਡਾਇਰੈਕਟਰ ਨਾਓਮੀ ਕਿੱਕੋਲਰ ਨੇ ਆਪਣੇ ਭਾਸ਼ਣ ‘ਚ ਸੁਝਾਅ ਦਿੱਤਾ ਕਿ ਨਸਲਕੁਸ਼ੀ ਅਤੇ ਮਨੁੱਖਤਾ ਵਰਗੇ ਅਪਰਾਧਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਪਰਾਧਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਮੁੱਢਲੇ ਚੇਤਾਵਨੀ ਦੇ ਸੰਕੇਤ, ਸਪੱਸ਼ਟ ਮਹੀਨ੍ਹਿਆਂ ਅਤੇ ਕਈ ਸਾਲ ਪਹਿਲਾਂ ਹੀ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਇਸ ਮੌਕੇ ਇਨ੍ਹਾਂ ਦੀ ਰੋਕਥਾਮ ਅਤਿਅੰਤ ਜਰੂਰੀ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਹਿੰਸਾ ਦੌਰਾਨ ਅਕਸਰ ਬਹੁਤ ਸਾਰੇ ਲੋਕਾਂ ਨੂੰ ਜ਼ੁਲਮ ਦਾ ਸ਼ਿਕਾਰ ਹੋਣਾ ਪੈਦਾ ਹੈ। ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਸਬੰਧੀ ਅਫ਼ਰੀਕਾ ਅਤੇ ਏਸ਼ੀਆ ਦੀਆਂ ਘਟਨਾਵਾਂ ‘ਤੇ ਵੀ ਚਾਨਣਾ ਪਾਇਆ।
ਪ੍ਰੋਗਰਾਮ ਉਪਰੰਤ ਸ਼ਾਮ ਵੇਲੇ ਅਮਰੀਕਨ ਕਾਂਗਰੇਸ਼ਨਲ ਕਾਕਸ ਵੱਲੋਂ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ‘ਚ ਕਈ ਅਮਰੀਕਨ ਕਾਂਗਰਸਮੈਨ, ਉਘੇ ਸਿਆਸਤਦਾਨ, ਦੂਰੋਂ-ਨੇੜਿਓਂ ਫਰੈਂਡਸ ਆਫ਼ ਕਾਕਸ ਦੇ ਮੈਂਬਰ ਸਾਹਿਬਾਨ ਨੇ ਹਿੱਸਾ ਲਿਆ। ਇਸ ਮੌਕੇ ਉਘੇ ਸਮਾਜ ਸੇਵਕ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸ: ਐਸ. ਪੀ. ਸਿੰਘ ਓਬਰਾਏ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦਾ ਵੇਰਵਾ ਹਾਜ਼ਰੀਨ ਨੂੰ ਦੱਸਿਆ ਗਿਆ। ਇਸ ਮੌਕੇ ਕਾਂਗਰਸਮੈਨ ਪੈਟਰਿਕ ਮੀਹਾਨ, ਜਿੰਮ ਕੋਸਟਾ, ਜੈਰੀ ਮੈਕਨੇਰੀ, ਜੂਡੀ-ਚੂ ਅਤੇ ਹੋਰ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਹਾਜ਼ਰੀ ਭਰੀ।