ਨਿਊਯਾਰਕ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

ਨਿਊਯਾਰਕ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ

ਨਿਊਯਾਰਕ/ਬਿਊਰੋ ਨਿਊਜ਼ :
ਟਰਾਈਸਟੇਟ ਦੀਆਂ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਊਯਾਰਕ ਦੀ ਸਿਰਮੌਰ ਸੰਸਥਾ ਸਿੱਖ ਕਲਚਰਲ ਸੁਸਾਇਟੀ ਗੁਰੂ ਘਰ ਰਿਚਮੰਡ ਹਿਲ ਵੱਲੋਂ ਨਿਊਯਾਰਕ ਦੇ ਸ਼ਹਿਰ ਮੈਨਹਾਟਨ ਵਿਚ ਖਾਲਸਾ ਸਾਜਨਾ ਦਿਵਸ ਅਤੇ ਸਿੱਖੀ ਦੀ ਪਹਿਚਾਣ ਨੂੰ ਸਮਰਪਿਤ ਨਗਰ ਕੀਰਤਨ (ਸਿੱਖ ਡੇਅ ਪਰੇਡ) ਸਜਾਇਆ ਗਿਆ। ਇਸ ਪਰੇਡ ਵਿਚ ਅਮਰੀਕਾ ਵਿਚ ਕੈਲੀਫੋਰਨੀਆ ਅਤੇ ਕੈਨੇਡਾ ਦੇ ਸਿੱਖਾਂ ਵੱਲੋਂ ਸ਼ਿਰਕਤ ਕੀਤੀ ਗਈ। ਨਿਊਯਾਰਕ ਦੀ ਪ੍ਰਬੰਧਕੀ ਢਾਂਚੇ ਵਿਚ ਅਸੰਬਲੀ ਮੈਂਬਰਾਂ ਅਤੇ ਲਿਮੋਜ਼ੀਨ ਟੈਕਸੀ ਦੇ ਨਿਰਦੇਸ਼ਕ ਤੋਂ ਇਲਾਵਾ ਨਿਊਯਾਰਕ ਦੇ ਮੇਅਰ ਬਿਲ-ਡੇ-ਬਲਾਸੀਓ ਨੇ ਵੀ ਹਾਜ਼ਰੀ ਲਗਵਾਈ। ਪਰੇਡ ਦੁਪਹਿਰ ਨੂੰ ਮੈਨਹਾਟਨ ਵਿਚ ਮੈਡੀਸਨ ਐਵੇਨਿਊ ਦੀ 38 ਸਟਰੀਟ ਤੋਂ ਸ਼ੁਰੂ ਹੋ ਕੇ ਤਕਰੀਬਨ 3.30 ਵਜੇ ਸ਼ਾਮ 25 ਸਟਰੀਟ ‘ਤੇ ਖਤਮ ਹੋਈ। ਪਰੇਡ ਵਿਚ ਸ਼ਾਮਲ ਹੋਣ ਵਾਲੇ ਮਰਦਾਂ ਨੇ ਕੇਸਰੀ ਦਸਤਾਰਾਂ ਅਤੇ ਔਰਤਾਂ ਨੇ ਕੇਸਰੀ ਰੰਗ ਦੇ ਦੁਪੱਟੇ ਲਏ ਹੋਏ ਸਨ। ਇੰਝ ਲਗਦਾ ਸੀ ਕਿ ਜਿਵੇਂ ਸਾਰਾ ਮੈਨਹਾਟਨ ਸ਼ਹਿਰ ਕੇਸਰੀ ਰੰਗ ਵਿਚ ਰੰਗਿਆ ਗਿਆ ਹੋਵੇ। ਪਰੇਡ ਦੀ ਗਿਣਤੀ 50-60 ਹਜ਼ਾਰ ਦੇ ਕਰੀਬ ਸੀ। ਮੈਡੀਸਨ ਪਾਰਕ ਵਿਚ ਲੰਗਰ ਦਾ ਪ੍ਰਬੰਧ ਸੀ। ਲੰਗਰ ਛਕਣ ਉਪਰੰਤ ਲੋਕ ਮੈਡੀਸਨ ਐਵੇਨਿਊ ‘ਤੇ ਲੱਗੇ ਪੰਡਾਲ ਵਿਚ ਬੈਠ ਗਏ। ਉਥੇ ਪ੍ਰਬੰਧਕਾਂ ਨੇ ਆਈਆਂ ਸੰਗਤਾਂ ਅਤੇ ਨਿਊਯਾਰਕ ਦੇ ਅਧਿਕਾਰੀਆਂ ਅਤੇ ਰਾਜਨੀਤਕਾਂ ਦਾ ਧੰਨਵਾਦ ਕੀਤਾ। ਰਾਜਨੀਤਕਾਂ ਅਤੇ ਅਧਿਕਾਰੀਆਂ ਨੇ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਨਿਊਯਾਰਕ ਦੇ ਮੇਅਰ ਨੇ ਸਿੱਖਾਂ ਨੂੰ ਵਧਾਈ ਦਿੰਦੇ ਹੋਏ ਸਿੱਖਾਂ ਨੂੰ ਬਹੁਤ ਬਹਾਦਰ ਅਤੇ ਮਿਹਨਤੀ ਕਿਹਾ। ਇਸ ਮੌਕੇ ਡਾ. ਅਮਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।