ਅਮਰੀਕੀ ਕਾਂਗਰਸ ਵਿਚ ਪਾਕਿ ਨੂੰ ਅੱਤਵਾਦ ਦਾ ਸਪਾਂਸਰ ਮੁਲਕ ਐਲਾਨਣ ਸਬੰਧੀ ਬਿੱਲ ਪੇਸ਼

ਅਮਰੀਕੀ ਕਾਂਗਰਸ ਵਿਚ ਪਾਕਿ ਨੂੰ ਅੱਤਵਾਦ ਦਾ ਸਪਾਂਸਰ ਮੁਲਕ ਐਲਾਨਣ ਸਬੰਧੀ ਬਿੱਲ ਪੇਸ਼

ਨਿਊ ਯਾਰਕ/ਬਿਊਰੋ ਨਿਊਜ਼ :
ਅੱਤਵਾਦ ਨੂੰ ਲੈ ਕੇ ਅਮਰੀਕਾ ਨੇ ਪਾਕਿਸਤਾਨ ‘ਤੇ ਆਪਣਾ ਰੁੱਖ ਹੋਰ ਵੀ ਸਖ਼ਤ ਕਰ ਲਿਆ ਹੈ। ਪਾਕਿਸਤਾਨ ਨੂੰ ਅੱਤਵਾਦ ਦੀ ਸਰਪ੍ਰਸਤੀ ਕਰਨ ਵਾਲਾ ਦੇਸ਼ ਦੱਸਣ ਸਬੰਧੀ ਇਕ ਬਿੱਲ ਅਮਰੀਕੀ ਕਾਂਗਰਸ ਵਿਚ ਪੇਸ਼ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਅੱਤਵਾਦ ਬਾਰੇ ਹਾਊਸ ਸਬਕਮੇਟੀ ਦੇ ਪ੍ਰਧਾਨ ਤੇ ਕਾਂਗਰਸ ਮੈਂਬਰ ਟੈੱਡ ਪੋ ਨੇ ‘ਪਾਕਿਸਤਾਨ ਸਟੈਟ ਸਪਾਂਸਰ ਆਫ਼ ਟੈਰਰਇਜ਼ਮ ਐਕਟ ਆਫ਼ 2015’ ਦੇ ਨਾਂਅ ‘ਤੇ ਬਿੱਲ ਪੇਸ਼ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਾਂਗਰਸ ਦੇ ਹਵਾਲੇ ਨਾਲ ਕਿਹਾ ਕਿ ਪਾਕਿਸਤਾਨ ਭਰੋਸਾ ਗਵਾਉਣ ਵਾਲਾ ਦੇਸ਼ ਹੈ, ਇਸਲਾਮਾਬਾਦ ਨੇ ਕਈ ਸਾਲ ਅਮਰੀਕਾ ਦੇ ਦੁਸ਼ਮਣਾਂ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਉਸਾਮਾ-ਬਿਨ-ਲਾਦੇਨ ਨੂੰ ਪਨਾਹ ਦਿੰਦੇ ਹੋਏ ਲੁਕਾ ਕੇ ਰੱਖਿਆ, ਇਸ ਤੋਂ ਇਲਾਵਾ ਸਾਡੇ ਕੋਲ ਇਨ੍ਹੇ ਕੁ ਸਬੂਤ ਕਾਫ਼ੀ ਹਨ ਜਿਨ੍ਹਾਂ ਨਾਲ ਇਹ ਤੈਅ ਕੀਤਾ ਜਾ ਸਕੇ ਕਿ ਅੱਤਵਾਦ ਖਿਲਾਫ ਲੜਾਈ ਵਿਚ ਪਾਕਿਸਤਾਨ ਕਿਸ ਦਾ ਸਾਥ ਦਿੰਦਾ ਹੈ। ਟੈੱਡ ਪੋ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਪਾਕਿਸਤਾਨ ਦੇ ਧੋਖੇ ਕਾਰਨ ਉਸ ਨੂੰ ਆਰਥਿਕ ਮਦਦ ਦੇਣੀ ਬੰਦ ਦਈਏ ਤੇ ਉਸ ਨੂੰ ਅੱਤਵਾਦ ਸਰਪ੍ਰਸਤ ਦੇਸ਼ ਐਲਾਨਿਆ ਜਾਵੇ। ਇਸ ਬਿੱਲ ਵਿਚ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਹੈ ਕਿ ਉਹ ਇਕ ਰਿਪੋਰਟ ਜਾਰੀ ਕਰਨ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਅੱਤਵਾਦ ਨੂੰ ਲੈ ਕੇ ਬੀਤੇ ਤਿੰਨ ਮਹੀਨਿਆਂ ‘ਚ ਪਾਕਿਸਤਾਨ ਦਾ ਕੀ ਰੁੱਖ ਰਿਹਾ ਹੈ।