ਪਹਿਲੀ ਵਾਰ ਭਾਰਤੀ-ਅਮਰੀਕੀ ਔਰਤ ਬਣੀ ਕਿਊਪਰਟੀਨੋ ਸ਼ਹਿਰ ਦੀ ਮੇਅਰ

ਪਹਿਲੀ ਵਾਰ ਭਾਰਤੀ-ਅਮਰੀਕੀ ਔਰਤ ਬਣੀ ਕਿਊਪਰਟੀਨੋ ਸ਼ਹਿਰ ਦੀ ਮੇਅਰ

ਕਿਊਪਰਟੀਨੋ/ਬਿਊਰੋ ਨਿਊਜ਼ :
ਅਮਰੀਕਾ ਵਿਚ ਪਹਿਲੀ ਵਾਰ ਭਾਰਤੀ ਮੂਲ ਦੀ ਇਕ ਅਮਰੀਕੀ ਔਰਤ ਨੂੰ ਕੈਲੀਫੋਰਨੀਆ ਵਿਚ ਕਿਊਪਰਟੀਨੋ ਸ਼ਹਿਰ ਦੀ ਨਵੀਂ ਮੇਅਰ ਚੁਣਿਆ ਗਿਆ ਹੈ। ਕਿਊਪਰਟੀਨੋ ਸ਼ਹਿਰ ਐਪਲ ਦੇ ਦਫਤਰ ਕਾਰਨ ਜਾਣਿਆ ਜਾਂਦਾ ਹੈ। ਸਵਿਤਾ ਵੈਦਨਾਥਨ ਨੇ ਐੱਮ.ਬੀ. ਏ. ਕੀਤੀ ਹੈ ਅਤੇ ਉੁਹ ਇਕ ਹਾਈ ਸਕੂਲ ਵਿਚ ਅਧਿਆਪਕਾ ਅਤੇ ਵਣਜ ਬੈਂਕ ਵਿਚ ਇਕ ਅਧਿਕਾਰੀ ਵਜੋਂ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਗੈਰ-ਲਾਭ ਪ੍ਰਬੰਧਨ ਖੇਤਰ ਵਿਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਪਿਛਲੇ ਹਫਤੇ ਇਕ ਪ੍ਰੋਗਰਾਮ ਵਿਚ ਸਹੁੰ ਚੁੱਕੀ ਸੀ। ਪ੍ਰੋਗਰਾਮ ਵਿਚ ਉਨ੍ਹਾਂ ਦੀ ਮਾਂ ਵੀ ਮੌਜੂਦ ਸੀ ਜੋ ਭਾਰਤ ਤੋਂ ਆਈ ਹੋਈ ਸੀ।
ਵੈਦਨਾਥਨ ਨੇ ਕਿਊਪਰਟੀਨੋ ਵਿਚ ਸੰਬੋਧਨ ਕਰਦਿਆਂ ਕਿਹਾ, ”ਇਹ ਨਿਸ਼ਚਿਤ ਤੌਰ ‘ਤੇ ਮੇਰੇ ਜੀਵਨ ਦਾ ਬਹੁਤ ਮਹੱਤਵਪੂਰਨ ਪਲ ਹੈ।”
ਅਹੁਦਾ ਸੰਭਾਲਣ ਦੇ ਦੋ ਦਿਨਾਂ ਬਾਅਦ ਉਨ੍ਹਾਂ ਨੇ ਸਿੱਖਿਆ ਨੂੰ ਲੈ ਕੇ ਆਪਣੀ ਪਹਿਲੀ ਸੂਚਨਾ ਜਾਰੀ ਕੀਤੀ।  ਕਿਊਪਰਟੀਨੋ ਦੀ ਮੇਅਰ ਦੇ ਰੂਪ ਵਿਚ ਚੁਣੀ ਜਾਣ ਵਾਲੀ ਸਵਿਤਾ ਭਾਰਤੀ ਮੂਲ ਦੀ ਪਹਿਲੀ ਔਰਤ ਹੈ। ਫੋਬਰਸ ਮੁਤਾਬਕ ਕਿਊਪਰਟੀਨੋ ਅਮਰੀਕਾ ਦੇ ਉਨ੍ਹਾਂ ਛੋਟੇ ਸ਼ਹਿਰਾਂ ਵਿਚੋਂ ਇਕ ਹੈ, ਜਿੱਥੇ ਸਿੱਖਿਆ ਦੀ ਦਰ ਉੱਚੀ ਹੈ। ਉਨ੍ਹਾਂ ਦੀ ਪ੍ਰਚਾਰ ਮੁਹਿੰਮ ਦੀ ਵੈੱਬਸਾਈਟ ਮੁਤਾਬਕ, ਸਵਿਤਾ 19 ਸਾਲਾਂ ਤੋਂ ਕਿਊਪਰਟੀਨੋ ਵਿਚ ਰਹਿ ਰਹੀ ਹੈ ਅਤੇ ਉਹ ਸ਼ਹਿਰ ਵਿਚ ਕਈ ਭਾਈਚਾਰਕ ਸਰਗਰਮੀਆਂ ਵਿਚ ਪੂਰੀ ਤਰ੍ਹਾਂ ਸ਼ਾਮਲ ਰਹੀ ਹੈ। ਸਵਿਤਾ ਨੇ ਕਿਹਾ, ”ਮੈਨੂੰ ਅਜਿਹੇ ਕਈ ਵਧਾਈ ਸੰਦੇਸ਼ ਮਿਲੇ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਮੈਂ ਇਸ ਸ਼ਹਿਰ ਦੀ ਮੇਅਰ ਬਣਨ ਵਾਲੀ ਪਹਿਲੀ ਭਾਰਤੀ ਮੂਲ ਦੀ ਅਮਰੀਕੀ ਔਰਤ ਹਾਂ।”