ਜਹਾਜ਼ ਹਾਦਸੇ ਵਿਚ ਭਾਰਤੀ ਡਾਕਟਰ ਇੰਦਰਪਾਲ ਛਾਬੜਾ ਵਾਲ ਵਾਲ ਬਚਿਆ

ਜਹਾਜ਼ ਹਾਦਸੇ ਵਿਚ ਭਾਰਤੀ ਡਾਕਟਰ ਇੰਦਰਪਾਲ ਛਾਬੜਾ ਵਾਲ ਵਾਲ ਬਚਿਆ

ਨਿਊ ਯਾਰਕ/ਬਿਊਰੋ ਨਿਊਜ਼ :
ਭਾਰਤੀ ਮੂਲ ਦਾ ਡਾਕਟਰ ਇੰਦਰਪਾਲ ਛਾਬੜਾ ਉਸ ਵੇਲੇ ਵਾਲ ਵਾਲ ਬਚ ਗਿਆ, ਜਦੋਂ ਉਨ੍ਹਾਂ ਦਾ ਜਹਾਜ਼ ਐਤਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਦੇ ਇੰਜਣ ਵਿਚ ਖ਼ਰਾਬੀ ਆਉਣ ਕਾਰਨ ਇਹ ਇਕ ਟਾਪੂ ਦੇ ਪਾਣੀ ਵਿਚ ਜਾ ਡਿੱਗਿਆ। ਇੰਦਰਪਾਲ ਛਾਬੜਾ ਤੇ ਉਸ ਦਾ ਸਹਾਇਕ ਪਾਇਲਟ ਡੈਵਿਡ ਟੋਬਾਚਿੰਕ ਡੁੱਬ ਰਹੇ ਜਹਾਜ਼ ਵਿਚੋਂ ਬਾਹਰ ਆ ਗਏ ਤੇ ਓਨੀ ਦੇਰ ਤਕ ਪਹਾੜੀ ‘ਤੇ ਰਹੇ, ਜਦੋਂ ਬਚਾਅ ਟੀਮ ਨਹੀਂ ਪੁੱਜ ਗਈ। 1992 ਵਿਚ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਤੋਂ ਗਰੈਜੁਏਸ਼ਨ ਕਰਨ ਵਾਲੇ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਨੇ ਪੂਰੇ ਕੰਟਰੋਲ ਨਾਲ ਲੈਂਡਿੰਗ ਕੀਤੀ ਤੇ ਜਹਾਜ਼ ਨੂੰ ਅੱਗ ਲੱਗਣ ਤੋਂ ਬਚਾਅ ਲਿਆ। ਜਦੋਂ ਤਕ ਜਹਾਜ਼ ਪਾਣੀ ਨਾਲ ਟਕਰਾਇਆ, ਉਨ੍ਹਾਂ ਦਾ ਸਿੰਗਲ ਇੰਜਣ ‘ਤੇ ਕੰਟਰੋਲ ਰਿਹਾ। ਇਹ ਪਾਣੀ ਵਿਚ ਪੂਰੀ ਤਰ੍ਹਾਂ ਕੰਟਰੋਲ ਲੈਂਡਿੰਗ ਸੀ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਛਾਬੜਾ ਨੇ ਦੱਸਿਆ ਕਿ ਆਖ਼ਰੀ ਮਿੰਟ ਤਕ ਜਹਾਜ਼ ਉਡਾਉਂਦੇ ਰਹੇ। ਜਦੋਂ ਜਹਾਜ਼ ਪਾਣੀ ਨਾਲ ਟਕਰਾਇਆ ਤਾਂ ਉਹ ਦੋਵੇਂ ਜਹਾਜ਼ ਦੇ ਪਰ੍ਹ ‘ਤੇ ਬੈਠੇ ਰਹੇ ਤੇ ਤੈਰ ਕੇ ਪਹਾੜੀ ਤਕ ਪੁੱਜ ਗਏ।