ਪ੍ਰੀਤ ਭਰਾੜਾ ਨੇ ਅਮਰੀਕੀ ਅਟਾਰਨੀ ਦੇ ਅਹੁਦੇ ‘ਤੇ ਬਣੇ ਰਹਿਣ ਦੀ ਦਿੱਤੀ ਸਹਿਮਤੀ

ਪ੍ਰੀਤ ਭਰਾੜਾ ਨੇ ਅਮਰੀਕੀ ਅਟਾਰਨੀ ਦੇ ਅਹੁਦੇ ‘ਤੇ ਬਣੇ ਰਹਿਣ ਦੀ ਦਿੱਤੀ ਸਹਿਮਤੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤੀ ਮੂਲ ਦੇ ਅਮਰੀਕੀ ਅਟਾਰਨੀ ਪ੍ਰੀਤ ਭਰਾੜਾ ਨੇ ਰਾਸ਼ਟਰਪਤੀ ਦੀ ਚੋਣ ਜਿੱਤੇ ਡੋਨਲਡ ਟਰੰਪ ਨਾਲ ਮੁਲਾਕਾਤ ਦੌਰਾਨ ਆਪਣੇ ਇਸ ਅਹੁਦੇ ਉਤੇ ਬਣੇ ਰਹਿਣ ਦੀ ਸਹਿਮਤੀ ਦਿੱਤੀ ਹੈ। ਸ੍ਰੀ ਭਰਾੜਾ ਕੰਪਨੀਆਂ ਦੇ ਭੇਤ ਜੱਗ ਜ਼ਾਹਰ ਕਰਨ ਵਾਲੇ ਕਈ ਚਰਚਿਤ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾ ਚੁੱਕੇ ਹਨ।
ਰਾਸ਼ਟਰਪਤੀ ਬਰਾਕ ਓਬਾਮਾ ਨੇ 2009 ਵਿੱਚ ਉਨ੍ਹਾਂ ਨੂੰ ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਟਾਰਨੀ ਨਿਯੁਕਤ ਕੀਤਾ ਸੀ। ਸ੍ਰੀ ਭਰਾੜਾ ਨੇ ਕਿਹਾ ਕਿ ਟਰੰਪ ਨਿਊਯਾਰਕ ਨਾਲ ਸਬੰਧਤ ਹਨ ਅਤੇ ਸਾਡੇ ਦਫ਼ਤਰ ਵੱਲੋਂ ਪਿਛਲੇ ਸੱਤ ਸਾਲਾਂ ਵਿੱਚ ਕੀਤੇ ਕੰਮ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ”ਰਿਪਬਲਿਕਨ ਆਗੂ ਨੇ ਉਨ੍ਹਾਂ ਨੂੰ ਬੁਲਾਇਆ ਸੀ। ਉਹ ਇਹ ਜਾਣਨਾ ਚਾਹੁੰਦੇ ਸਨ ਕਿ ਕੀ ਮੈਂ ਅਮਰੀਕੀ ਅਟਾਰਨੀ ਦੇ ਅਹੁਦੇ ਉਤੇ ਰਹਿਣਾ ਚਾਹੁੰਦਾ ਹਾਂ।”
ਸ੍ਰੀ ਭਰਾੜਾ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਸੈਨੇਟਰ ਜੈੱਫ ਸੈਸ਼ਨਜ਼ ਨਾਲ ਗੱਲ ਕਰ ਲਈ ਹੈ, ਜਿਨ੍ਹਾਂ ਨੂੰ ਪਹਿਲਾਂ ਅਟਾਰਨੀ ਜਨਰਲ ਦੇ ਅਹੁਦੇ ਲਈ ਨਾਮਜ਼ਦ ਮੰਨਿਆ ਜਾ ਰਿਹਾ ਸੀ। ਫ਼ਿਰੋਜ਼ਪੁਰ ਵਿੱਚ ਸਿੱਖ ਪਰਿਵਾਰ ਵਿੱਚ 1968 ਵਿੱਚ ਜੰਮੇ ਪ੍ਰੀਤ ਭਰਾੜਾ ਦਾ ਬਚਪਨ ਨਿਊਜਰਸੀ ਵਿੱਚ ਬੀਤਿਆ। ਨਿਊਯਾਰਕ ਦੇ ਸ਼ਕਤੀਸ਼ਾਲੀ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਨਿਯੁਕਤ ਹੋਣ ਮਗਰੋਂ ਉਨ੍ਹਾਂ ਕਈ ਚਰਚਿਤ ਕੇਸ ਲੜੇ। ਪ੍ਰੀਤ ਭਰਾੜਾ ਦੀਆਂ ਦਲੀਲਾਂ ਕਾਰਨ ਹੀ ਗੋਲਡਮੈਨ ਸੈਚਜ਼ ਦੇ ਭਾਰਤੀ ਮੂਲ ਦੇ ਡਾਇਰੈਕਟਰ ਰਜਤ ਗੁਪਤਾ ਨੂੰ 2012 ਵਿੱਚ ਕੰਪਨੀ ਦੇ ਭੇਤ ਜ਼ਾਹਰ ਕਰਨ ਦਾ ਦੋਸ਼ੀ ਪਾਇਆ ਗਿਆ। ਯਾਦ ਰਹੇ ਕਿ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਚੁਣ ਚੁਣ ਕੇ ਵੱਖ ਵੱਖ ਅਹੁਦਿਆਂ ਲਈ ਨਿਯੁਕਤੀਆਂ ਕਰ ਰਹੇ ਹਨ।