ਸਿੱਖ ਨਸਲਕੁਸ਼ੀ ਦੀ ਯੋਜਨਾ ਇੰਦਰਾ ਸਰਕਾਰ ਨੇ ਬਹੁਤ ਪਹਿਲਾਂ ਘੜ ਲਈ ਸੀ : ਇਕਤਦਾਰ ਚੀਮਾ

ਸਿੱਖ ਨਸਲਕੁਸ਼ੀ ਦੀ ਯੋਜਨਾ ਇੰਦਰਾ ਸਰਕਾਰ ਨੇ ਬਹੁਤ ਪਹਿਲਾਂ ਘੜ ਲਈ ਸੀ : ਇਕਤਦਾਰ ਚੀਮਾ

ਭਾਈ ਬੇਅੰਤ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
ਟਰਲਕ/ਬਿਊਰੋ ਨਿਊਜ਼ :
ਟਰਲਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਬੰਦੀ ਛੋੜ ਦਿਵਸ ਮਨਾਇਆ। ਇਸ ਮੌਕੇ ਸ੍ਰੀ ਅਕਾਲ ਤੱਖਤ ਸਾਹਿਬ ਨੂੰ ਟੈਂਕਾਂ ਤੋਪਾਂ ਨਾਲ ਢਹਾਉਣ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਇੰਦਰਾ ਗਾਂਧੀ ਦੇ ਕਾਤਲ ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਤੇ ਭਾਈ ਸਤਵੰਤ ਸਿੰਘ ਵਿਚੋਂ ਭਾਈ ਬੇਅੰਤ ਸਿੰਘ ਦੇ ਸ਼ਹੀਦੀ ਦਿਵਸ ਦੀ 32ਵੀਂ ਵਰੇਗੰਢ ‘ਤੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਤੋਂ ਬਾਅਦ ਭਾਰਤ ਸਰਕਾਰ ਵਲੋਂ ਪੂਰੇ ਭਾਰਤ ਵਿਚ ਕੀਤੀ ਗਈ ਸਿੱਖ ਨਸਲਕੁਸ਼ੀ ਬਾਰੇ ਗਹਿਰ ਗੰਭੀਰ ਚਰਚਾ ਕਰਵਾਈ ਗਈ।
ਗੁਰਦੁਆਰਾ ਸਾਹਿਬ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਤਿੰਨ ਦਿਨ ਚੱਲੇ ਇਸ ਪ੍ਰੋਗਰਾਮ ਦੌਰਾਨ ਬਾਣੀ ਦੇ ਪ੍ਰਵਾਹ ਚੱਲੇ ਤੇ ਹਫਤਾਵਾਰੀ ਦੀਵਾਨ ਵਿਚ ਸੰਪੂਰਨਤਾ ਹੋਈ। ਬੱਚਿਆਂ ਲਈ ਸਿੱਖ ਇਤਿਹਾਸ ਜਾਣਨ ਤੇ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਦੀ ਲੋੜ ਉਤੇ ਭਾਈ ਦਵਿੰਦਰ ਸਿੰਘ ਨੇ ਚਾਨਣਾ ਪਾਇਆ। ਮੁੱਖ ਦੀਵਾਨ ਹਾਲ ਵਿਚ ਕਥਾ ਕੀਰਤਨ ਦੀ ਸਮਾਪਤੀ ਤੋਂ ਬਾਅਦ ਮੁੱਖ ਬੁਲਾਰਿਆਂ ਵਿਚ ਸ਼ਾਮਲ ਬੀਬੀ ਨੀਨਾ ਕੌਰ, ਜੋ ਮਨੋਵਿਗਿਆਨ ਦੀ ਡਾਕਟਰੇਟ ਕਰ ਰਹੇ ਹਨ, ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਤੇ ਇੰਗਲੈਂਡ ਤੋਂ ਡਾ. ਇਕਤਦਾਰ ਚੀਮਾ ਅਤੇ ਅਮੈਰੀਕਨ ਸਿੱਖ ਜਥੇਬੰਦੀ ਦੇ ਭਾਈ ਦਵਿੰਦਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਬੁਲਰਿਆਂ ਨੇ ਸਿੱਖ ਸ਼ਹਾਦਤ ਬਾਰੇ ਕਿਹਾ ਕਿ ਭਾਈ ਬੇਅੰਤ ਸਿੰਘ ਨੇ ਧਰਮ ਦੀ ਹਾਨੀ ਕਰਨ ਵਾਲੇ ਨੂੰ ਸਜ਼ਾ ਦੇ ਕੇ ਜਾਮੇ-ਸ਼ਹਾਦਤ ਹਾਸਲ ਕੀਤਾ। ਡਾ. ਇਕਤਦਾਰ ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਸਿੱਖ ਨਸਲਕੁਸ਼ੀ ਦੀ ਯੋਜਨਾ ਬਹੁਤ ਪਹਿਲਾਂ ਬਣਾ ਲਈ ਸੀ ਤੇ ਇਹ ਵਾਪਰਨੀ ਹੀ ਵਾਪਰਨੀ ਸੀ, ਸਿਰਫ ਵਕਤ ਦਾ ਹੇਰ ਫੇਰ ਹੋ ਸਕਦਾ ਸੀ। ਵੋਟਾਂ ਵਿਚ ਜਿੱਤ ਹਾਸਲ ਕਰਨ ਲਈ ਇੰਦਰਾ ਕੁਝ ਵੀ ਕਰ ਸਕਦੀ ਸੀ। ਇਸ ਤੋਂ ਇਲਾਵਾ ਵੀ ਘੱਟ ਗਿਣਤੀਆਂ ਨੂੰ ਡਰਾ ਕੇ ਹਿੰਦੂ ਬਹੁਗਿਣਤੀ ਦੇ ਦਿਲ ਜਿੱਤਣ ਦੀ ਵਹਿਸ਼ੀ ਰਾਸ਼ਟਰੀ ਯੋਜਨਾ ਦੀ ਸ਼ੁਰੂਆਤ ਵੀ ਕਰਨੀ ਸੀ। ਐਮਰਜੈਂਸੀ ਦਾ ਵਿਰੋਧ ਕਰਨ ਵਿਚ ਸਿੱਖ ਮੋਹਰੀ ਸਨ ਤੇ ਇਸੇ ਕਰਕੇ ਸਿੱਖ ਇੰਦਰਾ ਗਾਂਧੀ ਦੇ ਨਿਸ਼ਾਨੇ ਉਤੇ ਸਨ ਤੇ ਜਦ ਇੰਦਰਾ ਦਾ ਕਤਲ ਹੋਇਆ ਤਾਂ ਸਾਰਾ ਗੁੱਸਾ ਸਿੱਖ ਕੌਮ ਉਤੇ ਕੱਢਿਆ ਗਿਆ ਤੇ ਪੂਰੇ ਭਾਰਤ ਵਿਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਸਰਕਾਰੀ ਹੁਕਮਾਂ ‘ਤੇ ਹੋਇਆ। ਇਸ ਨਸਲਘਾਤ ਵਿਚ ਭਾਰਤ ਸਰਕਾਰ ਤੇ ਇਸ ਦੇ ਅਫਸਰਾਂ, ਕਾਂਗਰਸੀ ਆਗੂਆਂ, ਭਾਜਪਾ-ਆਰ.ਐਸ.ਐਸ. ਦੇ ਜ਼ਾਲਮ ਗਠਜੋੜ ਨੇ ਹਿੱਸਾ ਲਿਆ। ਪਰ ਹੁਣ ਮਾਮਲਾ ਗੰਭੀਰ ਇਹ ਹੈ ਕਿ ਸਿੱਖ ਕੌਮ ਨੇ ਨਸਲਘਾਤ ਤੋਂ ਕਿਹੜਾ ਸਬਕ ਸਿੱਖਣਾ ਹੈ ਤੇ ਉਹ ਇਹ ਹੈ ਕਿ ਭਾਰਤ ਦੀ ਬਹੁਗਿਣਤੀ ਤੋਂ ਸੁਚੇਤ ਰਹਿਣਾ ਹੈ ਤੇ ਆਪਣੀ ਰੱਖਿਆ ਆਪ ਕਰਨ ਦੇ ਪ੍ਰਬੰੰਧ ਕਰਨੇ ਹਨ। ਇਸ ਲਈ ਕੌਮ ਨੂੰ ਅਜ਼ਾਦੀ ਦਾ ਨਿਸ਼ਾਨਾ ਮਿਥੱਣਾ ਚਾਹੀਦਾ ਹੈ, ਉਸ ਤੋਂ ਬਿਨਾਂ ਸਭ ਕੁਝ ਅਧੂਰਾ ਰਹਿ ਜਾਵੇਗਾ ਤੇ ਸਦਾ ਲਈ ਨਸਲਕੁਸ਼ੀ ਦਾ ਡਰ ਸਿਰ ਉਤੇ ਲਟਕਦਾ ਰਹੇਗਾ। ਸਦੀਵੀਂ ਮੁਕਤੀ ਤੇ ਸਰਬੱਤ ਦੇ ਭਲੇ ਲਈ ਰਾਜ ਕਰੇਗਾ ਖਾਲਸਾ ਦੇ ਨਿਸ਼ਾਨੇ ਨੂੰ ਹਕੀਕੀ ਰੂਪ ਵਿਚ ਬਦਲਣਾ ਜ਼ਰੂਰੀ ਹੈ ਤੇ ਰਾਜ ਦੀ ਬਖਸ਼ਿਸ਼ ਕਿਸੇ ਵੇਲੇ ਵੀ ਹੋ ਸਕਦੀ ਹੈ ਤੇ ਇਸ ਲਈ ਕੌਮ ਦੇ ਆਗੂਆ ਨੂੰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ। ਖਾਲਸਾ ਰਾਜ ਵਿਚ ਹੀ ਸਿੱਖ ਕੌਮ ਤੇ ਭਾਰਤ ਵਿਚ ਵੱਸਦੀਆਂ ਹੋਰ ਘੱਟ ਗਿਣਤੀ ਕੌਮਾਂ ਸੁਰੱਖਿਅਤ ਰਹਿ ਸਕਦੀਆਂ ਹਨ। ਭਾਈ ਸੰਦੀਪ  ਸਿੰਘ ਜੰਟੀ ਨੇ ਕਿਹਾ ਕਿ ਟਰਲਕ ਗੁਰਦੁਆਰਾ ਸਾਹਿਬ ਵੱਲੋਂ ਸਿੱਖ ਨਸਲਕੁਸ਼ੀ ਉਤੇ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾਇਆ ਕਰੇਗਾ ਤਾਂ ਕਿ ਕੌਮ ਵਿਚ ਜਾਗਰਿਤੀ ਰਹੇ। ਸਟੇਜ ਸਕੱਤਰ ਦੀ ਸੇਵਾ ਭਾਈ ਸੰਦੀਪ ਸਿੰਘ ਨੇ ਨਿਭਾਈ।