ਮੋਟਰ ਸਾਈਕਲ ਕਲੱਬ ਨੇ ਸਿੱਖਾਂ ਦੀ ਪਛਾਣ ਦਰਸਾਉਂਦੀ ਬਾਈਕ ਰੈਲੀ ਕੱਢੀ

ਮੋਟਰ ਸਾਈਕਲ ਕਲੱਬ ਨੇ ਸਿੱਖਾਂ ਦੀ ਪਛਾਣ ਦਰਸਾਉਂਦੀ ਬਾਈਕ ਰੈਲੀ ਕੱਢੀ

ਬੇਕਰਸਫੀਲਡ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਸਿੱਖ ਰਾਈਡਰਜ਼ ਆਫ਼ ਅਮਰੀਕਾ ਨਾਂ ਦੇ ‘ਮੋਟਰਸਾਈਕਲ ਕਲੱਬ’ ਵਲੋਂ ਇਥੇ ਸ਼ਾਨਦਾਰ ਮੋਟਰ ਸਾਈਕਲ ਰੈਲੀ ਹਾਰਲੀ ਡੇਵਿਡਸਨ ਮੋਟਰ ਸਾਈਕਲ ਡੀਲਰਸ਼ਿੱਪ ‘ਤੇ ਕੀਤੀ ਗਈ, ਜਿਸ ਵਿੱਚ ਤਕਰੀਬਨ 125 ਦੇ ਕਰੀਬ ਮੋਟਰ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਅਤੇ 400 ਦੇ ਕਰੀਬ ਅਮਰੀਕੀਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤਿੰਨ ਸੰਸਥਾਵਾਂ ਵੱਲੋਂ ਲਾਅ ਇਨਫੋਰਸਮੈਂਟ ਨਾਲ ਸਬੰਧਤ ਚੈਰਟੀਆਂ ਨੂੰ ਦੋ-ਦੋ ਹਜ਼ਾਰ ਡਾਲਰ ਦੇ ਚੈੱਕ ਭੇਟ ਕੀਤੇ ਗਏ। ਇਸ ਤੋਂ ਇਲਾਵਾ ਕੈਂਸਰ ਦੇ ਦੋ ਮਰੀਜ਼ਾਂ ਨੂੰ ਹਜ਼ਾਰ-ਹਜ਼ਾਰ ਡਾਲਰ ਦੇ ਚੈੱਕ ਦਿੱਤੇ ਗਏ। ਸਿੱਖ ਰਾਈਡਰਜ ਆਫ਼ ਅਮਰੀਕਾ ਵੱਲੋਂ ਇਸ ਸਾਲ ਬੇਕਸਫੀਲਡ ਹੋਮ ਲਿਸ ਸੈਂਟਰ ਨੂੰ ਵੀ ਦਸ ਹਜ਼ਾਰ ਡਾਲਰ ਦੀ ਸੇਵਾ ਦਿੱਤੀ ਜਾ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਇਸ ਸੰਸਥਾ ਵਲੋਂ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਅਮਰੀਕੀਆਂ ਨੂੰ ਸਿੱਖਾਂ ਦੀ ਪਛਾਣ ਬਾਰੇ ਜਾਣੂ ਕਰਵਾਇਆ ਜਾਂਦਾ ਹੈ।  ਇਹ ਕਲੱਬ ਬੇਕਰਸਫੀਲਡ ਵਿੱਚ ਵਿਸਕਾਨਸਿਨ ਗੁਰੂਘਰ ਵਿਖੇ ਹੋਏ ਨਸਲੀ ਹਮਲੇ ਪਿਛੋਂ ਹੋਂਦ ਵਿੱਚ ਆਇਆ ਸੀ। ਇਸ ਮੌਕੇ ਸਿੱਖ ਰਾਈਡਰਜ਼ ਬੂਥ ‘ਤੇ ਸਿੱਖ ਧਰਮ ਅਤੇ ਦਸਤਾਰ ਪ੍ਰਤੀ ਜਾਣਕਾਰੀ ਭਰਪੂਰ ਪੈਂਫਲਿਟ ਵੀ ਵੰਡੇ ਗਏ। ਸਿੱਖ ਰਾਈਡਰਜ਼ ਵੱਲੋਂ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਪਿੱਛੋਂ ਇਹ ਰੈਲੀ ਬਵਾਇਜ਼ ਐਂਡ ਗਰਲਜ਼ ਪਾਰਕ ਬੇਕਰਸਫੀਲਡ ਵਿਖੇ ਪਹੁੰਚੀ, ਜਿਥੇ ਪੰਜਾਬੀ ਗੀਤਾਂ ‘ਤੇ ਭੰਗੜਾ ਪਾਉਂਦੇ ਗੋਰੇ ਸਿੱਖ ਸਾਹਿਤ ਲੈ ਕੇ ਖੁਸ਼ੀ ਖੁਸ਼ੀ ਘਰਾਂ ਨੂੰ ਪਰਤੇ।