ਖਾਲਿਸਤਾਨ ਬਾਰੇ ਪਟੀਸ਼ਨ ਦੀ ਹਮਾਇਤ ਕਰਨ ਤੋਂ ਵਾਈਟ ਹਾਊਸ ਨੇ ਕੀਤਾ ਇਨਕਾਰ

ਖਾਲਿਸਤਾਨ ਬਾਰੇ ਪਟੀਸ਼ਨ ਦੀ ਹਮਾਇਤ ਕਰਨ ਤੋਂ ਵਾਈਟ ਹਾਊਸ ਨੇ ਕੀਤਾ ਇਨਕਾਰ

ਵਾਸ਼ਿੰਗਟਨ/ਬਿਊਰੋ ਨਿਊਜ਼ :
ਵਾਈਟ ਹਾਊਸ ਨੇ ਖਾਲਿਸਤਾਨ ਦੀ ਹਮਾਇਤ ਦੀ ਮੰਗ ਕਰਨ ਵਾਲੀ ਇਕ ਪਟੀਸ਼ਨ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਕੀਤੀਆਂ ਇਨ੍ਹਾਂ ਟਿੱਪਣੀਆਂ ਨੂੰ ਸ਼ਾਮਲ ਕੀਤਾ ਹੈ ਕਿ ਭਾਰਤ ਇੰਨਾ ਲੰਬਾ ਸਮਾਂ ਤਾਂ ਹੀ ਸਫਲ ਰਿਹਾ ਹੈ ਕਿਉਂਕਿ ਇਹ ਧਾਰਮਿਕ ਲੀਹਾਂ ‘ਤੇ ਨਹੀਂ ਵੰਡਿਆ ਗਿਆ। ਵੱਖਵਾਦੀ ਸਿੱਖ ਪਟੀਸ਼ਨ ਜਿਸ ‘ਤੇ ਇਕ ਲੱਖ ਤੋਂ ਵੀ ਵੱਧ ਦਸਤਖਤ ਕੀਤੇ ਗਏ ਸਨ ਦੇ ਜਵਾਬ ਵਿਚ ਵਾਈਟ ਹਾਊਸ ਨੇ ਕਿਹਾ ਕਿ ਅਸੀਂ ਇਸ ਪਲੇਟਫਾਰਮ ‘ਤੇ ਸ਼ਾਮਲ ਹੋਣ ਲਈ ਤੁਹਾਡੀ ਸ਼ਲਾਘਾ ਕਰਦੇ ਹਾਂ ਪਰ ਤੁਹਾਡੀ ਪਟੀਸ਼ਨ ‘ਤੇ ਉਠਾਏ ਗਏ ਵਿਸ਼ੇਸ਼ ਨੀਤੀ ਮੁੱਦੇ ‘ਤੇ ਟਿੱਪਣੀ ਨਹੀਂ ਕਰ ਸਕਦੇ। ਨਿਸਚਿਤ ਕੀਤੇ 60 ਦਿਨਾਂ ਦੇ ਅੰਦਰ ਅੰਦਰ 10 ਜੁਲਾਈ ਨੂੰ ਤਿਆਰ ਕੀਤੀ ਪਟੀਸ਼ਨ ਦੇ ਜਵਾਬ ਵਿਚ ਵਾਈਟ ਹਾਊਸ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਰੇ ਲੋਕਾਂ ਲਈ ਉਨ੍ਹਾਂ ਦੇ ਵਤਨ ਤੇ ਵਿਦੇਸ਼ ਵਿਚ ਧਾਰਮਿਕ ਆਜ਼ਾਦੀ ਦੀ ਰਾਖੀ ਨੂੰ ਉਤਸ਼ਾਹਿਤ ਕਰਨ ਨੂੰ ਤਰਜੀਹ ਦਿੱਤੀ ਹੈ। ਇਸੇ ਦੌਰਾਨ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਭਾਰਤ ਵਿਚ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਨਾ ਦੇਣ ਵਿਰੁੱਧ ਰਾਸ਼ਟਰਪਤੀ ਓਬਾਮਾ ਤੋਂ ਹਾਂਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਓਬਾਮਾ ਪ੍ਰਸ਼ਾਸਨ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਵਿਚ 1984 ਦੀ ਹਿੰਸਾ ਦੌਰਾਨ ਸਿੱਖ ਭਾਈਚਾਰੇ ਦੇ ਮੈਂਬਰਾਂ ਖਿਲਾਫ ਕੀਤੇ ਅੱਤਿਆਚਾਰਾਂ ਸਮੇਤ ਮਾਨਵੀ ਹੱਖਾਂ ਦੀ ਉਲੰਘਣਾ ਦੇ ਮੁੱਦਿਆਂ ‘ਤੇ ਨਜ਼ਰ ਰੱਖੀ ਹੈ ਅਤੇ ਜਨਤਕ ਰੂਪ ਵਿਚ ਆਵਾਜ਼ ਉਠਾਈ ਹੈ।