ਕੀ ਗਾਂਧੀ ਦੀ ਹੱਤਿਆ ਵਿਚ ਆਰਐਸਐਸ ਦੀ ਭੂਮਿਕਾ ਸੀ?

ਕੀ ਗਾਂਧੀ ਦੀ ਹੱਤਿਆ ਵਿਚ ਆਰਐਸਐਸ ਦੀ ਭੂਮਿਕਾ ਸੀ?

ਜੇਕਰ ਆਰ ਐਸ ਐਸ ਗਾਂਧੀ ਦੀ ਹੱਤਿਆ ਦੀ ਦੋਸ਼ੀ ਨਹੀਂ ਤਾਂ ਗੋਡਸੇ ਨੂੰ ਦੇਵਤਾ ਬਣਾ ਕੇ ਮੰਦਰ ਕਿਉਂ ਬਣਾਏ ਜਾ ਰਹੇ ਹਨ ਪਟੇਲ ਨੇ ਗਾਂਧੀ ਦੀ ਹੱਤਿਆ ਲਈ ਆਐਸ ਐਸ ਦੀਆਂ ਫਿਰਕੂ ਗਤੀਵਿਧੀਆਂ ਨੂੰ ਜ਼ਿੰਮੇਵਾਰ ਕਿਉਂ ਠਹਿਰਾਇਆ

ਮਰਨ ਤੋਂ ਪਹਿਲਾਂ ਗੋਡਸੇ ਨੇ ਆਰਐਸਐਸ ਵਾਲੀ ਪ੍ਰਾਰਥਨਾ ਕਿਉਂ ਕੀਤੀ
ਵਿਸ਼ੇਸ਼ ਰਿਪੋਰਟ
ਪ੍ਰੋ. ਬਲਵਿੰਦਰਪਾਲ ਸਿੰਘ

(ਮੋ. 9815700916)

ਕਾਂਗਰਸ ਦੇ ਸੁਪਰੀਮੋ ਰਾਹੁਲ ਗਾਂਧੀ ਨੇ ਆਰ ਐਸ ਐਸ ‘ਤੇ ਦੋਸ਼ ਲਗਾਇਆ ਸੀ ਕਿ ਆਰ ਐਸ ਐਸ ਮਹਾਤਮਾ ਗਾਂਧੀ ਦੇ ਕਤਲ ਦੀ ਜ਼ਿੰਮੇਵਾਰ ਹੈ। ਆਰ ਐਸ ਐਸ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਝੂਠਾ ਕਰਾਰ ਦੇ ਕੇ ਅਦਾਲਤ ਵਿਚ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਆਰ ਐਸ ਐਸ ਦਾ ਤਰਕ ਹੈ ਕਿ ਗੋਪਾਲ ਗੋਡਸੇ ਨੂੰ ਆਰ ਐਸ ਐਸ ਨੇ ਕੋਈ ਲਿਖਤੀ ਹਦਾਇਤ ਨਹੀਂ ਦਿੱਤੀ ਕਿ ਜਾ ਕੇ ਗਾਂਧੀ ਨੂੰ ਗੋਲੀ ਮਾਰ ਦਿਓ।
ਭਾਰਤ ਵਿਚ ਗਾਂਧੀ ਦੀ ਹੱਤਿਆ ਦਾ ਪਹਿਲਾ ਯਤਨ 25 ਜੂਨ 1934 ਨੂੰ ਹੋਇਆ ਸੀ। ਜਦ ਉਨ੍ਹਾਂ ਦੀ ਕਾਰ ‘ਤੇ ਪੂਨਾ ਵਿਚ ਬੰਬ ਸੁੱਟਿਆ ਗਿਆ। 1944 ਵਿਚ ਇਕ ਵਾਰ ਫਿਰ ਪੰਚਗਨੀ ਵਿਚ ਤਕਰੀਬਨ 20 ਲੜਕੇ ਬੱਸ ਭਰ ਕੇ ਆਏ ਤੇ ਪੂਰਾ ਦਿਨ ਗਾਂਧੀ ਦੇ ਵਿਰੁੱਧ ਨਾਅਰੇ ਲਗਾਉਂਦੇ ਰਹੇ ਤੇ ਫਿਰ ਉਨ੍ਹਾਂ ਦੇ ਨੇਤਾ ਨੱਥੂ ਰਾਮ ਗੋਡਸੇ ਨੇ ਗਾਂਧੀ ਜੀ ‘ਤੇ ਛੁਰੇ ਨਾਲ ਹਮਲਾ ਕੀਤਾ। ਪਰ ਉਥੇ ਮੌਜੂਦ ਮਿਲਾਰੇ ਗੁਰੂ ਜੀ ਤੇ ਮਨੀ ਸ਼ੰਕਰ ਪੁਰੋਹਿਤ ਨੇ ਨੱਥੂ ਰਾਮ ਗੋਡਸੇ ਨੂੰ ਫੜ ਲਿਆ। ਪਰ ਉਸ ਦੀ ਕੋਈ ਸ਼ਿਕਾਇਤ ਪੁਲੀਸ ਵਿਚ ਦਰਜ ਨਹੀਂ ਕਰਾਈ ਗਈ। 1944 ਵਿਚ ਗਾਂਧੀ ਜੀ ਦੇ ਵਰਧਾ ਸਥਿਤ ਸੇਵਾਗ੍ਰਾਮ ਆਸ਼ਰਮ ਵਿਚ ਨੱਥੂ ਰਾਮ ਦੇ ਕੋਲੋਂ ਚਾਕੂ ਬਰਾਮਦ ਹੋਇਆ। ਗਾਂÎਧੀ ਜੀ ਦੇ ਨਿੱਜੀ ਸਕੱਤਰ ਪਿਆਰੇ ਲਾਲ ਇਸ ਬਾਰੇ ਦੱਸਦੇ ਹਨ ਕਿ ਸਵੇਰੇ ਹੀ ਉਨ੍ਹਾਂ ਨੂੰ ਜ਼ਿਲ੍ਹੇ ਦੇ ਐਸ ਪੀ ਨੇ ਸੂਚਨਾ ਦਿੱਤੀ ਸੀ ਕਿ ਸਵੈ ਸੇਵਕ ਗੰਭੀਰ ਸ਼ਰਾਰਤ ਕਰਨਾ ਚਾਹੁੰਦੇ ਹਨ। ਇਹ ਸੁਆਲ ਪੈਦਾ ਹੁੰਦਾ ਹੈ ਕਿ ਸਵੈ ਸੇਵਕ ਕੌਣ ਹੈ, ਜਿਨ੍ਹਾਂ ਦਾ ਜ਼ਿਕਰ ਪਿਆਰੇ ਲਾਲ ਕਰ ਰਹੇ ਹਨ ਤੇ ਉਸ ਸਮੇਂ ਨੱਥੂ ਰਾਮ ਗੋਡਸੇ ਤੇ ਇਨ੍ਹਾਂ ਸਵੈ ਸੇਵਕਾਂ ਵਿਚ ਕੀ ਸੰਬੰਧ ਸੀ?
ਇਸ ਦੇ ਬਾਅਦ 29 ਜੂਨ 1946 ਨੂੰ ਮੁੰਬਈ ਪੂਨਾ ਦੇ ਵਿਚਕਾਰ ਨਰੇਲ ਦੇ ਕੋਲ ਇਕ ਵੱਡਾ ਸਾਰਾ ਪੱਥਰ ਰੱਖ ਕੇ ਗਾਂਧੀ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਕ ਵਾਰ ਗਾਂਧੀ ਜੀ ਨੇ 125 ਸਾਲ ਜੀਉਣ ਦੀ ਇੱਛਾ ਪ੍ਰਗਟਾਈ ਤਾਂ ਗੋਡਸੇ ਨੇ ਆਪਣੇ ਅਖ਼ਬਾਰ ਅਗ੍ਰਹਿਣੀ ਵਿਚ ਇਕ ਜੁਆਬੀ ਲੇਖ ਲਿਖਿਆ ਜਿਸ ਦਾ ਹੈਡਿੰਗ ਸੀ-‘ਪਰ ਜੀਣ ਕੌਣ ਦੇਵੇਗਾ’?
ਗੋਡਸੇ ਦੁਆਰਾ ਗਾਂਧੀ ਜੀ ਦੀ ਹੱਤਿਆ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦਾ ਮੂਲ ਤਰਕ ਹੈ ਕਿ ਪਾਕਿਸਤਾਨ ਨੂੰ 55 ਕਰੋੜ ਦੇਣ ਦੇ ਮੁੱਦੇ ‘ਤੇ ਹੀ ਗੋਡਸੇ ਉਸ ਦੀ ਹੱਤਿਆ ਕਰਨ ਲਈ ਮਜ਼ਬੂਰ ਹੋਇਆ ਸੀ। ਸੁਆਲ ਉਠਦਾ ਹੈ ਕਿ 1944 ਜਾਂ 1946 ਵਿਚ ਇਹ ਮੁੱਦਾ ਕਿਤੇ ਦੂਰ ਦੂਰ ਤਕ ਵਜੂਦ ਵਿਚ ਨਹੀਂ ਸੀ ਤਾਂ ਫਿਰ ਗਾਂਧੀ ਦੀ ਹੱਤਿਆ ਦੇ ਪਿਛੇ ਕੋਈ ਹੋਰ ਕਾਰਨ ਸੀ, ਜਿਸ ਨੂੰ ਚਲਾਕੀ ਨਾਲ ਲੁਕਾ ਲੈਣਾ ਹੀ ਉਨ੍ਹਾਂ ਦੇ ਕਤਲ ਦੀ ਕਾਮਨਾ ਕਰਨ ਵਾਲਿਆਂ ਨੂੰ ਚੰਗਾ ਲੱਗਿਆ ਤੇ ਲੱਗਦਾ ਹੈ? ਆਰ ਐਸ ਐਸ ਕਦੀ ਸਵੀਕਾਰ ਨਹੀਂ ਕਰਦੀ ਕਿ ਗਾਂਧੀ ਦੀ ਹੱਤਿਆ ਪਿੱਛੇ ਉਸ ਦਾ ਕੋਈ ਹੱਥ ਸੀ। ਆਰ ਐਸ ਐਸ ਦੇ ਤਰਕ ਹੈ ਕਿ ਨੱਥੂ ਰਾਮ ਗੋਡਸੇ ਦੁਆਰਾ ਅਦਾਲਤ ਵਿਚ ਦਿੱਤਾ ਗਿਆ ਬਿਆਨ ਇਸ ਦੋਸ਼ ਨੂੰ ਝੂਠਾ ਸਿੱਧ ਕਰਨ ਦੇ ਲਈ ਕਾਫੀ ਹੈ, ਜਿਸ ਵਿਚ ਗੋਡਸੇ ਨੇ ਕਿਹਾ ਸੀ ਕਿ ਸੰਘ ਨਾਲ ਉਸ ਦਾ ਕੋਈ ਵਾਸਤਾ ਨਹੀਂ ਹੈ। ਸਿਰਫ ਉਹ ਤੇ ਨਾਰਾਇਣ ਹੀ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਸਨ। ਆਰ ਐਸ ਐਸ ਦੇ ਅਨੁਸਾਰ ਖੁਦ  ਹੱਤਿਆਰੇ ਨੱਥੂ ਰਾਮ ਗੋਡਸੇ ਵਲੋਂ ਦਿੱਤਾ ਗਿਆ ਇਹ ਬਿਆਨ ਕਾਫੀ ਹੈ ਕਿ ਆਰ ਐਸ ਐਸ ਗਾਂਧੀ ਦੀ ਹੱਤਿਆ ਲਈ ਦੋਸ਼ੀ ਨਹੀਂ। ਆਪਣੇ ਬਿਆਨ ਵਿਚ ਨੱਥੂ ਰਾਮ ਹਿੰਦੂ ਮਹਾਂ ਸਭਾ ਦੇ ਵਿਨਾਇਕ ਦਾਮੋਦਰ ਸਾਵਰਕਰ ਦਾ ਹੱਥ ਹੋਣ ਤੋਂ ਸਾਫ ਮੁਕਰ ਗਿਆ। ਦਰਅਸਲ ਨੱਥੂ ਰਾਮ ‘ਤੇ ਦਬਾਅ ਬਣਾਇਆ ਗਿਆ ਸੀ ਕਿ ਅਦਾਲਤੀ ਕਾਰਵਾਈ ਵਿਚ ਉਹ ਹਿੰਦੂ ਮਹਾਂ ਸਭਾ ਤੇ ਆਰ ਐਸ ਐਸ ਦਾ ਬਚਾਅ ਕਰੇ। ਇਸ ਲਈ ਪੂਰੀ ਅਦਾਲਤੀ ਕਾਰਵਾਈ ਦੌਰਾਨ ਉਸ ਨੇ ਗਾਂਧੀ ਦੇ ਕਤਲ ਦੇ ਮੁਕੱਦਮੇ ਵਿਚ ਇਕ ਵਾਰ ਵੀ ਵੀਡੀ ਸਾਵਰਕਰ ਦਾ ਨਾਮ ਨਹੀਂ ਲਿਆ।
ਜਦ ਲਾਲ ਕ੍ਰਿਸ਼ਨ ਅਡਵਾਨੀ ਨੇ ਆਰ ਐਸ ਐਸ ਨੂੰ ਇਸ ਮਾਮਲੇ ਵਿਚ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਤਾਂ ਨੱਥੂ ਰਾਮ ਗੋਡਸੇ ਦਾ ਭਰਾ ਗੋਪਾਲ ਗੋਡਸੇ ਔਖਾ ਹੋ ਗਿਆ ਸੀ। ਗਾਂਧੀ ਵਧ ਨਾਮਕ ਕਿਤਾਬ ਤੇ ਹੋਰ ਕਈ ਜਗ੍ਹਾ ਤੇ ਵੀ ਉਸ ਨੇ ਜੋਰ ਦੇ ਕੇ ਕਿਹਾ ਕਿ ਉਸ ਦੇ ਵੱਡੇ ਭਰਾ ਨੇ ਕਦੇ ਵੀ ਆਰ ਐਸ ਐਸ ਨਹੀਂ ਛੱਡੀ ਤੇ ਅੰਤ ਤੱਕ ਸੰਘ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਂਦਾ ਰਿਹਾ। ਗੋਪਾਲ ਗੋਡਸੇ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਸਹਾਇਕ ਅਪਰਾਧੀ ਸੀ ਤੇ ਉਸ ਦੀ ਇਸ ਕਿਤਾਬ ਨੂੰ ਅੱਜ ਵੀ ਆਰ ਐਸ ਐਸ ਲੋਕਾਂ ਵਿਚਾਲੇ ਮੁਫ਼ਤ ਵੰਡਦੀ ਰਹਿੰਦੀ ਹੈ। ਗੋਪਾਲ ਗੋਡਸੇ ਨੇ 1994 ਵਿਚ ਦਿੱਤੇ ਗਏ ਆਪਣੇ ਇਕ ਇੰਟਰਵਿਊ ਵਿਚ ਕਿਹਾ ਕਿ ਦਰਅਸਲ ਨੱਥੂ ਰਾਮ ਨੇ ਆਰ ਐਸ ਐਸ ਤੇ ਸਾਵਰਕਰ ਤੋਂ ਦੂਰੀ ਇਸ ਲਈ ਬਣਾਈ, ਕਿਉਂਕਿ ਗਾਂਧੀ ਦੀ ਹੱਤਿਆ ਕਾਰਨ ਗੋਲਵਲਕਰ ਤੇ ਆਰ ਐਸ ਐਸ ਕਾਫੀ ਮੁਸੀਬਤ ਵਿਚ ਪੈ ਗਏ ਸਨ।
ਗਾਂਧੀ ਦੀ ਹੱਤਿਆ ਪਿੱਛੇ ਆਰ ਐਸ ਐਸ ਦੇ ਹੱਥ ਹੋਣ ਦੇ ਮਾਮਲੇ ਨੂੰ ਅਦਾਲਤੀ ਕਾਰਵਾਈ ‘ਤੇ ਛੱਡਣਾ ਯੋਗ ਹੈ, ਪਰ ਇਤਿਹਾਸਕ ਲਿਖਤਾਂ ਗਾਂਧੀ ਦੀ ਹੱਤਿਆ ਦੇ ਪਿੱਛੇ ਛੁਪੇ ਵਿਚਾਰ ਨੂੰ ਫੜਨ ਵਿਚ ਦਿਲਚਸਪੀ ਰੱਖਦੀਆਂ ਹਨ। ਭਾਰਤੀ ਕਾਨੂੰਨ ਪ੍ਰਣਾਲੀ ਠੋਸ ਸਬੂਤ ਮੰਗਦੀ ਹੈ, ਜਿਸ ਸੰਗਠਨ ਦੀ ਪੂਰੀ ਕਾਰਵਾਈ ਗੁਪਤ ਢੰਗ ਨਾਲ ਚੱਲਦੀ ਹੋਵੇ, ਜਿਸ ਦਾ ਕੋਈ ਮੈਂਬਰਸ਼ਿਪ ਰਜਿਸਟਰ ਨਾ ਹੋਵੇ, ਜਿਸ ਦੀਆਂ ਬੈਠਕਾਂ ਦੀ ਕੋਈ ਲਿਖਤੀ ਕਾਰਵਾਈ ਨਾ ਰੱਖੀ ਜਾਂਦੀ ਹੋਵੇ, ਉਸ ਦੇ ਬਾਰੇ ਲਿਖਤੀ ਤੇ ਠੋਸ ਸਬੂਤ ਮਿਲਣਾ ਲੱਗਭੱਗ ਅਸੰਭਵ ਹੈ। ਆਰ ਐਸ ਐਸ ਤੇ ਨੱਥੂ ਰਾਮ ਗੋਡਸੇ ਦਾ ਕੀ ਸੰਬੰਧ ਹੈ, ਇਸ ਦੇ ਲਈ ਨੱਥੂ ਰਾਮ ਗੋਡਸੇ ਦੀ ਸੰਘ ਮੈਂਬਰਸ਼ਿਪ ਰਸੀਦ ਪੇਸ਼ ਨਹੀਂ ਕੀਤੀ ਜਾ ਸਕਦੀ। 1947-48 ਵਿਚ ਗੋਡਸੇ ਸੰਘ ਦੀ ਕਿਸ ਸ਼ਾਖਾ ਵਿਚ ਜਾਂਦਾ ਸੀ, ਇਸ ਦਾ ਕੋਈ ਸਬੂਤ ਨਹੀਂ ਮਿਲਦਾ। ਪਰ ਗੋਡਸੇ, ਆਰ ਐਸ ਐਸ ਤੇ ਗਾਂਧੀ ਦੀ ਹੱਤਿਆ ਵਿਚ ਬਹੁਤ ਸਾਰੇ ਤਾਰ ਅਜਿਹੇ ਜੁੜੇ ਹਨ, ਜਿਨ੍ਹਾਂ ਕਾਰਨ ਆਰ ਐਸ ਐਸ  ਕਟਹਿਰੇ ਵਿਚ ਖੜੀ ਹੁੰਦੀ ਹੈ। ਜਿਵੇਂ ਕਿ ਗੋਪਾਲ ਗੋਡਸੇ ਨੇ ਕਿਹਾ ਕਿ ਤੁਸੀਂ ਕਹਿ ਸਕਦੇ ਹੋ ਆਰ ਐਸ ਐਸ ਨੇ ਕੋਈ ਮਤਾ ਪਾਸ ਨਹੀਂ ਕੀਤਾ ਕਿ ਜਾਓ ਕਿ ਗਾਂਧੀ ਦਾ ਕਤਲ ਕਰ ਦਿਓ। ਪਰ ਆਰ ਐਸ ਐਸ ਗੋਡਸੇ ਤੋਂ ਖੁਦ ਨੂੰ ਅਲੱਗ ਨਹੀਂ ਕਰ ਸਕਦੀ।
ਸ਼ੋਸ਼ਲ ਮੀਡੀਆ ਵਿਚ ਗਾਂਧੀ ਦੇ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਕੌਣ ਕਰ ਰਿਹਾ ਹੈ। ਹਾਲਾਂਕਿ ਆਰ ਐਸ ਐਸ ਨੇ ਲਿਖਤੀ ਤੌਰ ‘ਤੇ ਕੋਈ ਆਦੇਸ਼ ਜਾਰੀ ਨਹੀਂ ਕੀਤਾ ਤੇ ਗਾਂਧੀ ਦੇ ਵਿਰੁੱਧ ਪ੍ਰਚਾਰ ਕੀਤਾ ਜਾਵੇ। ਪਰ ਇਹ ਪ੍ਰਚਾਰ ਕਰਨ ਵਾਲੇ ਲੋਕ ਆਰ ਐਸ ਐਸ ਦੀ ਵਿਚਾਰਧਾਰਾ ਦੇ ਕੱਟੜ ਸਮਰਥਕ ਹੁੰਦੇ ਹਨ।
ਗਾਂਧੀ ਦੀ ਹੱਤਿਆ ਤੋਂ ਪਹਿਲਾਂ ਤੇ ਬਾਅਦ ਵਿਚ ਆਰ ਐਸ ਐਸ ਦੇ ਦੋ ਅਲੱਗ ਅਲੱਗ ਸੁਰ ਰਹੇ ਹਨ। ਪਹਿਲਾਂ ਤਾਂ ਉਹ ਗੋਲਵਲਕਰ ਦੀ ਅਗਵਾਈ ਵਿਚ ਗਾਂਧੀ ਦੀ ਹੱਤਿਆ ਦਾ ਮਾਹੌਲ ਤਿਆਰ ਕੀਤਾ ਗਿਆ। ਗੋਲਵਲਕਰ ਨੇ ਆਪ ਦਿੱਲੀ ਵਿਚ ਸੰਘ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ”ਸੰਘ ਪਾਕਿਸਤਾਨ ਨੂੰ ਮਿਟਾਉਣ ਤੱਕ ਚੈਨ ਨਾਲ ਨਹੀਂ ਬੈਠੇਗਾ। ਜੇਕਰ ਕੋਈ ਸਾਡੇ ਰਾਹ ਵਿਚ ਆਇਆ ਤਾਂ ਅਸੀਂ ਉਸ ਨੂੰ ਖਤਮ ਕਰ ਦਿਆਂਗੇ। ਭਾਵੇਂ ਨਹਿਰੂ ਸਰਕਾਰ ਹੋਵੇ ਜਾਂ ਕੋਈ ਹੋਰ। ਮਹਾਤਮਾ ਗਾਂਧੀ ਸਾਨੂੰ ਹੁਣ ਗੁਮਰਾਹ ਨਹੀਂ ਕਰ ਸਕਦੇ। ਸਾਡੇ ਕੋਲ ਤਰੀਕੇ ਹਨ, ਜਿਸ ਨਾਲ ਅਜਿਹੇ ਲੋਕਾਂ ਨੂੰ ਤੁਰੰਤ ਚੁੱਪ ਕਰਾਇਆ ਜਾ ਸਕਦਾ ਹੈ। ਪਰ ਸਾਡੀ ਇਹ ਪਰੰਪਰਾ ਨਹੀਂ ਕਿ ਅਸੀਂ ਹਿੰਦੂਆਂ ਦੇ ਪ੍ਰਤੀ ਵੈਰ ਭਾਵਨਾ ਰੱਖੀਏ। ਜੇਕਰ ਸਾਨੂੰ ਮਜ਼ਬੂਰ ਕੀਤਾ ਗਿਆ, ਸਾਨੂੰ ਇਹ ਰਸਤਾ ਵੀ ਅਪਨਾਉਣਾ ਪਵੇਗਾ। ਜ਼ਾਹਿਰ ਹੈ ਕਿ  ਗਾਂਧੀ ਦੀ ਹੱਤਿਆ ਪਿੱਛੇ ਫੈਸਲਾਕੁੰਨ ਭੂਮਿਕਾ ਆਰ ਐਸ ਐਸ ਦੇ ਜ਼ਹਿਰੀਲੇ ਪ੍ਰਚਾਰ ਦੀ ਸੀ, ਜੋ 1930 ਦੇ ਵਿਚਾਲੇ ਭਾਰਤ ਵਿਚ ਫੈਲਾਇਆ ਜਾ ਰਿਹਾ ਸੀ। ਅਸਲ ਵਿਚ ਨਾ ਸਿਰਫ ਆਰ ਐਸ ਐਸ ਤੇ ਹਿੰਦੂ ਮਹਾਂ ਸਭਾ ਬਲਕਿ ਮੁਸਲਿਮ ਲੀਗ ਵੀ ਗਾਂਧੀ ਦੀ ਤੇ ਹੋਰ ਕਾਂਗਰਸੀ ਨੇਤਾਵਾਂ ਖਿਲਾਫ਼ ਜ਼ਹਿਰ ਫੈਲਾ ਰਹੀ ਸੀ। ਗਾਂਧੀ ਜੀ ਹਿੰਦੂ ਤੇ ਮੁਸਲਿਮ ਦੋਨਾਂ ਤਰ੍ਹਾਂ ਦੀਆਂ ਫਾਸ਼ੀਵਾਦੀ ਵਿਚਾਰਧਾਰਾਵਾਂ ਦੇ ਵਿਰੋਧੀ ਸਨ। ਹਾਲਾਂਕਿ ਆਖਿਰ ਵਿਚ ਭਾਰਤ ਦੀ ਵੰਡ ਦੇ ਬਾਅਦ ਉਹ ਹਿੰਦੂ ਫਾਸ਼ੀਵਾਦ ਹੀ ਸੀ, ਜਿਸ ਨੂੰ ਭਾਰਤ ਵਿਚ ਹਿੰਦੂ ਰਾਸ਼ਟਰ ਦੀ ਸਥਾਪਨਾ ਦੇ ਆਪਣੇ ਪੁਰਾਣੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਗਾਂਧੀ  ਸਭ ਤੋਂ ਵੱਡਾ ਅੜਿੱਕਾ ਜਾਪਦੇ ਸਨ। ਇਹ ਵੀ ਸਰਕਾਰੀ ਦਸਤਾਵੇਜ਼ਾਂ ਵਿਚ ਦਰਜ ਤੱਥ ਹੈ ਕਿ ਉਸ ਸਮੇਂ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਗੋਲਵਲਕਰ ਨੂੰ ਲਿਖੇ ਇਕ ਪੱਤਰ ਵਿਚ ਸਾਫ ਤੌਰ ਤੇ ਕਿਹਾ ਸੀ ਕਿ ਉਨ੍ਹਾਂ ਦੇ (ਸੰਘੀਆਂ ਦੇ) ਸਾਰੇ ਭਾਸ਼ਣ ਫਿਰਕੂ ਜ਼ਹਿਰ ਨਾਲ ਭਰੇ ਹੋਏ ਹਨ। ਇਸ ਫਿਰਕੂ ਜ਼ਹਿਰ ਦੇ ਕਾਰਨ ਹੀ ਗਾਂਧੀ ਦਾ ਕਤਲ ਹੋਇਆ। ਪਟੇਲ ਨੇ ਕਿਹਾ ਕਿ ਆਰ ਐਸ ਐਸ ਦੇ ਲੋਕਾਂ ਨੇ ਗਾਂਧੀ ਦੀ ਮੌਤ ਤੋਂ ਬਾਅਦ ਖੁਸ਼ੀ ਜ਼ਾਹਿਰ ਕੀਤੀ ਤੇ ਮਠਿਆਈਆਂ ਵੰਡੀਆਂ।
18 ਜੁਲਾਈ 1948 ਨੂੰ ਸ਼ਿਯਾਮ ਪ੍ਰਸ਼ਾਦ ਮੁਖਰਜੀ ਜੀ ਨੂੰ ਲਿਖੇ ਆਪਣੇ ਪੱਤਰ ਵਿਚ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਗਾਂਧੀ ਦੀ ਹੱਤਿਆ ਤੇ ਆਰ ਐਸ ਐਸ ਹਿੰਦੂ ਮਹਾਂ ਸਭਾ ਦੇ ਬਾਰੇ ਵਿਚ ਮਾਮਲੇ ਅਦਾਲਤ ਵਿਚ ਵਿਚਾਰ ਅਧੀਨ ਹੈ। ਇਸ ਲਈ ਦੋਨਾਂ ਸੰਗਠਨਾਂ ਬਾਰੇ ਮੈਂ ਕੁਝ ਨਹੀਂ ਆਖਾਂਗਾ। ਪਰ ਸਾਡੀ ਸੂਚਨਾ ਇਹ ਕਹਿੰਦੀ ਹੈ ਕਿ ਇਨ੍ਹਾਂ ਦੋਨਾਂ ਸੰਗਠਨਾਂ ਦੀਆਂ ਗਤੀਵਿਧੀਆਂ ਕਾਰਨ ਖਾਸ ਕਰਕੇ ਆਰ ਐਸ ਐਸ ਦੇ ਕਾਰਨ ਦੇਸ਼ ਵਿਚ ਅਜਿਹਾ ਜ਼ਹਿਰੀਲਾ ਵਾਤਾਵਰਨ ਤਿਆਰ ਕੀਤਾ ਗਿਆ, ਜਿਸ ਕਾਰਨ ਗਾਂਧੀ ਦਾ ਕਤਲ ਸੰਭਵ ਹੋਇਆ। ਇਸ ਘਟਨਾ ਦੇ ਬਾਅਦ ਸਰਦਾਰ ਪਟੇਲ ਨੇ ਜਿਸ ਤਰ੍ਹਾਂ ਆਰ ਐਸ ਐਸ ‘ਤੇ ਸ਼ਿਕੰਜ਼ਾ ਕੱਸਿਆ ਤਾਂ ਆਰ ਐਸ ਐਸ ਦੇ ਨੇਤਾਵਾਂ ਨੇ ਸਰਕਾਰ ਅੱਗੇ ਹਥਿਆਰ ਸੁੱਟਣ ਵਿਚ ਭਲਾਈਸਮਝੀ। ਭਾਵੇਂ ਆਰ ਐਸ ਐਸ ਵਾਲੇ ਅੰਦਰ ਹੀ ਅੰਦਰ ਗਾਂਧੀ ਜੀ ਨਾਲ ਸਖ਼ਤ ਨਫ਼ਰਤ ਕਰਦੇ ਸਨ, ਪਰ ਉਨ੍ਹਾਂ ਨੇ ਕਦੇ ਵੀ ਗਾਂਧੀ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ। ਅਜਿਹਾ ਕਰਨ ਪਿੱਛੇ ਆਰ ਐਸ ਐਸ ਦੀ ਮਜ਼ਬੂਰੀ ਸੀ। ਸਰਦਾਰ ਪਟੇਲ ਨੇ ਗਾਂਧੀ ਦੀ ਹੱਤਿਆ ਦੇ ਬਾਅਦ ਗੁਰੂ ਗੋਲਵਲਕਰ ਤੋਂ ਇਹ ਹਲਫ਼ਨਾਮਾ ਲਿਆ ਸੀ ਕਿ ਸੰਘ ਹੁਣ ਖੁਦ ਨੂੰ ਰਾਜਨੀਤਕ ਗਤੀਵਿਧੀਆਂ ਤੋਂ ਪੂਰੀ ਤਰ੍ਹਾਂ ਦੂਰ ਰੱਖੇਗਾ ਤੇ ਭਵਿੱਖ ਵਿਚ ਬਤੌਰ ਇਕ ਸੱਭਿਆਚਾਰਕ ਸੰਗਠਨ ਹੀ ਕੰਮ ਕਰੇਗਾ। ਇਸ ਲਈ ਇਹ ਪਹਿਲਾ ਮੌਕਾ ਸੀ ਜਦ 2014 ਵਿਚ ਪ੍ਰਚੰਡ ਮੋਦੀ ਲਹਿਰ ‘ਤੇ ਸਵਾਰ ਹੋ ਕੇ ਸੰਘ ਵਰਕਰਾਂ ਨੇ ਭਾਜਪਾ ਦੇ ਲਈ ਵੋਟ ਮੰਗੇ ਸਨ। ਇਸ ਤੋਂ ਪਹਿਲਾਂ ਤੱਕ ਆਰ ਐਸ ਐਸ ਦੇ ਲੋਕ ਅਜਿਹਾ ਕਰਨ ਤੋਂ ਪ੍ਰਹੇਜ਼ ਕਰਦੇ ਸਨ। ਜਦ ਕਿ ਹਲਫਨਾਮੇ ਦੀ ਭਾਵਨਾ ਦੇ ਵਿਰੁੱਧ ਸੰਘ 1951 ਤੋਂ ਪਹਿਲਾਂ ਜਨਸੰਘ ਤੇ ਫਿਰ ਭਾਜਪਾ ਦੇ ਨਾਮ ‘ਤੇ ਚੋਣਾਂ ਦੀ ਰਾਜਨੀਤੀ ਕਰਦਾ ਰਿਹਾ ਹੈ। ਇਹ ਤਾਂ ਅਦਾਲਤੀ ਦਸਤਾਵੇਜ਼ਾਂ ਵਿਚ ਦਰਜ ਹੈ ਕਿ ਫਾਂਸੀ ਤੇ ਚੜ੍ਹਨ ਤੋਂ ਪਹਿਲਾਂ ਨੱਥੂ ਰਾਮ ਗੋਡਸੇ ਨੇ ਆਰ ਐਸ ਐਸ ਦੀ ਨਵੀਂ ਸੱਭਿਆਚਾਰਕ ਪ੍ਰਾਰਥਨਾ ਪੜ੍ਹੀ ਸੀ, ਜਿਸ ਨੂੰ ਪੁਰਾਣੀ ਪ੍ਰਾਰਥਨਾ ਦੀ ਜਗ੍ਹਾ 1940 ਵਿਚ ਸ਼ਾਮਲ ਕੀਤਾ ਗਿਆ। ਮਦੂਲਾ ਮੁਖਰਜੀ, ਅਦਿਤੇ ਮੁਖਰਜੀ ਤੇ ਸੁਚੇਤਾ ਮਹਾਜਨ ਆਪਣੀ ਕਿਤਾਬ ਆਰ ਐਸ ਐਸ ਸਕੂਲ ਟੈਕਸਟਸ ਐਂਡ ਮਰਡਰ ਆਫ਼ ਮਹਾਤਮਾ ਗਾਧੀ ਵਿਚ ਸਹੀ ਫੁਰਮਾਉਂਦੇ ਹਨ, ”ਜੇਕਰ ਗੋਡਸੇ ਆਰ ਐਸ ਐਸ ਵਿਚ ਨਹੀਂ ਸੀ, ਜਿਵੇਂ ਉਹ ਦਾਅਵਾ ਕਰਦਾ ਹੈ ਤਦ ਉਹ ਨਵੀਂ ਪ੍ਰਾਰਥਨਾ ਤੋਂ ਕਿਵੇਂ ਜਾਣੂ ਸੀ ਅਤੇ ਉਸ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦੇ ਅਜਿਹੇ ਨਾਜ਼ੁਕ ਮੌਕੇ ‘ਤੇ ਜਦ ਉਹ ਮੌਤ ਦੇ ਮੂੰਹ ਵਿਚ ਡਿੱਗਿਆ ਹੋਇਆ ਸੀ, ਕਿਉਂ ਪੜ੍ਹਦਾ ਹੈ। ਜੇਕਰ ਗੋਡਸੇ ਗਾਂਧੀ ਦੀ ਹੱਤਿਆ ਵਿਚ ਸ਼ਾਮਲ ਨਹੀਂ ਸੀ ਤਾਂ ਭਗਵੇਂਵਾਦੀ ਆਰ ਐਸ ਐਸ ਦੀਆਂ ਮੂਰਤੀਆਂ ਮੰਦਰ ਵਿਚ ਸਥਾਪਤ ਕਰਕੇ ਉਸ ਨੂੰ ਆਪਣਾ ਦੇਵਤਾ ਕਿਉਂ ਪ੍ਰਵਾਨ ਕਰ ਰਹੇ ਹਨ? ਗ੍ਰਹਿ ਮੰਤਰਾਲੇ ਦਾ ਇਕ ਰਿਕਾਰਡ ਦੱਸਦਾ ਹੈ ਕਿ ਆਰ ਐਸ ਐਸ ਤੇ ਹਿੰਦੂ ਮਹਾਂ ਸਭਾ ਦੇ ਵਿਚਾਲੇ ਆਪਸੀ ਰਿਸ਼ਤੇ ਕਿੰਨੇ ਡੂੰਘੇ ਹਨ। 8 ਅਗਸਤ 1947 ਨੂੰ ਗ੍ਰਹਿ ਸੈਕਟਰੀ ਨੇ ਸੀਆਈਡੀ ਦੇ ਡੀਆਈ ਜੀ ਤੇ ਮੁੰਬਈ ਦੇ ਪੁਲੀਸ ਕਮਿਸ਼ਨ ਤੋਂ ਹਿੰਦੂ ਮਹਾਂ ਸਭਾ ਤੇ ਆਰ ਐਸ ਐਸ ਦੇ ਮੈਂਬਰਾਂ ਦੀ ਲਿਸਟ ਤਿਆਰ ਕਰਨ ਨੂੰ ਕਿਹਾ। ਊਨਾ ਪੁਲੀਸ ਨੇ ਸਿਰਫ ਹਿੰਦੂ ਮਹਾਂ ਸਭਾ ਦੇ ਮੈਂਬਰਾਂ ਦੀ ਲਿਸਟ ਹੀ ਜਮ੍ਹਾ ਕਰਾਈ ਤੇ ਆਰ ਐਸ ਐਸ ਦੇ ਮੈਂਬਰਾਂ ਦੀ ਅਲੱਗ ਲਿਸਟ ਨਹੀਂ ਭੇਜੀ, ਕਿਉਂਕਿ ਦੋਨਾਂ ਦੇ ਮੈਂਬਰੀ ਦੀ ਅਲੱਗ ਅਲੱਗ ਪਛਾਣ ਕਰਨਾ ਬਹੁਤ ਮੁਸ਼ਕਲ ਸੀ ਤੇ ਗੁਪਤ ਸੰਗਠਨ ਹੋਣ ਦੇ ਕਾਰਨ ਆਰ ਐਸ ਐਸ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਔਖਾ ਕੰਮ ਸੀ। 1940 ਬਾਅਦ ਜਦ ਆਰ ਐਸ ਐਸ ਨੇ ਉੱਤਰ ਭਾਰਤ ਵਿਚ ਆਪਣੀ ਤਾਕਤ ਬਣਾਉਣੀ ਸ਼ੁਰੂ ਕੀਤੀ ਸੀ ਤਾਂ ਸੀਆਈਡੀ ਵਿਭਾਗ ਉਸ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ ਰੱਖਣ ਵਿਚ ਭਾਰੀ ਮਿਹਨਤ ਕਰਦਾ ਰਿਹਾ। ਆਰ ਐਸ ਐਸ ਦੀਆਂ ਗਤੀਵਿਧੀਆਂ ‘ਤੇ 17 ਸਤੰਬਰ 1947 ਦੀ ਇਕ ਰਿਪੋਰਟ ਦੱਸਦੀ ਹੈ ਕਿ ਉਸ ਦੇ ਅਰਥਾਤ ਸੰਘ ਦੇ ਜ਼ਿਆਦਾਤਰ ਮੈਂਬਰ ਲੀਡਰ ਜਾਂ ਤਾਂ ਹਿੰਦੂ ਮਹਾਂ ਸਭਾ ਦੇ ਮੈਂਬਰ ਹਨ ਜਾਂ ਉਸ ਦੀ ਵਿਚਾਰਧਾਰਾ ਵਿਚ ਯਕੀਨ ਰੱਖਦੇ ਹਨ। ਇਸ ਲਈ ਜੀਵਨ ਲਾਲ ਕਪੂਰ ਕਮੇਟੀ ਇਸ ਨਤੀਜੇ ‘ਤੇ ਪਹੁੰਚੀ ਸੀ ਕਿ ਇਹ ਸਿੱਧ ਕਰਨ ਦੇ ਲਈ ਸਬੂਤ ਮੌਜੂਦ ਹਨ ਕਿ ਬਹੁਤ ਸਾਰੇ ਆਰ ਐਸ ਐਸ ਮੈਂਬਰ ਹਿੰਦੂ ਮਹਾਂ ਸਭਾ ਦੇ ਮੈਂਬਰ ਹਨ। ਮੰਨ ਲਵੋ ਕਿ ਇਹ ਸਭ ਝੂਠ ਹੈ ਕਿ ਆਰ ਐਸ ਐਸ ਦਾ ਗਾਂਧੀ ਦੀ ਹੱਤਿਆ ਨਾਲ ਕੋਈ ਲੈਣਾ ਦੇਣਾ ਨਹੀਂ ਤਾਂ ਉਸ ਨੂੰ ਨੱਥੂ ਰਾਮ ਗੋਡਸੇ, ਸਾਵਰਕਰ ਤੇ ਹਿੰਦੂ ਮਹਾਂ ਸਭਾ ਦੀ ਜਨਤਕ ਤੌਰ ‘ਤੇ ਨਿੰਦਾ ਕਰਨੀ ਚਾਹੀਦੀ ਹੈ। ਉਸ ਨੂੰ ਗਾਂÎਧੀ ਦੇ ਖਿਲਾਫ਼ ਦਿੱਤੇ ਗਏ ਜ਼ਹਿਰੀਲੇ ਭਾਸ਼ਣਾਂ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਇਹ ਲਿਖਤੀ ਸਬੂਤ ਮੌਜੂਦ ਹਨ।