ਜਲ੍ਹਿਆਂਵਾਲਾ ਕਾਂਡ ਦੇ ਸ਼ਤਾਬਦੀ ਸਮਾਗਮਾਂ ਮੰਗਿਆ ਵਿਸ਼ੇਸ਼ ਪੈਕੇਜ

ਜਲ੍ਹਿਆਂਵਾਲਾ ਕਾਂਡ ਦੇ ਸ਼ਤਾਬਦੀ ਸਮਾਗਮਾਂ ਮੰਗਿਆ ਵਿਸ਼ੇਸ਼ ਪੈਕੇਜ
ਜਲ੍ਹਿਆਂਵਾਲਾ ਬਾਗ ਸ਼ਹੀਦੀ ਸਮਾਰਕ ‘ਤੇ ਨਤਮਸਤਕ ਹੁੰਦੇ ਹੋਏ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ।

ਅੰਮ੍ਰਿਤਸਰ/ਬਿਊਰੋ ਨਿਊਜ਼
ਇਤਿਹਾਸਕ ਜਲ੍ਹਿਆਂਵਾਲਾ ਬਾਗ ਕਾਂਡ ਦੇ ਸ਼ਤਾਬਦੀ ਵਰ੍ਹੇ ਨੂੰ ਵੱਡੀ ਪੱਧਰ ‘ਤੇ ਮਨਾਉਣ ਅਤੇ ਇਸ ਯਾਦਗਾਰ ਨੂੰ ਹੋਰ ਵਿਕਸਿਤ ਕਰਨ ਤੇ ਯਾਤਰੂਆਂ ਨੂੰ ਸਹੂਲਤਾਂ ਦੇਣ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ 100 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਪੱਤਰ ਵੀ ਭੇਜਿਆ ਹੈ।
ਦੱਸਣਯੋਗ ਹੈ ਕਿ 13 ਅਪਰੈਲ 1919 ਨੂੰ ਵਾਪਰੇ ਜਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਅਗਲੇ ਵਰ੍ਹੇ 2019 ਵਿੱਚ ਆ ਰਹੀ ਹੈ, ਜਿਸ ਨੂੰ ਮਨਾਉਣ ਲਈ ਸੂਬਾ ਸਰਕਾਰ ਵੱਲੋਂ ਯੋਜਨਾ ਬਣਾਈ ਜਾ ਰਹੀ ਹੈ। ਇਸੇ ਤਹਿਤ ਅੱਜ ਸ੍ਰੀ ਸਿੱਧੂ ਨੇ ਜਲ੍ਹਿਆਂਵਾਲਾ ਬਾਗ ਦਾ ਦੌਰਾ ਕੀਤਾ। ਸ਼ਹੀਦੀ ਸਮਾਰਕ ‘ਤੇ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ਼ਹੀਦਾਂ ਦੇ ਸ਼ਤਾਬਦੀ ਵਰ੍ਹੇ ਵਾਸਤੇ 100 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਵਿਖੇ ਯਾਤਰੂਆਂ ਲਈ ਵਿਸ਼ੇਸ਼ ਸਹੂਲਤਾਂ ਦੀ ਵੱਡੀ ਲੋੜ ਹੈ। ਇੱਥੇ ਅਤਿ ਆਧੁਨਿਕ ਪਖਾਨੇ, ਗਰਮੀ ਸਰਦੀ ਵਿੱਚ ਬੈਠਣ ਦਾ ਪ੍ਰਬੰਧ, ਪੀਣ ਵਾਲਾ ਸਾਫ ਸੁਥਰਾ ਪਾਣੀ, ਇਤਿਹਾਸ ਦੀ ਜਾਣਕਾਰੀ ਦੇਣ ਲਈ ਦਸਤਾਵੇਜ਼ੀ ਫਿਲਮਾਂ ਦਾ ਪ੍ਰਸਾਰਨ, ਆਵਾਜ਼ ਤੇ ਰੌਸ਼ਨੀ ‘ਤੇ ਆਧਾਰਿਤ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਸਮਾਰਕ ਦੇ ਆਲੇ-ਦੁਆਲੇ ਨੂੰ ਨਵੀਂ ਦਿੱਖ ਦੇਣ ਵੀ ਲੋੜ ਹੈ।
ਇੱਥੇ ਵਧੀਆ ਲੈਂਡ ਸਕੇਪਿੰਗ, ਲਾਈਟਾਂ ਅਤੇ ਕੈਫੇਟੇਰੀਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸੂਬੇ ਦੇ ਸੈਰ ਸਪਾਟਾ ਵਿਭਾਗ ਵੱਲੋਂ ਇਸ ਸਬੰਧੀ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਇਹ ਰਕਮ ਇਸ ਇਤਿਹਾਸਕ ਥਾਂ ਲਈ ਨਿਗੂਣੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਕੋਲੋਂ ਇਸ ਸਬੰਧੀ ਮੀਟਿੰਗ ਵਾਸਤੇ ਸਮਾਂ ਦੇਣ ਦੀ ਵੀ ਮੰਗ ਕੀਤੀ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਆਖਿਆ ਕਿ ਸੌ ਵਰ੍ਹੇ ਪਹਿਲਾਂ ਸ਼ਹੀਦ ਹੋਏ ਲੋਕਾਂ ਦੀ ਅਧਿਕਾਰਤ ਸੂਚੀ ਤਿਆਰ ਕੀਤੀ ਜਾਵੇਗੀ। ਇਸ ਕੰਮ ਲਈ ਉਨ੍ਹਾਂ ਇਤਿਹਾਸਕਾਰਾਂ ਨੂੰ ਅੱਗੇ ਆਉਣ ਵਾਸਤੇ ਕਿਹਾ ਹੈ। ਉਨ੍ਹਾਂ ਆਖਿਆ ਕਿ ਠੋਸ ਸੂਚੀ ਬਣਨ ਮਗਰੋਂ ਸਮੂਹ ਸ਼ਹੀਦਾਂ ਦੇ ਨਾਂ ਸਮਾਰਕ ‘ਤੇ ਉਕਰੇ ਜਾਣਗੇ। ਉਨ੍ਹਾਂ ਆਖਿਆ ਕਿ ਸੂਬਾ ਪੱਧਰ ‘ਤੇ ਵੀ ਸ਼ਤਾਬਦੀ ਵਰ੍ਹੇ ਨੂੰ ਮਨਾਉਣ ਲਈ ਕਮੇਟੀ ਬਣਾਈ ਜਾਵੇਗੀ।

ਸਿੱਧੂ ਵਾਹ-ਵਾਹ ਦਾ ਭੁੱਖਾ: ਮਲਿਕ
ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਖਿਆ ਕਿ ਕੇਂਦਰ ਸਰਕਾਰ ਸ਼ਤਾਬਦੀ ਵਰ੍ਹੇ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਰ ਚੁੱਕੀ ਹੈ ਅਤੇ ਸ੍ਰੀ ਸਿੱਧੂ ਸਿਰਫ ਵਾਹ-ਵਾਹ ਖੱਟਣ ਲਈ ਇਹ ਮੁੱਦਾ ਉਛਾਲ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ 21 ਮਾਰਚ 2017 ਨੂੰ ਇਹ ਮੁੱਦਾ ਰਾਜ ਸਭਾ ਵਿੱਚ ਰੱਖਿਆ ਸੀ, ਜਿਸ ਮਗਰੋਂ ਕੇਂਦਰੀ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਮਹੇਸ਼ ਸ਼ਰਮਾ ਨੇ 8 ਮਈ 2017 ਨੂੰ ਇੱਥੇ ਦੌਰਾ ਕੀਤਾ ਸੀ। ਉਨ੍ਹਾਂ ਸੌ ਕਰੋੜ ਰੁਪਏ ਦਾ ਪੈਕੇਜ ਦੇਣ ਦਾ ਵੀ ਭਰੋਸਾ ਦਿੱਤਾ ਸੀ। 13 ਨਵੰਬਰ 2017 ਨੂੰ ਉਨ੍ਹਾਂ ਮੁੜ ਕੇਂਦਰੀ ਮੰਤਰੀ ਨੂੰ ਯਾਦ ਪੱਤਰ ਦਿੱਤਾ ਸੀ, ਜਿਸ ਦੇ ਆਧਾਰ ‘ਤੇ ਕੇਂਦਰ ਸਰਕਾਰ ਵੱਲੋਂ 2019 ਤੋਂ 2020 ਤੱਕ ਸ਼ਤਾਬਦੀ ਵਰ੍ਹਾ ਮਨਾਉਣ ਅਤੇ ਵਿਸ਼ੇਸ਼ ਪੈਕੇਜ ਦੇਣ ਦਾ ਭਰੋਸਾ ਦਿੱਤਾ ਗਿਆ ਸੀ।