ਬੁਰਹਾਨ ਵਾਨੀ ਦੀ ਬਰਸੀ ਮੌਕੇ ਹਿੰਸਾ ਦੌਰਾਨ ਔਰਤ ਜ਼ਖ਼ਮੀ

ਬੁਰਹਾਨ ਵਾਨੀ ਦੀ ਬਰਸੀ ਮੌਕੇ ਹਿੰਸਾ ਦੌਰਾਨ ਔਰਤ ਜ਼ਖ਼ਮੀ

ਸ੍ਰੀਨਗਰ/ਬਿਊਰੋ ਨਿਊਜ਼ :
ਹਿਜ਼ਬੁਲ ਮੁਜਾਹਦੀਨ ਕਮਾਂਡਰ ਬੁਰਹਾਨ ਵਾਨੀ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ‘ਤੇ ਵੱਖਵਾਦੀਆਂ ਦੀ ਰੈਲੀ ਕਰਨ ਦੀ ਯੋਜਨਾ ਨੂੰ ਰੱਦ ਕਰਨ ਲਈ ਪ੍ਰਸ਼ਾਸਨ ਨੇ ਕਸ਼ਮੀਰ ਵਿਚ ਤਰਾਲ ਸਮੇਤ ਤਿੰਨ ਸ਼ਹਿਰਾਂ ਵਿਚ ਕਰਫਿਊ ਲਾਗੂ ਕਰ ਦਿੱਤਾ ਸੀ ਤੇ ਵਾਦੀ ਦੇ ਰਹਿੰਦੇ ਹਿੱਸਿਆਂ ਵਿਚ ਲੋਕ ਲਹਿਰ ‘ਤੇ ਪਾਬੰਦੀ ਲਗਾ ਦਿੱਤੀ ਗਈ। ਸ਼ਹਿਰ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ ਗਿਆ ਤੇ ਪਾਬੰਦੀਆਂ ਨੂੰ ਲਾਗੂ ਕਰਨ ਲਈ ਪੁਲੀਸ ਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀ.ਆਰ.ਪੀ.ਐਫ਼.) ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਸਾਰੇ ਕਸ਼ਮੀਰ ਵਿਚ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿਚ ਪੁਲੀਸ ਤੇ ਨੀਮ ਫ਼ੌਜੀ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਸਥਾਨਕ ਲੋਕਾਂ ਦੀ ਪੁਲੀਸ ਤੇ ਸੁਰੱਖਿਆ ਬਲਾਂ ਨਾਲ ਝੜਪਾਂ ਹੋਣ ਦੀ ਵੀ ਖ਼ਬਰ ਹੈ। ਸ੍ਰੀਨਗਰ ਵਿਚ ਲੋਕ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉਤਰੇ, ਪਰ ਕਰਫਿਊ ਲੱਗਾ ਹੋਣ ਕਾਰਨ ਚਸ਼ਮਦੀਦ ਗਵਾਹਾਂ ਅਨੁਸਾਰ ਘੱਟੋ-ਘੱਟ ਦਰਜਨ ਥਾਂਵਾਂ ‘ਤੇ ਲੋਕਾਂ ਨੇ ਵੱਖਵਾਦੀਆਂ ਦੇ ਪੱਖ ਤੇ ਭਾਰਤ ਸਰਕਾਰ ਦੇ ਵਿਰੋਧ ਵਿਚ ਨਾਅਰੇ ਲਗਾਏ। ਮਾਰਚ ਕੱਢਣ ਦੀ ਵੀ ਕੋਸ਼ਿਸ਼ ਕੀਤੀ ਗਈ। ਪੁਲਿਸ ਤੇ ਨੀਮ ਫ਼ੌਜੀ ਬਲ ਨੇ ਲੋਕਾਂ ਨੂੰ ਖਦੇੜਨ ਲਈ ਅੱਥਰੂ ਗੈਸ ਦਾ ਇਸਤੇਮਾਲ ਕੀਤਾ, ਜਿਸ ਦੇ ਬਾਅਦ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਮੌਕੇ ਇਕ ਔਰਤ ਜ਼ਖ਼ਮੀ ਹੋ ਗਈ। ਘਾਟੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜੰਮੂ ਵਿਚ ਭਗਵਤੀ ਨਗਰ ਦੇ ਆਧਾਰ ਕੰਪਲੈਕਸ ਤੋਂ ਅਮਰਨਾਥ ਯਾਤਰਾ ਅਗਲੇ ਆਦੇਸ਼ ਤਕ ਰੱਦ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਵਾਨੀ ਬੀਤੇ ਸਾਲ ਦੀ 8 ਜੁਲਾਈ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ।
ਬੁਰਹਾਨ ਦੇ ਪਿਤਾ ਬੋਲੇ, ਸ਼ਾਂਤੀ ਚਾਹੁੰਦਾ ਹਾਂ  :
ਉੱਧਰ ਵਾਨੀ ਦੀ ਪਹਿਲੀ ਬਰਸੀ ‘ਤੇ ਪਿਤਾ ਮੁਜ਼ੱਫ਼ਰ ਅਹਿਮਦ ਵਾਨੀ ਨੇ ਕਸ਼ਮੀਰ ਘਾਟੀ ਵਿਚ ਖ਼ੂਨ-ਖ਼ਰਾਬੇ ਦੀ ਜਗ੍ਹਾ ਸ਼ਾਂਤੀ ਤੇ ਏਕਤਾ ਸਥਾਪਤ ਕਰਨ ਦੀ ਮੰਗ ਕੀਤੀ ਹੈ। ਬੁਰਹਾਨ ਦੇ ਪਿਤਾ ਨੇ ਇਕ ਵੀਡੀਓ ਮੈਸੇਜ ਜਾਰੀ ਕਰ ਲੋਕਾਂ ਨੂੰ ਕਿਹਾ ਹੈ ਕਿ ਪੁੱਤਰ ਦੀ ਬਰਸੀ ‘ਤੇ ਉਹ ਕਿਸੀ ਤਰ੍ਹਾਂ ਦੀ ਹਿੰਸਾ ਜਾਂ ਕਿਸੇ ਪ੍ਰਕਾਰ ਦਾ ਹਾਦਸਾ ਨਹੀਂ ਚਾਹੁੰਦੇ। ਉਹ ਸਿਰਫ਼ ਸ਼ਾਂਤੀ ਤੇ ਏਕਤਾ ਚਾਹੁੰਦੇ ਹਨ।
ਨਵਾਜ਼ ਸ਼ਰੀਫ਼ ਨੇ ਵਾਨੀ ਨੂੰ ਦਿੱਤੀ ਸ਼ਰਧਾਂਜਲੀ :
ਇਸਲਾਮਾਬਾਦ : ਪਾਕਿਸਤਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਬੁਰਹਾਨ ਵਾਨੀ ਦੀ ਬਰਸੀ ‘ਤੇ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਕਸ਼ਮੀਰ ਵਾਦੀ ਵਿਚ ਮਰ ਕੇ ਉਸ ਨੇ ਆਜ਼ਾਦੀ ਦੇ ਸੰਘਰਸ਼ ਵਿਚ ਨਵੀਂ ਮਿਸਾਲ ਕਾਇਮ ਕੀਤੀ ਹੈ। ਸ਼ਰੀਫ਼ ਨੇ ਕਿਹਾ ਕਿ ਭਾਰਤ ਫ਼ੌਜ ਦੁਆਰਾ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਤੋਂ ਨਹੀਂ ਰੋਕ ਸਕਦਾ। ਇਸ ਮੌਕੇ ਪਾਕਿਸਤਾਨ ਦੇ ਫ਼ੌਜ ਮੁਖੀ ਚੀਫ਼ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਵਾਨੀ ਦੀ ਬਰਸੀ ‘ਤੇ ਉਸ ਨੂੰ ਸ਼ਰਧਾਂਜਲੀ ਦਿੱਤੀ ਤੇ ਉਸ ਦੀ ਸ਼ਲਾਘਾ ਵੀ ਕੀਤੀ।