‘ਨਿਰਲੱਜ ਭਗਤ’ ਹੀ ਮੋਦੀ ਦੇ ਨਿਘਾਰ ਦਾ ਬਣਨਗੇ ਕਾਰਨ : ਸ਼ਿਵ ਸੈਨਾ

‘ਨਿਰਲੱਜ ਭਗਤ’ ਹੀ ਮੋਦੀ ਦੇ ਨਿਘਾਰ ਦਾ ਬਣਨਗੇ ਕਾਰਨ : ਸ਼ਿਵ ਸੈਨਾ

ਮੁੰਬਈ/ਬਿਊਰੋ ਨਿਊਜ਼ :
ਸ਼ਿਵ ਸੈਨਾ ਨੇ ਹਰ ਸਮੇਂ ‘ਮੋਦੀ-ਮੋਦੀ’ ਜਪਣ ਵਾਲੇ ਭਾਰਤੀ ਜਨਤਾ ਭਾਰਤੀ ਦੇ ਕਾਰਕੁਨਾਂ ‘ਤੇ ਹਮਲਾ ਬੋਲਦਿਆਂ ਚਿਤਾਵਨੀ ਦਿੱਤੀ ਹੈ ਕਿ ਇਹ ‘ਨਿਰਲੱਜ ਭਗਤ’ ਪ੍ਰਧਾਨ ਮੰਤਰੀ ਦੇ ਨਿਘਾਰ ਦਾ ਕਾਰਨ ਬਣਨਗੇ, ਜਿਸ ਤਰ੍ਹਾਂ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਭਗਤ ਬਣੇ ਸਨ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ ਹੈੱਡਕੁਆਰਟਰ ਵਿੱਚ ਚੈੱਕ ਵੰਡ ਸਮਾਰੋਹ ਦੌਰਾਨ ਭਾਜਪਾ ਕਾਰਪੋਰੇਟਰਾਂ ਵੱਲੋਂ ਮੋਦੀ ਪੱਖੀ ਨਾਅਰੇ ਲਾਏ ਜਾਣ ਤੋਂ ਭਖੀ ਸ਼ਿਵ ਸੈਨਾ ਨੇ ਆਪਣੇ ਪਰਚੇ ‘ਸਾਮਨਾ’ ਦੀ ਸੰਪਾਦਕੀ ਵਿੱਚ ਭੜਾਸ ਕੱਢੀ ਹੈ। ਮਹਾਰਾਸ਼ਟਰ ਦੇ ਵਿੱਤ ਮੰਤਰੀ ਸੁਧੀਰ ਮੁੰਗਟੀਵਰ ਜਦੋਂ ਚੈੱਕ ਸੌਂਪ ਰਹੇ ਸਨ ਤਾਂ ਭਾਜਪਾ ਦੇ ਕੁੱਝ ਕਾਰਪੋਰੇਟਰਾਂ ਤੇ ਵਰਕਰਾਂ ਨੇ ‘ਮੋਦੀ-ਮੋਦੀ’ ਜਾਪ ਸ਼ੁਰੂ ਕਰ ਦਿੱਤਾ, ਜਿਸ ‘ਤੇ ਸੱਤਾਧਾਰੀ ਸ਼ਿਵ ਸੈਨਾ ਕੈਂਪ ਨੇ ਮੋੜਵੇਂ ਨਾਅਰੇ ਲਗਾ ਦਿੱਤੇ। ਇਸ ਦੌਰਾਨ ਕੁੱਝ ਸੈਨਾ ਵਰਕਰਾਂ ਵੱਲੋਂ ਭਾਜਪਾ ਦੇ ਇਕ ਕਾਰਪੋਰੇਟ ਨਾਲ ਹੱਥੋਪਾਈ ਵੀ ਕੀਤੀ ਗਈ।
ਸੰਪਾਦਕੀ ਵਿੱਚ ਲਿਖਿਆ, ‘ਅੱਜ ਜਿਹੜੇ ਬੇਲੋੜਾ ਮੋਦੀ ਦਾ ਜਾਪ ਕਰ ਰਹੇ ਹਨ ਅਸਲ ਵਿੱਚ ਉਹ ਪ੍ਰਧਾਨ ਮੰਤਰੀ ਦਾ ਅਕਸ ਵਿਗਾੜ ਰਹੇ ਹਨ। ਇਕ ਸਮਾਂ ਸੀ ਜਦੋਂ ਇੰਦਰਾ ਗਾਂਧੀ ਦੇ ਵੀ ਸੋਹਲੇ ਗਾਏ ਜਾਂਦੇ ਸਨ। ਉਨ੍ਹਾਂ ਦੇ ‘ਭਗਤਾਂ’ ਨੇ ‘ਇੰਦਰਾ ਹੀ ਭਾਰਤ’ ਵਰਗੇ ਨਾਅਰੇ ਲਗਾ ਕੇ ਭਾਰਤ ਮਾਤਾ ਦਾ ਅਪਮਾਨ ਕੀਤਾ ਸੀ। ਇਸ ਤੋਂ ਅਪਮਾਨ ਤੋਂ ਉੱਠੀ ਲਹਿਰ ਇੰਦਰਾ ਗਾਂਧੀ ਦੀ ਹਾਰ ਦਾ ਕਾਰਨ ਬਣੀ ਸੀ। ਇਹ ਹਕੀਕਤ ਹੈ ਕਿ ਇੰਦਰਾ ਗਾਂਧੀ ਨੇ 1971 ਵਿੱਚ ਪਾਕਿਸਤਾਨ ਖ਼ਿਲਾਫ਼ ਜੰਗ ਹੀ ਨਹੀਂ ਜਿੱਤੀ ਸੀ ਬਲਕਿ ਉਸ ਦੀ ਵੰਡ ਕਰਕੇ ਪਾਕਿਸਤਾਨ ਨੂੰ ਗੋਡਿਆਂ ਪਰਨੇ ਕਰ ਦਿੱਤਾ ਸਨ। ਅਸੀਂ ਭਾਜਪਾ ਨੂੰ ਦੱਸਣਾ ਚਾਹੁੰਦੇ ਹਾਂ ਕਿ ਉਹ ਫਿਰ ਵੀ ਹਾਰ ਗਈ ਸੀ ਅਤੇ ਇਹ ਉਸ ਦੇ ਸਮਰਥਕਾਂ ਦੀ ਬੇਲੋੜੀ ‘ਇੰਦਰਾ ਭਗਤੀ’ ਦਾ ਨਤੀਜਾ ਸੀ। ਸਾਡੇ ਮਿੱਤਰ (ਭਾਜਪਾ) ਨੂੰ ਆਪਣੇ ‘ਭਗਤਾਂ’ ਤੋਂ ਚੌਕਸ ਹੋਣ ਦੀ ਲੋੜ ਹੈ। ਅੱਜ ਮੋਦੀ ਪੱਖੀ ਨਾਅਰੇ ਮਾਰਨ ਵਾਲੇ ਭਲਕੇ ਉਸ ਦੇ ਨਿਘਾਰ ਦਾ ਕਾਰਨ ਬਣ ਸਕਦੇ ਹਨ।’
ਸ਼ਿਵ ਸੈਨਾ ਨੇ ਕਿਹਾ, ‘ਮੋਦੀ ਦਾ ਨਾਂ ਲੈਣ ਦੀ ਕੀ ਲੋੜ ਸੀ? ਮੁੱਖ ਮੰਤਰੀ ਤੇ ਭਾਜਪਾ ਪ੍ਰਧਾਨ ਨੂੰ ਇਹ ਸਵਾਲ ਖ਼ੁਦ ਤੋਂ ਪੁੱਛਣਾ ਚਾਹੀਦਾ ਹੈ। ਇਹ (ਜੀਐਸਟੀ ਮੁਆਵਜ਼ਾ) ਰਾਸ਼ੀ ਨਾ ਤਾਂ ਭਾਜਪਾ ਦੇ ਖ਼ਜ਼ਾਨੇ ਵਿੱਚੋਂ ਆਈ ਸੀ ਅਤੇ ਨਾ ਹੀ ਸ਼ਿਵ ਸੈਨਾ ਦੇ ਖ਼ਜ਼ਾਨੇ ਵਿੱਚ ਜਾਵੇਗੀ। ਇਹ ਰਾਸ਼ੀ ਮੁੰਬਈ ਦੀ ਭਲਾਈ ਲਈ ਵਰਤੀ ਜਾਵੇਗੀ।’