ਕਾਂਗਰਸ ਦੀ ਸ਼ਹਿ ‘ਤੇ ਸ਼ਹੀਦੀ ਸਮਾਗਮਾਂ ਵਿਚ ਭੰਗ ਪਾਉਣਾ ਚਾਹੁੰਦੇ ਹਨ ਮੁਤਵਾਜ਼ੀ ਜਥੇਦਾਰ : ਸੁਖਬੀਰ

ਕਾਂਗਰਸ ਦੀ ਸ਼ਹਿ ‘ਤੇ ਸ਼ਹੀਦੀ ਸਮਾਗਮਾਂ ਵਿਚ ਭੰਗ ਪਾਉਣਾ ਚਾਹੁੰਦੇ ਹਨ ਮੁਤਵਾਜ਼ੀ ਜਥੇਦਾਰ : ਸੁਖਬੀਰ
ਕੈਪਸ਼ਨ-ਚੌਕ ਮਹਿਤਾ ਵਿੱਚ ਦਮਦਮੀ ਟਕਸਾਲ ਵਿਖੇ ਸੁਖਬੀਰ ਸਿੰਘ ਬਾਦਲ, ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਹੋਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 6 ਜੂਨ ਦੇ ਸ਼ਹੀਦੀ ਦਿਹਾੜੇ ਨੂੰ ਅਮਨ-ਸ਼ਾਂਤੀ  ਨਾਲ ਮਨਾਉਣ ਦਾ ਯਤਨ ਕਰ ਰਹੀ ਹੈ ਪਰ ਕਾਂਗਰਸ ਦੀ ਸ਼ਹਿ ‘ਤੇ ਮੁਤਵਾਜ਼ੀ ਜਥੇਦਾਰ ਅਤੇ ਕੁਝ ਹੋਰ ਲੋਕ ਇਸ ਦਿਨ ਦੇ ਸਮਾਗਮਾਂ ਵਿੱਚ ਵਿਘਨ ਪਾਉਣ ਲਈ ਯਤਨਸ਼ੀਲ ਹਨ। ਉਹ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਮਹਿਤਾ ਚੌਕ ਵਿੱਚ ਘੱਲੂਘਾਰੇ ਨਾਲ ਸਬੰਧਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨਾਲ ਲਗਭਗ ਇੱਕ ਘੰਟਾ ਬੰਦ ਕਮਰਾ ਮੀਟਿੰਗ ਵੀ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ 6 ਜੂਨ ਦਾ ਦਿਹਾੜਾ ਅਮਨ-ਸ਼ਾਂਤੀ ਨਾਲ ਮਰਿਆਦਾ ਵਿੱਚ ਰਹਿ ਕੇ ਮਨਾਇਆ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਇਹ ਦਿਹਾੜਾ ਅਕਾਲ ਤਖ਼ਤ ਦੀ ਪ੍ਰੰਪਰਾ, ਮਰਿਆਦਾ ਅਤੇ ਸਿਧਾਂਤਾਂ ਅਨੁਸਾਰ ਮਨਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਗੜਬੜ ਹੁੰਦੀ ਹੈ ਤਾਂ ਇਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਅਕਾਲ ਤਖ਼ਤ ਦੇ ਜਥੇਦਾਰ ਦੀ ਥਾਂ ਕਿਸੇ ਹੋਰ ਕੋਲੋਂ ਸੰਦੇਸ਼ ਪੜ੍ਹਾਉਣ ਦੀ ਮੰਗ ਨਕਾਰਦਿਆਂ ਉਨ੍ਹਾਂ  ਕਿਹਾ ਕਿ ਅਕਾਲ ਤਖ਼ਤ ਦੀ ਮਰਿਆਦਾ ਅਨੁਸਾਰ ਕੌਮ ਦੇ ਮੁੱਖ ਦਿਹਾੜਿਆਂ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਨੇ ਹੀ ਸੰਦੇਸ਼ ਜਾਰੀ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੀ ਮਰਿਆਦਾ ਅਤੇ ਪ੍ਰੰਪਰਾ ਨੂੰ ਕਿਸੇ ਤਰ੍ਹਾਂ ਢਾਹ ਨਹੀਂ ਲੱਗਣੀ ਚਾਹੀਦੀ।
ਕਾਂਗਰਸ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ਵਿੱਚ ਹੀ ਲੋਕ ਸਰਕਾਰ ਤੋਂ ਤੰਗ ਆ ਗਏ ਹਨ। ਉਨ੍ਹਾਂ ਕਾਂਗਰਸ  ਨੂੰ ਵਾਅਦਿਆਂ ਤੋਂ ਮੁਕਰਨ ਵਾਲੀ ਸਰਕਾਰ ਕਰਾਰ ਦਿੱਤਾ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਬਿਕਰਮ ਸਿੰਘ ਮਜੀਠੀਆ, ਮਨਜਿੰਦਰ ਸਿੰਘ ਸਿਰਸਾ, ਵਿਰਸਾ ਸਿੰਘ ਵਲਟੋਹਾ, ਡਾ. ਦਲਬੀਰ ਸਿੰਘ ਵੇਰਕਾ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।