ਮਨੀਲਾ ਦੇ ਕੈਸੀਨੋ ‘ਚ ਹਮਲਾਵਰ ਨੇ ਗੋਲੀਆਂ ਵਰ੍ਹਾ ਕੇ ਲਗਾਈ ਅੱਗ
ਹੁਣ ਤੱਕ 37 ਲਾਸ਼ਾਂ ਮਿਲੀਆਂ
ਮਨੀਲਾ/ਬਿਊਰੋ ਨਿਊਜ਼ :
ਫ਼ਿਲਪਾਈਨ ਦੇ ਹੋਟਲ ਰਿਸਾਰਟ ਵਰਲਡ ਮਨੀਲਾ ਵਿਚ ਹਮਲਾਵਰ ਨੇ ਗੋਲੀਬਾਰੀ ਕਰਨ ਦੇ ਬਾਅਦ ਕੇਸੀਨੋ ਨੂੰ ਅੱਗ ਲਗਾ ਦਿੱਤੀ। ਪੁਲੀਸ ਨੇ ਇੱਥੇ ਤਲਾਸ਼ੀ ਅਭਿਆਨ ਦੌਰਾਨ 37 ਲਾਸ਼ਾਂ ਬਰਾਮਦ ਕੀਤੀਆਂ ਹਨ। ਸੂਤਰਾਂ ਮੁਤਾਬਕ ਪੁਲੀਸ ਅਧਿਕਾਰੀ ਰੋਨਾਲਡ ਡੇਲਾ ਰੋਸ ਨੇ ਜਾਣਕਾਰੀ ਦਿੱਤੀ ਕਿ ਇਸ ਹਮਲੇ ਨੂੰ ਇਕ ਹੀ ਹਮਲਾਵਰ ਨੇ ਅੰਜ਼ਾਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੋਟਲ ‘ਤੇ ਕੀਤਾ ਗਿਆ ਇਹ ਹਮਲਾ ਕੋਈ ਅੱਤਵਾਦੀ ਹਮਲਾ ਨਹੀਂ ਲਗਦਾ, ਦਰਅਸਲ ਹਮਲਾਵਰ ਜੂਆਖਾਨੇ ਤੋਂ ਗ੍ਰੀਨ ਚਿੱਪ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਮਲੇ ਦੀ ਖ਼ਬਰ ਮਿਲਣ ਤੋਂ ਬਾਅਦ ਇਸ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਸੀ। ਜਾਣਕਾਰੀ ਅਨੁਸਾਰ ਹਮਲਾਵਰ ਨੇ ਜੂਆਖਾਨੇ ਅੰਦਰ ਆਉਂਦੇ ਹੀ ਟੀ.ਵੀ. ‘ਤੇ ਗੋਲੀ ਚਲਾਉਣ ਬਾਅਦ ਉਸ ਕਮਰੇ ਵਿਚ ਗੋਲੀਆਂ ਚਲਾਈਆਂ, ਜਿੱਥੇ ਗ੍ਰੀਨ ਚਿੱਪ ਰੱਖੇ ਹੋਏ ਸਨ। ਹਮਲਾਵਰ ਨੇ ਆਪਣੇ ਬੈਗ ਵਿਚ ਪੈਟਰੋਲ ਵੀ ਰੱਖਿਆ ਸੀ, ਜਿਸ ਨਾਲ ਉਸ ਨੇ ਹੋਟਲ ਦੇ ਕੁਝ ਟੇਬਲਾਂ ਨੂੰ ਅੱਗ ਲਗਾ ਦਿੱਤੀ ਤੇ ਉਹ ਕਾਫ਼ੀ ਫ਼ੈਲ ਗਈ। ਅੱਗ ਲੱਗਾਉਣ ਤੋਂ ਕੁਝ ਦੇਰ ਬਾਅਦ ਹੀ ਉਸ ਨੇ ਆਤਮਘਾਤੀ ਧਮਾਕਾ ਕੀਤਾ। ਸਥਾਨਕ ਪੁਲੀਸ ਅਧਿਕਾਰੀ ਆਸਕਰ ਨੇ ਕਿਹਾ ਕਿ ਇਸ ਹਮਲੇ ਵਿਚ ਲਗਾਈ ਗਈ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਅੰਦਰ ਤਲਾਸ਼ੀ ਲਈ ਗਈ ਤਾਂ ਕਰੀਬ 37 ਲਾਸ਼ਾਂ ਬਰਾਮਦ ਕੀਤੀਆਂ ਹਨ, ਇਨ੍ਹਾਂ ਤੋਂ ਇਲਾਵਾ 54 ਲੋਕ ਜ਼ਖ਼ਮੀ ਹਾਲਤ ਵਿਚ ਬਾਹਰ ਕੱਢੇ ਗਏ। ਉਨ੍ਹਾਂ ਨੇ ਕਿਹਾ ਕਿ ਹਮਲਾਵਰ ਨੇ ਗੋਲੀਬਾਰੀ ਵੀ ਕੀਤੀ ਪਰ ਮ੍ਰਿਤਕਾਂ ਨੂੰ ਦੇਖ ਕੇ ਨਹੀਂ ਲੱਗਦਾ ਕਿ ਉਨ੍ਹਾਂ ਦੀ ਮੌਤ ਗੋਲੀ ਲੱਗਣ ਨਾਲ ਹੋਈ, ਅਸਲ ਵਿਚ ਉਨ੍ਹਾਂ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਹਮਲੇ ਵਿਚ ਉਨ੍ਹਾਂ ਦੇ ਇਕ ਨਾਗਰਿਕ ਦੀ ਮੌਤ ਹੋਈ ਹੈ ਤੇ 3 ਹੋਰ ਨਾਗਰਿਕ ਜ਼ਖ਼ਮੀ ਹੋਏ ਹਨ। ਹਮਲਾਵਰ ਦੇ ਕਮਰੇ ਵਿਚ ਉਸ ਦੀ ਲਾਸ਼ ਦੇ ਨਜ਼ਦੀਕ ਚੋਰੀ ਕੀਤੀਆਂ ਕਰੀਬ 11.3 ਕਰੋੜ ਰੁਪਏ ਦੀਆਂ ਗ੍ਰੀਨ ਚਿੱਪ ਨਾਲ ਭਰਿਆ ਬੈਗ, ਇਕ ਮਸ਼ੀਨ ਗਨ ਤੇ .380 ਕੈਲੀਬਰ ਬੰਦੂਕ ਬਰਾਮਦ ਕੀਤੀ ਹੈ। ਹਮਲਾਵਰ ਦੀ ਲਾਸ਼ ਦੇਖਣ ‘ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਦੇਖਣ ਵਿਚ ਕਾਕੇਸੀਅਨ ਮੂਲ ਦਾ ਲੱਗ ਰਿਹਾ ਹੈ।
ਆਈ.ਐਸ. ਨੇ ਲਈ ਹਮਲੇ ਦੀ ਜ਼ਿੰਮੇਵਾਰੀ :
ਕਾਹਿਰਾ : ਮਨੀਲਾ ਦੇ ਹੋਟਲ ਵਿਚ ਕੀਤੇ ਗਏ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਅੱਤਵਾਦੀ ਸੰਗਠਨ ਆਈ.ਐਸ. ਨੇ ਲਈ ਹੈ। ਅੱਤਵਾਦੀ ਸੰਗਠਨ ਦੀ ਆਪ ਬਣਾਈ ਖ਼ਬਰ ਏਜੰਸੀ ਅਮਾਕ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ, ਜਿਸ ਵਿਚ ਕਰੀਬ 37 ਲੋਕਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮਨੀਲਾ ਪੁਲੀਸ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਨਾ ਮੰਨਦੇ ਹੋਏ, ਇਸ ਨੂੰ ਲੁੱਟ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਦੱਸਿਆ ਸੀ।
Comments (0)