‘ਦਿ ਬਲੈਕ ਪ੍ਰਿੰਸ’ : ਪ੍ਰਚਾਰ ਮੁਹਿੰਮ ਦੀ ਸ਼ੁਰੂਆਤ

‘ਦਿ ਬਲੈਕ ਪ੍ਰਿੰਸ’ : ਪ੍ਰਚਾਰ ਮੁਹਿੰਮ ਦੀ ਸ਼ੁਰੂਆਤ

ਫ਼ਿਲਮ ਦੀ ਸਮੁੱਚੀ ਟੀਮ ਨੇ ਫ਼ਿਲਮ ਦੇ ਇਤਿਹਾਸਕ ਪਲਾਂ ਨਾਲ ਇਨਸਾਫ਼ ਕੀਤਾ : ਸ਼ਬਾਨਾ ਆਜ਼ਮੀ
‘ਪੰਜਾਬੀ ਬੋਲਣਾ ਮੇਰੇ ਲਈ ਆਸਾਨ ਨਹੀਂ ਸੀ ਪਰ ਸਰਤਾਜ ਨੇ ਮੇਰੀ ਮਦਦ ਕੀਤੀ’
ਲੁਧਿਆਣਾ/ਬਿਊਰੋ ਨਿਊਜ਼ :
‘ਦਿ ਬਲੈਕ ਪ੍ਰਿੰਸ’ ਦੇ ਅਦਾਕਾਰ ਸਤਿੰਦਰ ਸਰਤਾਜ ਤੇ ਅਦਾਕਾਰਾ ਸ਼ਬਾਨਾ ਆਜ਼ਮੀ ਫ਼ਿਲਮ ਦੀ ਪ੍ਰਮੋਸ਼ਨ ਲਈ ਹੋਟਲ ਹਿਆਤ ਵਿਚ ਪੁੱਜੇ। ਫ਼ਿਲਮ ਵਿਚ ਸਤਿੰਦਰ ਸਰਤਾਜ ਮਹਾਰਾਜਾ ਦਲੀਪ ਸਿੰਘ ਅਤੇ ਅਦਾਕਾਰਾ ਸ਼ਬਾਨਾ ਆਜ਼ਮੀ ਮਹਾਰਾਣੀ ਜਿੰਦਾਂ ਦੀ ਭੂਮਿਕਾ ਨਿਭਾਅ ਰਹੀ ਹੈ। ਫ਼ਿਲਮ ਵਿਚ ਪੰਜਾਬ ਦੇ ਆਖਰੀ ਸ਼ਾਸ਼ਕ ਮਹਾਰਾਜ ਦਲੀਪ ਸਿੰਘ ਦੀ ਅਣਕਹੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ, ਜੋ ਭਾਰਤ ਦੀ ਅਮੀਰ ਵਿਰਾਸਤ ਦੇ ਆਖਰੀ ਵਾਰਿਸ ਨੂੰ ਆਈਆਂ ਮੁਸ਼ਕਲਾਂ ਨੂੰ ਪਰਦੇ ‘ਤੇ ਰੂਪਮਾਨ ਕੀਤਾ ਗਿਆ ਹੈ। ਸ਼ਬਾਨਾ ਇਸ ਬਾਰੇ ਦੱਸਦੇ ਹਨ, ”ਜਦੋਂ ਮੈਨੂੰ ਇਹ ਕਿਰਦਾਰ ਨਿਭਾਉਣ ਲਈ ਪ੍ਰਸਤਾਵ ਆਇਆ ਤਾਂ ਇਸ ਬਾਰੇ ਮੈਂ ਕਾਫ਼ੀ ਉਤਸ਼ਾਹਤ ਹੋਈ ਕਿਉਂਕਿ ਫ਼ਿਲਮ ਬਾਰੇ ਅਜਿਹੀਆਂ ਬਹੁਤ ਗੱਲਾਂ ਸਨ ਜੋ ਮੈਂ ਪਹਿਲਾਂ ਨਹੀਂ ਸੀ ਜਾਣਦੀ। ਮੈਨੂੰ ਇਹ ਕਿਰਦਾਰ ਬਹੁਤ ਹੀ ਦਿਲਚਸਪ ਲੱਗਿਆ। ਮੈਂ ਬਹੁਤ ਮੁਤਾਸਰ ਹੋਈ। ਇਸ ਫ਼ਿਲਮ ਨਾਲ ਜਿਹੜੇ ਵੀ ਲੋਕ ਜੁੜੇ ਹਨ, ਭਾਵੇਂ ਉਹ ਇਸ ਦੇ ਨਿਰਮਾਤਾ ਜਸਜੀਤ ਸਿੰਘ ਹੋਣ, ਇਸ ਦੇ ਡਾਇਰੈਕਟਰ ਕਵੀ ਰਾਜ਼ ਹੋਣ ਤੇ ਖ਼ੁਦ ਸਤਿੰਦਰ ਸਰਤਾਜ ਨੇ…ਇਨ੍ਹਾਂ ਲਈ ਇਹ ਮਹਿਜ਼ ਫ਼ਿਲਮ ਨਹੀਂ ਸੀ…ਇਨ੍ਹਾਂ ਨੇ ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਛੋਹਿਆ, ਉਸ ਅਣਕਹੀ ਦਾਸਤਾਨ ‘ਤੇ ਰੌਸ਼ਨੀ ਪਾਈ…ਜੋ ਸਦੀਆਂ ਤੋਂ ਸ਼ਾਇਦ ਅਣਗੌਲਿਆ ਸੀ। ਇਨ੍ਹਾਂ ਨੇ ਆਪਣੀ ਬਿਹਤਰੀਨ ਸਮਰੱਥਾ ਨਾਲ ਇਨ੍ਹਾਂ ਇਤਿਹਾਸਕ ਪਲਾਂ ਨਾਲ ਇਨਸਾਫ਼ ਕੀਤਾ ਹੈ। ਮੈਨੂੰ ਲਗਦਾ ਸੀ ਕਿ ਇਹ ਫ਼ਿਲਮ ਬਣਾਉਣ ਨੂੰ ਬਹੁਤ ਸਮਾਂ ਲਗਾਉਣਗੇ ਪਰ ਇਨ੍ਹਾਂ ਨੇ ਤੈਅ ਸਮੇਂ ਅੰਦਰ ਇਹ ਫ਼ਿਲਮ ਮੁਕੰਮਲ ਕੀਤੀ ਹੈ ਤੇ ਬੜੀ ਜੀਅ-ਜਾਨ ਨਾਲ ਮਿਹਨਤ ਨਜ਼ਰ ਆਉਂਦੀ ਹੈ।”

ਸ਼ਬਾਨਾ ਨੇ ਕਿਹਾ, ”ਮੈਨੂੰ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਇਹ ਬਹੁਤ ਹੀ ਭਾਵੁਕ ਕਿਰਦਾਰ ਹੈ। ਬਹੁਤ ਦਮਦਾਰ ਕਿਰਦਾਰ ਹੈ। ਇਸ ਦੇ ਕਈ ਸ਼ੇਡ ਹਨ। ਮਹਾਰਾਣੀ ਜਿੰਦਾਂ ਕੋਲ ਬਹੁਤ ਕੁਝ ਹੈ…ਮਹਾਰਾਜਾ ਰਣਜੀਤ ਸਿੰਘ ਫ਼ੌਤ ਹੋ ਚੁੱਕੇ ਹਨ…ਬੇਟਾ ਕੋਲ ਨਹੀਂ ਤਾਂ ਤੁਹਾਨੂੰ ਲਗਦਾ ਹੈ ਕਿ ਉਹ ਵਿਚਾਰੀ ਔਰਤ ਹੈ ਪਰ ਅਜਿਹਾ ਨਹੀਂ…ਉਹ ਵਿਚਾਰੀ ਨਹੀਂ…ਉਹਦੇ ਕੋਲ ਹਾਲੇ ਵੀ ਉਹ ਤਾਕਤ ਹੈ…ਮੌਕੇ ਦੀ ਭਾਲ ਵਿਚ ਹੈ…ਉਹਦਾ ਬੇਟਾ ਆਉਂਦਾ ਹੈ…ਪਰ ਬੇਟੇ ਅੰਦਰ ਮਾਂ ਲਈ ਕੋਈ ਜਜ਼ਬਾਤ ਨਹੀਂ…ਜ਼ਾਹਰ ਹੈ ਉਹ ਕਦੇ ਮਾਂ ਨਾਲ ਰਿਹਾ ਹੀ ਨਹੀਂ…ਉਹ ਆਪਣੇ ਬੇਟੇ ਨੂੰ ਦਸਦੀ ਹੈ ਕਿ ਤੂੰ ਸਿਰਫ਼ ਰਾਜਕੁਮਾਰ ਨਹੀਂ ਹੈ…ਤੂੰ ਪੰਜਾਬ ਸਲਤਨਤ ਦਾ ਮਹਾਰਾਜਾ ਹੈ ਤੇ ਤੂੰ ਉਹ ਸਭ ਕੁਝ ਵਾਪਸ ਹਾਸਲ ਕਰਨਾ ਹੈ। ਜਦੋਂ ਮੈਂ ਕਵੀ ਰਾਜ਼ ਜੀ ਨੂੰ ਪੁੱਛਿਆ ਕਿ ਤੁਸੀਂ ਇਸ ਰੋਲ ਲਈ ਮੈਨੂੰ ਹੀ ਕਿਉਂ ਚੁਣਿਆ ਤਾਂ ਉਨ੍ਹਾਂ ਕਿਹਾ ਕਿ ਇਕ ਮਾਂ ਦੀਆਂ ਭਾਵਨਾਵਾਂ ਨੂੰ ਜਿਸ ਸ਼ਿੱਦਤ ਨਾਲ ਤੁਸੀਂ ਨਿਭਾ ਸਕਦੇ ਹੋ, ਮੈਨੂੰ ਨਹੀਂ ਲਗਦਾ ਕਿ ਉਹ ਕੋਈ ਹੋਰ ਕਰ ਸਕਦਾ ਹੈ।”
ਪੰਜਾਬੀ ਫ਼ਿਲਮ ਕਰਨ ਬਾਰੇ ਸ਼ਬਾਨਾ ਦਾ ਕਹਿਣਾ ਹੈ, ”ਸਹੀ ਅਰਥਾਂ ਵਿਚ ਮੇਰੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਕਿਉਂਕਿ ਇਸ ਤੋਂ ਪਹਿਲਾਂ ਮੈਂ ਗੁਰਿੰਦਰ ਚੱਢਾ ਦੀ ਫ਼ਿਲਮ ਕੀਤੀ ਸੀ ਪਰ ਉਹ ਅੰਗਰੇਜ਼ੀ ਵਿਚ ਸੀ ਪਰ ਬਾਅਦ ਵਿਚ ਉਹ ਪੰਜਾਬੀ ਤੇ ਹਿੰਦੀ ਵਿਚ ਡਬ ਹੋਈ ਪਰ ਇਸ ਫ਼ਿਲਮ ਵਿਚ ਮੈਂ ਖ਼ੁਦ ਪੰਜਾਬੀ ਬੋਲੀ ਤੇ ਲੰਬੇ ਲੰਬੇ ਡਾਇਲਾਗ ਮੈਂ ਬੋਲੇ। ਮੇਰੇ ਲਈ ਪੰਜਾਬੀ ਬੋਲਣਾ ਆਸਾਨ ਨਹੀਂ ਸੀ ਕਿਉਂਕਿ ਕੋਈ ਵੀ ਭਾਸ਼ਾ ਸਿੱਖਣ-ਬੋਲਣ ਲਈ ਵਕਤ ਲਗਦਾ ਹੈ ਪਰ ਇਸ ਮਾਮਲੇ ਵਿਚ ਮੇਰੀ ਸਰਤਾਜ ਨੇ ਬਹੁਤ ਮਦਦ ਕੀਤੀ।”
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੇ ਸਸਕਾਰ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਯੂ.ਕੇ. ਦੀ ਇੱਕ ਪੰਜਾਬੀ ਸੰਸਥਾ ਚਾਹੁੰਦੀ ਹੈ ਕਿ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਇੰਗਲੈਂਡ ਤੋਂ ਵਾਪਸ ਪੰਜਾਬ ਵਿੱਚ ਲਿਆਂਦਾ ਜਾਵੇ। ਉਨ੍ਹਾਂ ਮੁਤਾਬਕ ਦਲੀਪ ਸਿੰਘ ਆਪਣੀ ਮੌਤ ਵੇਲੇ ਮੁੜ ਤੋਂ ਸਿੱਖ ਬਣ ਗਏ ਸਨ। ਉਹ ਚਾਹੁੰਦੇ ਸੀ ਕਿ ਸਿੱਖ ਧਰਮ ਅਨੁਸਾਰ ਹੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਜਾਣ।
ਸ਼ਬਾਨਾ ਮੁਤਾਬਕ ਜੋ ਬੀਤ ਚੁੱਕਿਆ ਹੈ, ਉਸ ਨੂੰ ਛੱਡ ਅੱਗੇ ਵਧਣਾ ਜ਼ਰੂਰੀ ਹੈ। ਉਨ੍ਹਾਂ ਕਿਹਾ, ”ਬੀਤੇ ਜ਼ਮਾਨੇ ਵਿੱਚ ਜੋ ਗਲਤੀਆਂ ਹੋਈਆਂ, ਉਨ੍ਹਾਂ ਨੂੰ ਅਸੀਂ ਆਪਣੇ ਦਿਲ ਵਿੱਚ ਬਿਠਾ ਲੈਂਦੇ ਹਾਂ ਤੇ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਗਲਤ ਹੈ, ਸਾਡੇ ਵਿੱਚ ਇੰਨਾ ਸਬਰ ਹੋਣਾ ਚਾਹੀਦਾ ਹੈ ਕਿ ਜੋ ਬੀਤ ਚੁੱਕਿਆ ਹੈ, ਉਸ ਨੂੰ ਉਸੇ ਤਰ੍ਹਾਂ ਆਪਣਾਇਆ ਜਾਏ। ਉਸ ਨੂੰ ਹਮੇਸ਼ਾ ਲਈ ਫੜ ਕੇ ਨਹੀਂ ਬੈਠਿਆ ਜਾ ਸਕਦਾ, ਇਸ ਨਾਲ ਹੋਰ ਨਫਰਤ ਪੈਦਾ ਹੁੰਦੀ ਹੈ।”
ਸਤਿੰਦਰ ਸਰਤਾਜ ਨੇ ਹਾਲਾਂਕਿ ਕਿਹਾ ਕਿ ਇਹ ਸੰਸਥਾ 1991 ਤੋਂ ਇਸ ਕੰਮ ਵਿੱਚ ਸ਼ਿੱਦਤ ਨਾਲ ਲੱਗੀ ਹੋਈ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਦੀ ਰਿਲੀਜ਼ ਤੋਂ ਬਾਅਦ ਇਸ ਨੂੰ ਹੁੰਗਾਰਾ ਮਿਲੇਗਾ ਤੇ ਉਹ ਸਫਲ ਹੋ ਪਾਉਣਗੇ।
ਲੁਧਿਆਣਾ ਵਿਚ ਫ਼ਿਲਮ ਦੇ ਪ੍ਰਚਾਰ ਦੌਰਾਨ ਸਤਿੰਦਰ ਸਰਤਾਜ ਦਸਦੇ ਹਨ ਕਿ ਉਨ੍ਹਾਂ ਦੀ ਇਹ ਪਹਿਲੀ ਫ਼ਿਲਮ ਹੈ ਤੇ ਉਹ ਇਸ ਲਈ ਬੇਹੱਦ ਉਤਸ਼ਾਹਤ ਹਨ। ਉਨ੍ਹਾਂ ਨੇ ਹਾਲੀਵੁੱਡ ਦੇ ਕਲਾਕਾਰਾਂ ਨਾਲ ਕੰਮ ਕੀਤਾ ਜੋ ਮੌਕੇ ‘ਤੇ ਹੀ ਆਪਣੇ ਡਾਇਲਾਗ ਘੜ ਲੈਂਦੇ ਸਨ ਤੇ ਸਤਿੰਦਰ ਆਪਣੇ ਡਾਇਲਾਗ ‘ਤੇ ਰੱਟਾ ਮਾਰਦੇ ਸਨ। ਸਤਿੰਦਰ ਸਰਤਾਜ ਨੇ ਇਸ ਗੱਲ ‘ਤੇ ਖ਼ੁਸ਼ੀ ਪ੍ਰਗਟਾਈ ਕਿ ਫ਼ਿਲਮ ਨਿਰਮਾਤਾ ਜਸਜੀਤ ਸਿੰਘ, ਡਾਇਰੈਕਟਰ ਕਵੀ ਰਾਜ਼ ਨੇ ਉਨ੍ਹਾਂ ਵਿਚ ਵਿਸ਼ਵਾਸ ਕਰਕੇ ਇਹ ਰੋਲ ਨਿਭਾਉਣ ਲਈ ਦਿੱਤਾ।
‘ਦਿ ਬਲੈਕ ਪ੍ਰਿੰਸ’ 21 ਜੁਲਾਈ ਨੂੰ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਫੀਜ਼ੀ ਵਿਚ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਭਾਸ਼ਾ ਦੇ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਹਾਲੇ 21 ਜੁਲਾਈ ਨੂੰ ਰਿਲੀਜ਼ ਹੋਣੀ ਹੈ, ਪਰ ਇਸ ਦੀ ਕੌਮੀ ਤੇ ਕੌਮਾਂਤਰੀ ਫ਼ਿਲਮ ਫੈਸਟੀਵਲਾਂ ਵਿਚ ਤਾਰੀਫ਼ ਨਾਲ ਫ਼ਿਲਮ ਦੀ ਪੂਰੀ ਟੀਮ ਖੁਸ਼ ਹੈ। ਫ਼ਿਲਮ ਦੇ ਨਿਰਦੇਸ਼ਕ ਕਵੀ ਰਾਜ਼ ਨੇ ਬੜੀ ਹੀ ਸੁਚੱਜੇ ਤਰੀਕੇ ਨਾਲ ਇਤਿਹਾਸ ਨੂੰ ਬਾਖੂਬੀ ਪੇਸ਼ ਕਰਕੇ ਕੀਤਾ ਹੈ ਅਤੇ ਫ਼ਿਲਮ ਸਾਗਾ ਮਿਊਜ਼ਿਕ ਕੰਪਨੀ ਤੇ ਯੂਨੀਸਿਸ ਇੰਨਫੋਸੋਲਿਊਸ਼ਨਜ਼ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਅਦਾਕਾਰ ਸਤਿੰਦਰ ਸਰਤਾਜ ਨੇ ਕਿਹਾ ਕਿ ਫ਼ਿਲਮ ਵਿਚ 1947 ਵਿਚ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਖੁਲਾਸਾ ਕਰੇਗੀ। ਜ਼ਿਕਰਯੋਗ ਹੈ ਕਿ ਫ਼ਿਲਮ ਲਈ ਸ਼ਬਾਨਾ ਆਜ਼ਮੀ ਨੂੰ ਲਾਸ ਏਂਜਲੈਸ ਫ਼ਿਲਮ ਐਵਾਰਡ ਵਿਚ ਸਰਵੋਤਮ ਅਦਾਕਾਰਾ ਅਤੇ ਸਤਿੰਦਰ ਸਰਤਾਜ ਨੂੰ ਲੰਡਨ ਇੰਡੀਪੈਂਡੈਂਟ ਫ਼ਿਲਮ ਫੈਸਟੀਵਲ ਵਿਚ ਸਰਵੋਤਮ ਨਿਊ ਕਮਰ ਦਾ ਪੁਰਸਕਾਰ ਮਿਲ ਚੁੱਕਾ ਹੈ।

 

ਰਿਲੀਜ਼ ਤੋਂ ਪਹਿਲਾਂ ਹੀ ਭਰਵੀਂ ਚਰਚਾ ‘ਚ ਹੈ ‘ਦਿ ਬਲੈਕ ਪ੍ਰਿੰਸ’

ਮਹਾਰਾਜਾ ਦਲੀਪ ਸਿੰਘ ਦੀ ਅਣਕਹੀ ਦਾਸਤਾਨ ਨੂੰ ਬਾਖ਼ੂਬੀ ਪੇਸ਼ ਕਰਦੀ ਹੈ ਬਾਲੀਵੁੱਡ ਦੀ ਫਿਲਮ
ਪੰਜਾਬੀਆਂ ਦੀ ਉਡੀਕ ਖ਼ਤਮ ਕਰਦਿਆਂ 21 ਜੁਲਾਈ ਨੂੰ ਸਿਨੇਮਾ ਘਰਾਂ ਵਿਚ ਦੇਵੇਗੀ ਦਸਤਕ
ਚੰਡੀਗੜ੍ਹ/ਬਿਊਰੋ ਨਿਊਜ਼ :
ਵਿਸ਼ਵ ਫ਼ਿਲਮ ਸਮਾਰੋਹਾਂ ‘ਤੇ ਛਾ ਜਾਣ ਮਗਰੋਂ ‘ਦਿ ਬਲੈਕ ਪ੍ਰਿੰਸ’ ਭਾਰਤ ਵਿਚ ਆਪਣਾ ਜਲਵਾ ਬਿਖੇਰਨ ਲਈ ਤਿਆਰ ਹੈ। ਪੰਜਾਬੀਆਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਹ ਫ਼ਿਲਮ 21 ਜੁਲਾਈ ਨੂੰ ਸਿਨੇਮਾ ਘਰਾਂ ਵਿਚ ਦਸਤਕ ਦੇਵੇਗੀ। ਪੰਜਾਬ ਦੀ ਅਮੀਰ ਰਿਆਸਤ ਦੇ ਆਖ਼ਰੀ ਵੰਸ਼ਜ ਮਹਾਰਾਜਾ ਦਲੀਪ ਸਿੰਘ ਦੀ ਅਣਕਹੀ ਦਾਸਤਾਨ ਨੂੰ ਫ਼ਿਲਮ ‘ਦਿ ਬਲੈਕ ਪ੍ਰਿੰਸ’ ਨੇ ਬਾਖ਼ੂਬੀ ਪਰਦੇ ‘ਤੇ ਉਤਾਰਿਆ ਹੈ। ਇਹ ਗੱਲ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਭਾਰਤ ਦੇ ਆਜ਼ਾਦੀ ਅੰਦੋਲਨ ਪਿਛੇ ਮਹਾਰਾਜਾ ਦਲੀਪ ਸਿੰਘ ਪ੍ਰੇਰਣਾ ਸ਼ਕਤੀ ਸਨ ਕਿਉਂਕਿ ਉਸ ਵੇਲੇ ਬਰਤਾਨਵੀ ਹਾਕਮ ਉਨ੍ਹਾਂ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਖ਼ੌਫ਼ਜ਼ਦਾ ਸਨ। ਇਹੀ ਕਾਰਨ ਸੀ ਕਿ ਉਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੀ ਜਨਮ ਭੂਮੀ ਤੋਂ ਦੂਰ ਰੱਖਣ ਦੇ ਇਰਾਦੇ ਨਾਲ ਬਰਤਾਨੀਆ ਦੇ ਮਾਹੌਲ ਵਿਚ ਹੀ ਪਲਣ ਦਿੱਤਾ।
‘ਦਿ ਬਲੈਕ ਪ੍ਰਿੰਸ’ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਦੇ 1947 ਵਿਚ ਬਰਤਾਨਵੀ ਹਕੂਮਤ ਤੋਂ ਆਜ਼ਾਦੀ ਹਾਸਲ ਕਰਨ ਵਿਚ ਪਾਏ ਯੋਗਦਾਨ ਦੇ ਲੁਕਵੇਂ ਅਧਿਆਏ ਬਾਰੇ ਪਤਾ ਚਲਦਾ ਹੈ।
ਭਾਵੇਂ, ਮਹਾਰਾਜਾ ਦਲੀਪ ਸਿੰਘ ਨੂੰ ਮਹਿਜ਼ 5 ਵਰ੍ਹਿਆਂ ਦੀ ਉਮਰ ਵਿਚ ਸਿੰਘਾਸਨ ‘ਤੇ ਬਿਠਾਇਆ ਗਿਆ ਤਾਂ ਜੋ ਉਨ੍ਹਾਂ ਦੇ ਭਰੋਸੇਮੰਦ ਦਰਬਾਰੀਆਂ ਹੱਥੋਂ ਖ਼ੂਨੀ ਰਾਜਧਰੋਹ ਰਾਹੀਂ ਸਿੰਘਾਸਨ ਲੁੱਟਿਆ ਜਾ ਸਕੇ। 15 ਵਰ੍ਹਿਆਂ ਦੀ ਉਮਰ ਵਿਚ ਉਨ੍ਹਾਂ ਨੂੰ ਆਪਣੀ ਮਾਂ ਮਹਾਰਾਣੀ ਜਿੰਦਾਂ ਕੋਲੋਂ ਖੋਹ ਕੇ ਇੰਗਲੈਂਡ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਮੁਲਾਕਾਤ ਮਹਾਰਾਣੀ ਵਿਕਟੋਰੀਆ ਨਾਲ ਕਰਵਾਈ ਗਈ, ਜਿਸ ਨੇ ਪਹਿਲੇ ਨਜ਼ਰੇ ਤਕਦਿਆਂ ਹੀ ਉਨ੍ਹਾਂ ਨੂੰ ਦਿ ਬਲੈਕ ਪ੍ਰਿੰਸ’ ਕਹਿ ਕੇ ਸੱਦਿਆ ਸੀ।
ਇਸਾਈ ਧਰਮ ਵਿਚ ਤਬਦੀਲ ਕੀਤੇ ਜਾਣ ਦੇ ਬਾਵਜੂਦ ਮਹਾਰਾਜਾ ਦਲੀਪ ਸਿੰਘ ਸਿੱਖ ਧਰਮ ਅਤੇ ਆਪਣੀ ਧਰਤੀ ਦੇ ਲੋਕਾਂ ਬਾਰੇ ਜਾਣਨ ਲਈ ਉਤਾਵਲੇ ਸਨ। ਇਸ ਇੱਛਾ ਦੀ ਪੂਰਤੀ ਲਈ ਉਹ ਆਪਣੇ ਚਚੇਰੇ ਭਰਾ ਠਾਕੁਰ ਸਿੰਘ ਸੰਧਾਵਾਲੀਆ ਨਾਲ ਰਾਬਤਾ ਕਾਇਮ ਕਰਨ ਵਿਚ ਸਫਲ ਹੋ ਗਏ। 28 ਸਤੰਬਰ 1884 ਨੂੰ ਸੰਧਾਵਾਲੀਆ ਆਪਣੇ ਪੁੱਤਰਾਂ ਨਰਿੰਦਰ ਸਿੰਘ ਤੇ ਗੁਰਦਿੱਤ ਸਿੰਘ ਅਤੇ ਸਿੱਖ ਗ੍ਰੰਥੀ ਪ੍ਰਤਾਪ ਸਿੰਘ ਗਿਆਨੀ ਨੂੰ ਲੈ ਕੇ ਅੰਮ੍ਰਿਤਸਰ ਤੋਂ ਇੰਗਲੈਂਡ ਲਈ ਰਵਾਨਾ ਹੋਏ। ਸੰਧਾਵਾਲੀਆ ਨੇ ਦਲੀਪ ਸਿੰਘ ਨੂੰ ਉਨ੍ਹਾਂ ਦੀ ਭਾਰਤ ਵਿਚਲੀ ਸੰਪਤੀ ਦੀ ਸੂਚੀ ਵੀ ਸੌਂਪੀ।
ਦਲੀਪ ਸਿੰਘ ਨੇ ਭਾਰਤ ਵਾਪਸੀ ਦਾ ਰਾਹ ਚੁਣਿਆ ਅਤੇ ਬਰਤਾਨਵੀ ਹਕੂਮਤ ਦੇ ਵਿਰੋਧ ਦੇ ਬਾਵਜੂਦ ਉਹ 30 ਮਾਰਚ 1886 ਨੂੰ ਆਪਣੇ ਵਤਨ ਲਈ ਚੱਲ ਪਏ। 13 ਵਰ੍ਹਿਆਂ ਬਾਅਦ ਉਹ ਫੇਰ ਆਪਣੀ ਮਾਂ ਨੂੰ ਮਿਲੇ ਤੇ ਮਹਾਰਾਜਾ ਨੂੰ ਪੰਜਾਬ ਵਿਚਲੀ ਉਨ੍ਹਾਂ ਦੀ ਪਿਛਲੀ ਜ਼ਿੰਦਗੀ ਦੀਆਂ ਸਚਾਈਆਂ ਬਾਰੇ ਜਾਣੂ ਕਰਵਾਇਆ ਗਿਆ। ਜੋ ਕੁਝ ਉਹ ਗਵਾ ਚੁੱਕੇ ਸਨ, ਉਸ ਨੂੰ ਫੇਰ ਹਾਸਲ ਕਰਨ ਲਈ ਉਨ੍ਹਾਂ ਦੀ ਕਠਿਨ ਯਾਤਰਾ ਸ਼ੁਰੂ ਹੁੰਦੀ ਹੈ ਅਤੇ ਆਪਣੇ ਜਨਮ, ਸਿੱਖ ਧਰਮ ਦੀ ਆਸਥਾ ਨੂੰ ਫੇਰ ਤੋਂ ਸਵੀਕਾਰਦੇ ਹਨ।
ਮਹਾਰਾਜਾ ਦਲੀਪ ਸਿੰਘ ਦੀ ਸ਼ਖ਼ਸੀਅਤ ਦੋ ਸਭਿਆਚਾਰਾਂ ਵਿਚਾਲੇ ਵੰਡੀ ਹੋਈ ਸੀ ਤੇ ਇਸੇ ਕਾਰਨ ਉਨ੍ਹਾਂ ਨੂੰ ਦੁਬਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਫ਼ਿਲਮ ਵਿਚ ਉਨ੍ਹਾਂ ਦਾ ਮਹਾਰਾਣੀ ਵਿਕਟੋਰੀਆ ਨਾਲ ਰਿਸ਼ਤਾ ਕਾਫ਼ੀ ਪ੍ਰਭਾਵਸ਼ਾਲੀ ਹੈ। ਮਹਾਰਾਣਾ ਵਿਕਟੋਰੀਆ ਅੰਗਰੇਜ਼ੀ ਸਭਿਆਚਾਰ ਨੂੰ ਪੇਸ਼ ਕਰਦੀ ਹੈ, ਜਿਸ ਵਿਚ ਮਹਾਰਾਜਾ ਦਲੀਪ ਸਿੰਘ ਰਚਿਆ-ਵਸਿਆ ਹੋਇਆ ਹੈ। ਉਨ੍ਹਾਂ ਦੇ ਜੀਵਨ ਦੀ ਲੰਬੀ ਯਾਤਰਾ ਆਪਣੀ ਪਛਾਣ, ਗੌਰਵ ਅਤੇ ਰਾਜ ਨੂੰ ਮੁੜ ਹਾਸਲ ਕਰਨ ਨਾਲ ਆਰੰਭ ਹੁੰਦੀ ਹੈ। ਪਰ ਉਨ੍ਹਾਂ ਦੇ ਸੰਘਰਸ਼ ਨੂੰ ਸਫਲਤਾ ਨਹੀਂ ਮਿਲਦੀ ਕਿਉਂਕਿ ਉਹ ਆਪਣੀ ਧਰਤੀ ਪੰਜਾਬ ਵਿਚ ਮੁੜ ਪੈਰ ਜਮਾਉਣ ਦੇ ਮੌਕੇ ‘ਤੇ ਜਿੱਤ ਹਾਸਲ ਨਾ ਕਰ ਸਕੇ।
ਫ਼ਿਲਮੀ ਪਰਦੇ ‘ਤੇ ਉਤਾਰੀ ਗਈ ਇਸ ਦਰਦ ਭਰੀ ਦਾਸਤਾਨ ਨੂੰ ਧੁਰ ਅੰਦਰੋਂ ਮਹਿਸੂਸ ਕਰਵਾਉਣ ਲਈ ਸਰੋਤਿਆਂ ਦੇ ਹੁੰਗਾਰੇ ਦਾ ਇੰਤਜ਼ਾਰ ਹੈ। ਇਹ ਹਾਲੀਵੁੱਡ ਫ਼ਿਲਮ ਭਾਰਤ ਅਤੇ ਦੁਨੀਆ ਭਰ ਵਿਚ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ਵਿਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਫ਼ਿਲਮ ਪੰਜਾਬ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਅਣਕਹੀ ਦਾਸਤਾਨ ਪੇਸ਼ ਕਰੇਗੀ। ਇਸ ਫ਼ਿਲਮ ਰਾਹੀਂ ਭਾਰਤ ਦੀ ਅਮੀਰ ਰਿਆਸਤ ਦੇ ਆਖ਼ਰੀ ਵੰਸ਼ਜ ਦੀ ਜ਼ਿੰਦਗੀ ਦੇ ਉਤਾਰ-ਚੜ੍ਹਾਅ ਨੂੰ ਦੇਖਿਆ ਜਾ ਸਕਦਾ ਹੈ। ‘ਦਿ ਬਲੈਕ ਪ੍ਰਿੰਸ’ ਵਿਚ ਨਾ ਸਿਰਫ਼ ਉੱਘੇ ਕਲਾਕਾਰਾਂ ਨੇ ਆਪਣੀਆਂ ਅਦਾਕਾਰੀਆਂ ਰਾਹੀਂ ਗਲੋਬਲ ਫ਼ਿਲਮ ਫੈਸਟੀਵਲਾਂ ਵਿਚ ਆਲੋਚਕਾਂ ਦੀ ਵਾਹ-ਵਾਹ ਖੱਟੀ ਹੈ, ਸਗੋਂ ਪਹਿਲੀ ਵਾਰ ਫ਼ਿਲਮ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਦੀ ਅਦਾਕਾਰੀ ਨੂੰ ਵੀ ਬੇਹੱਦ ਸਲਾਹਿਆ ਗਿਆ ਹੈ। ਸ਼ਬਾਨਾ ਆਜ਼ਮੀ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਦੇ ਕਿਰਦਾਰ ਵਿਚ ਨਜ਼ਰ ਆਏਗੀ।
ਫ਼ਿਲਮ ਦੇ ਡਾਇਰੈਕਟਰ ਕਵੀ ਰਾਜ਼ ਨੇ ਪੰਜਾਬ ਦੇ ਇਨ੍ਹਾਂ ਇਤਿਹਾਸਕ ਪੰਨਿਆਂ ਨੂੰ ਬੇਹੱਦ ਬਾਰੀਕੀ ਨਾਲ ਛੋਹਿਆ ਹੈ ਤੇ ਇਹ ਮਹਿਜ਼ ਕਿਤਾਬੀ ਪੰਨਿਆ ਦਾ ਉਤਾਰਾ ਨਹੀਂ, ਬਲਕਿ ਪਰਦੇ ਤੋਂ ਉਹੀ ਕੁਝ ਦਿਖਾਇਆ ਗਿਆ ਹੈ, ਜੋ ਅਸਲ ਵਿਚ ਵਾਪਰਿਆ।
ਪੰਜਾਬੀ ਮਿਊਜ਼ਕ ਇੰਡਸਟਰੀ ਦੀ ਪੁਰਾਣੀ ਖ਼ਿਡਾਰਣ ‘ਸਾਗਾ ਮਿਊਜ਼ਕ’ ਵਲੋਂ ਵਿਸ਼ਵ ਪੱਧਰ ‘ਤੇ ਫ਼ਿਲਮ ਦਾ ਸੰਗੀਤ ਰਿਲੀਜ਼ ਕੀਤਾ ‘ਅੰਗਰੇਜ’, ‘ਸ਼ਿਵਾਏ’, ‘ਕਮਾਂਡੋ-2′ ਤੇ ‘ਲਾਹੌਰੀਏ’ ਵਰਗੀਆਂ ਫ਼ਿਲਮਾਂ ਦਿੱਤੀਆਂ ਹਨ, ਹੁਣ ‘ਦਿ ਬਲੈਕ ਪ੍ਰਿੰਸ’ ਭਾਰਤ, ਆਸਟਰੇਲੀਆ, ਨਿਊਜ਼ੀਲੈਂਡ ਤੇ ਫਿਜ਼ੀ ਵਿਚ ਰਿਲੀਜ਼ ਕਰਨ ਜਾ ਰਹੀ ਹੈ।