ਕਸ਼ਮੀਰੀ ਨੌਜਵਾਨ ਭੁੱਖੇ ਮਰ ਜਾਣਗੇ ਪਰ ਆਜ਼ਾਦੀ ਲਈ ਪਥਰਾਅ ਕਰਨਗੇ : ਫਾਰੂਕ ਅਬਦੁੱਲਾ

ਕਸ਼ਮੀਰੀ ਨੌਜਵਾਨ ਭੁੱਖੇ ਮਰ ਜਾਣਗੇ ਪਰ ਆਜ਼ਾਦੀ ਲਈ ਪਥਰਾਅ ਕਰਨਗੇ : ਫਾਰੂਕ ਅਬਦੁੱਲਾ

ਸ੍ਰੀਨਗਰ/ਬਿਊਰੋ ਨਿਊਜ਼ :
ਸਾਬਕਾ ਕੇਂਦਰੀ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ ਮੁੜ ਵਿਵਾਦਗ੍ਰਸਤ ਬਿਆਨ ਦਿੰਦਿਆਂ ਕਿਹਾ ਹੈ ਕਿ ਕਸ਼ਮੀਰੀ ਨੌਜਵਾਨ ਕਸ਼ਮੀਰ ਮਸਲੇ ਨੂੰ ਉਜਾਗਰ ਕਰਨ ਲਈ ਸੁਰੱਖਿਆ ਬਲਾਂ ‘ਤੇ ਪਥਰਾਅ ਕਰਕੇ ਆਪਣੀਆਂ ਜਾਨਾਂ ਦੇ ਰਹੇ ਹਨ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ 2 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੇਨਾਨੀ-ਨਾਸ਼ਰੀ ਸੁਰੰਗ ਦਾ ਉਦਘਾਟਨ ਕਰਨ ਮੌਕੇ ਦਿੱਤੇ ਬਿਆਨ ਕਿ ਕਸ਼ਮੀਰੀ ਯੁਵਕਾਂ ਨੂੰ ਅੱਤਵਾਦ ਜਾਂ ਸੈਰ-ਸਪਾਟੇ ਵਿਚੋਂ ਇਕ ਦੀ ਚੋਣ ਕਰਨੀ ਹੋਵੇਗੀ ‘ਤੇ ਪ੍ਰਤੀਕਿਰਿਆ ਦੇ ਰਹੇ ਸਨ। ਸ੍ਰੀਨਗਰ ਦੇ ਗੁਪਕਾਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਬਦੁੱਲਾ ਨੇ ਕਿਹਾ ਕਿ ਬਿਨਾਂ ਸ਼ੱਕ ਸੈਰ-ਸਪਾਟਾ ਸਾਡੀ ਜੀਵਨ-ਰੇਖਾ ਹੈ ਪਰ ਪਥਰਾਅ ਕਰਨ ਵਾਲਿਆਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ ਤੇ ਉਹ ਸਿਰਫ ਕਸ਼ਮੀਰ ਮਸਲੇ ਨੂੰ ਉਜਾਗਰ ਕਰਨ ਲਈ ਇਹ ਸਭ ਕੁਝ ਕਰ ਰਹੇ ਹਨ। ਫਾਰੂਕ ਨੇ ਕਿਹਾ ਕਿ ਉਹ ਭੁੱਖੇ ਮਰ ਜਾਣਗੇ ਪਰ ਕਸ਼ਮੀਰ ਮਸਲੇ ਦੇ ਹੱਲ ਤਕ ਉਹ ਪਥਰਾਅ ਕਰਦੇ ਰਹਿਣਗੇ। ਉਹ ਕਿਸੇ ਟੂਰਜ਼ਿਮ ਤੇ ਪੈਕੇਜ਼ਾਂ ਲਈ ਨਹੀਂ ਸਗੋਂ ਕਸ਼ਮੀਰ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕਰ ਰਹੇ ਹਨ ਤੇ ਇਹ ਗੱਲ ਸਮਝਣ ਦੀ ਜ਼ਰੂਰਤ ਹੈ। ਫਾਰੂਕ ਅਬਦੁਲਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਰਿਆਸਤ ਦੇ ਵਿਸ਼ੇਸ਼ ਦਰਜੇ ਤੇ ਮੁਸਲਿਮ ਬਹੁਗਿਣਤੀ ਦੇ ਤਨਾਸਬ ਨੂੰ ਘੱਟ ਕਰਨ ਲਈ ਸਾਜ਼ਿਸਾਂ ਹੋ ਰਹੀਆਂ ਹਨ, ਜਿਸ ਨੂੰ ਰੋਕਣ ਲਈ ਨੈਸ਼ਨਲ ਕਾਨਫੰਰਸ ਦੇ ਉਮੀਦਵਾਰ ਦੀ ਜਿੱਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਉਹ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਕਾਂਗਰਸ ਨਾਲ ਮਿਲ ਕੇ ਚੋਣ ਲੜ ਰਹੇ ਹਨ।