ਅਮਰੀਕਾ ਦੇ ਕੋਲੋਰਾਡੋ ਰਾਜ ਦੇ ਇਕ ਮੁਰਦਾ ਘਰ ਵਿਚੋਂ ਮਿਲੀਆਂ 115 ਮ੍ਰਿਤਕ ਦੇਹਾਂ

ਅਮਰੀਕਾ ਦੇ ਕੋਲੋਰਾਡੋ ਰਾਜ ਦੇ ਇਕ ਮੁਰਦਾ ਘਰ ਵਿਚੋਂ ਮਿਲੀਆਂ 115 ਮ੍ਰਿਤਕ ਦੇਹਾਂ
ਕੈਪਸ਼ਨ ਦੱਖਣੀ ਕੋਲੋਰਾਡੋ ਵਿਚ ਸਥਿੱਤ ਮੁਰਦਾ ਘਰ ਦਾ ਬਾਹਰੀ ਦ੍ਰਿਸ਼

ਮ੍ਰਿਤਕ ਦੇਹਾਂ ਨੂੰ ਅਣਉੱਚਿਤ ਢੰਗ ਨਾਲ ਰਖਣ ਦਾ ਮਾਮਲਾ

ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ-ਪੁਲਿਸ ਮੁਖੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਕੋਲੋਰਾਡੋ ਰਾਜ ਦੇ ਦੱਖਣ ਵਿਚ ਸਥਿੱਤ ਇਕ ਮੁਰਦਾ ਘਰ ਵਿਚੋਂ 115 ਮ੍ਰਿਤਕ ਦੇਹਾਂ ਮਿਲੀਆਂ ਹਨ ਜਿਨਾਂ ਨੂੰ ਅਣਉੱਚਿਤ ਢੰਗ ਤਰੀਕੇ ਨਾਲ ਰਖਿਆ ਗਿਆ ਸੀ। ਅਧਿਕਾਰੀਆਂ ਅਨੁਸਾਰ 'ਗਰੀਨ ਬਰੀਅਲ' ਦੇ ਨਾਂ ਨਾਲ ਜਾਣਿਆ ਜਾਂਦਾ ਇਹ ਸ਼ਮਸ਼ਾਨ ਘਾਟ ਪੈਨਰੋਜ ਨਾਮੀ ਇਕ ਛੋਟੇ ਜਿਹੇ ਕਸਬੇ ਵਿਚ ਸਥਿੱਤ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਕੇ ਦਾ ਦ੍ਰਿਸ਼ ਬਹੁਤ ਭਿਆਨਕ ਸੀ। ਮੁਰਦਾ ਘਰ ਵਿਚੋਂ ਬੋਅ ਆਉਣ ਸਬੰਧੀ ਰਿਪੋਰਟ ਮਿਲਣ 'ਤੇ ਅਧਿਕਾਰੀ ਮੌਕੇ ਉਪਰ ਪੁੱਜੇ ਤਾਂ ਸ਼ਮਸ਼ਾਨ ਘਾਟ ਦੇ ਮਾਲਕ ਜੋਨ ਹਾਲਫੋਰਡ ਨੇ ਸਮੱਸਿਆ ਨੂੰ ਟਾਲਣ ਦਾ ਯਤਨ ਕੀਤਾ। ਫਰੀਮਾਂਟ ਕਾਊਂਟੀ ਦੇ ਸ਼ੈਰਿਫ ਐਲਨ ਕੂਪਰ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਸ ਮਾਮਲੇ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਤੇ ਸ਼ਮਸ਼ਾਨ ਘਾਟ ਦਾ ਮਾਲਕ ਜਾਂਚ ਵਿਚ ਸਹਿਯੋਗ ਕਰ ਰਿਹਾ ਹੈ। ਉਨਾਂ ਕਿਹਾ ਕਿ ਅਜੇ ਇਹ ਸਾਫ ਨਹੀਂ ਹੈ ਕਿ ਸ਼ਮਸ਼ਾਨ ਘਾਟ ਦਾ ਮਾਲਕ ਗੁਨਾਹਗਾਰ ਹੈ ਜਾਂ ਨਹੀਂ। ਫਰੀਮਾਂਟ ਕਾਊਂਟੀ ਕੋਰੋਨਰ ਰੈਂਡੀ ਕੇਲਰ ਨੇ ਕਿਹਾ ਹੈ ਕਿ ਅਣਉੱਚਿਤ ਢੰਗ ਨਾਲ ਮ੍ਰਿਤਕ ਦੇਹਾਂ ਮਿਲਣ ਉਪਰੰਤ ਮਾਮਲੇ ਦੀ ਗੰਭੀਰਤਾ ਦਾ ਪਤਾ ਲੱਗਾ ਹੈ। ਅਧਿਕਾਰੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੇ। ਕੇਲਰ ਨੇ ਹੋਰ ਕਿਹਾ ਕਿ ਮ੍ਰਿਤਕ ਦੇਹਾਂ ਨੂੰ ਪਛਾਣਨ ਲਈ ਕੁਝ ਮਹੀਨੇ ਲੱਗ ਸਕਦੇ ਹਨ ਕਿਉਂਕਿ ਇਸ ਵਾਸਤੇ ਉਂਗਲੀਆਂ ਦੇ ਨਿਸ਼ਾਨਾਂ ਦੀ ਜਾਂਚ ਕਰਨੀ ਪਵੇਗੀ ਜਾਂ ਡੀ ਐਨ ਏ ਰਾਹੀਂ ਪਤਾ ਲਾਉਣਾ ਪਵੇਗਾ। ਉਨਾਂ ਨੇ ਇਹ ਨਹੀਂ ਦੱਸਿਆ ਕਿ ਮ੍ਰਿਤਕ ਦੇਹਾਂ ਕਿਥੇ ਤੇ ਕਿਸ ਹਾਲਤ ਵਿਚ ਰਖੀਆਂ ਹੋਈਆਂ ਸਨ। ਕੇਲਰ ਨੇ ਕਿਹਾ ਕਿ ਇਹ ਵੀ ਅਜੇੇ ਸਪੱਸ਼ਟ ਨਹੀਂ ਹੈ ਕਿ ਇਨਾਂ ਮ੍ਰਿਤਕ ਦੇਹਾਂ ਨੂੰ ਦਫਨਾਉਣ ਜਾਂ ਅੰਤਿਮ ਸੰਸਕਾਰ ਲਈ ਰਖਿਆ ਗਿਆ ਸੀ।