ਪਾਕਿ ਨੇ ਕੋਹਿਨੂਰ' ਹੀਰੇ 'ਤੇ  ਠੋਕਿਆ ਦਾਅਵਾ *ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਖਲ

ਪਾਕਿ ਨੇ ਕੋਹਿਨੂਰ' ਹੀਰੇ 'ਤੇ  ਠੋਕਿਆ ਦਾਅਵਾ *ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਖਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਲਾਹੌਰ :  ਦੁਨੀਆ ਵਿਚ ਮਸ਼ਹੂਰ ਹੀਰਿਆਂ ਵਿਚ ਸ਼ਾਮਲ 'ਕੋਹਿਨੂਰ' ਨੂੰ ਹਾਸਲ ਕਰਨ ਲਈ ਭਾਰਤ-ਪਾਕਿਸਤਾਨ ਵਿਚਾਲੇ ਇਕ ਵਾਰ ਫਿਰ ਸੰਘਰਸ਼ ਸ਼ੁਰੂ ਹੋ ਗਿਆ ਹੈ। ਪਾਕਿਸਤਾਨ ਦੇ ਲਾਹੌਰ ਹਾਈ ਕੋਰਟ ਵਿਚ  ਇਕ ਪਟੀਸ਼ਨ ਦਾਇਰ ਕਰਕੇ ਇਸ ਹੀਰੇ ਨੂੰ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਦੂਜੀ ਤੋਂ ਵਾਪਸ ਲਿਆਉਣ ਦੀ ਮੰਗ ਕੀਤੀ ਗਈ। ਪਟੀਸ਼ਨਕਰਤਾ ਨੇ ਕਿਹਾ ਕਿ ਸਰਕਾਰ ਕੋਹਿਨੂਰ ਨੂੰ ਵਾਪਸ ਲਿਆਉਣ ਲਈ ਕਦਮ ਚੁੱਕੇ। ਲਾਹੌਰ ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ 16 ਜੁਲਾਈ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।ਪਟੀਸ਼ਨਕਰਤਾ ਵਕੀਲ ਜਾਵੇਦ ਇਕਬਾਲ ਨੇ ਆਪਣੀ ਪਟੀਸ਼ਨ ਵਿਚ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤ ਕੋਹਿਨੂਰ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਨੂੰ ਕੋਹਿਨੂਰ ਨੂੰ ਪਾਕਿਸਤਾਨ ਵਾਪਸ ਲਿਆਉਣ ਲਈ ਕੋਸ਼ਿਸ਼ ਤੇਜ਼ ਕਰਨ ਲਈ ਕਹੇ। ਇਕਬਾਲ ਨੇ ਕਿਹਾ ਕਿ ਬ੍ਰਿਟੇਨ ਦੇ ਲੋਕਾਂ ਨੇ ਦਿਲੀਪ ਸਿੰਘ ਤੋਂ ਇਹ ਹੀਰਾ ਖੋਹਿਆ ਸੀ ਅਤੇ ਉਸ ਨੂੰ ਆਪਣੇ ਨਾਲ ਲੰਡਨ ਲੈ ਗਏ ਸਨ।

108 ਕੈਰਟ ਦਾ ਹੈ ਕੋਹਿਨੂਰ ਹੀਰਾ

ਇਕਬਾਲ ਨੇ ਕਿਹਾ ਕਿ ਇਸ ਹੀਰੇ 'ਤੇ ਬ੍ਰਿਟਿਸ਼ ਮਹਾਰਾਣੀ ਦਾ ਕੋਈ ਹੱਕ ਨਹੀਂ ਹੈ ਅਤੇ ਇਹ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ। ਇੱਥੇ ਦੱਸ ਦਈਏ ਕਿ ਦੁਨੀਆ ਦੇ ਸਭ ਤੋਂ ਵੱਡੇ ਹੀਰਿਆਂ ਵਿਚੋਂ ਇਕ ਕੋਹਿਨੂਰ ਹੀਰੇ ਨੂੰ ਵਾਪਸ ਲਿਆਉਣ ਲਈ ਭਾਰਤ ਵੀ ਕੋਸ਼ਿਸ਼ ਕਰ ਰਿਹਾ ਹੈ। ਇਹ ਹੀਰਾ ਫਿਲਹਾਲ ਟਾਵਰ ਆਫ ਲੰਡਨ ਵਿਚ ਪ੍ਰਦਰਸ਼ਿਤ ਰਾਜਮੁਕੁਟ ਵਿਚ ਲੱਗਿਆ ਹੈ। ਇਹ ਹੀਰਾ ਕਰੀਬ 108 ਕੈਰਟ ਦਾ ਹੈ।ਸਾਲ 2010 ਵਿਚ ਉਸ ਸਮੇਂ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਭਾਰਤ ਫੇਰੀ ਦੌਰਾਨ ਕਥਿਤ ਤੌਰ 'ਤੇ ਕਿਹਾ ਸੀ ਕਿ ਜੇਕਰ ਬ੍ਰਿਟੇਨ ਇਸ ਹੀਰੇ ਨੂੰ ਵਾਪਸ ਦੇਣ 'ਤੇ ਰਾਜ਼ੀ ਹੋਇਆ ਤਾਂ ਬ੍ਰਿਟਿਸ਼ ਮਿਊਜ਼ੀਅਮ ਖਾਲੀ ਮਿਲਣਗੇ। ਭਾਰਤ ਸਰਕਾਰ ਨੇ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਹੀਰੇ ਨੂੰ ਬ੍ਰਿਟਿਸ਼ ਨਾ ਤਾਂ ਜ਼ਬਰਦਸਤੀ ਲੈ ਗਏ ਅਤੇ ਨਾ ਹੀ ਉਹਨਾਂ ਨੇ ਇਸ ਨੂੰ ਚੋਰੀ ਕੀਤਾ ਸਗੋਂ ਇਸ ਨੂੰ ਪੰਜਾਬ ਦੇ ਸ਼ਾਸਕਾਂ ਵੱਲੋਂ ਈਸਟ ਇੰਡੀਆ ਕੰਪਨੀ ਨੂੰ ਤੋਹਫੇ ਦੇ ਤੌਰ 'ਤੇ ਦਿੱਤਾ ਗਿਆ ਸੀ। ਇਸ ਹੀਰੇ ਨੂੰ ਵਾਪਸ ਲਿਆਉਣ ਵਿਚ ਕਈ ਕਾਨੂੰਨੀ ਅਤੇ ਤਕਨੀਕੀ ਮੁਸ਼ਕਲਾਂ ਹਨ ਕਿਉਂਕਿ ਇਹ ਆਜ਼ਾਦੀ ਤੋਂ ਪਹਿਲੇ ਸਮੇਂ ਨਾਲ ਸਬੰਧਤ ਹੈ। ਇਸ ਤਰ੍ਹਾਂ ਇਹ ਪੁਰਾਤਨਤਾ ਅਤੇ ਕਲਾ ਜਾਇਦਾਦ ਐਕਟ 1972 ਦੇ ਦਾਇਰੇ ਵਿਚ ਨਹੀਂ ਆਉਂਦਾ।

ਕੋਹਿਨੂਰ ਦਾ ਇਤਿਹਾਸ

ਕੋਹਿਨੂਰ ਦਾ ਮੁੱਢਲਾ ਪ੍ਰਮਾਣਿਕ ਵਰਣਨ ''ਬਾਬਰਨਾਮਾ'' ਵਿਚ ਮਿਲਦਾ ਹੈ, ਜਿਸ ਦੇ ਮੁਤਾਬਕ 1294 ਦੇ ਆਸਪਾਸ ਇਹ ਹੀਰਾ ਗਵਾਲੀਅਰ ਦੇ ਹਿੰਦੂ ਰਾਜੇ ਕੋਲ ਸੀ। 1526 ''ਚ ਬਾਬਰ ਨੇ ਪਾਨੀਪਤ ਦੀ ਲੜਾਈ ਜਿੱਤਣ ਤੋਂ ਬਾਅਦ ਕਿਲੇ ਅਤੇ ਇਸ ਹੀਰੇ 'ਤੇ ਕਬਜ਼ਾ ਕਰ ਲਿਆ। 1729 ''ਚ ਈਰਾਨੀ ਸ਼ਾਸਕ ਨਾਦਿਰ ਸ਼ਾਹ ਨੇ ਭਾਰਤ 'ਤੇ ਹਮਲਾ ਕਰਕੇ ਤੱਤਕਾਲੀ ਦਿੱਲੀ ਸਲਤਨਤ ਦੀ ਗੱਦੀ 'ਤੇ ਬੈਠੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਹਰਾਉਣ ਤੋਂ ਬਾਅਦ ਇਥੋਂ ਅਥਾਹ ਧਨ ਦੌਲਤ ਲੁੱਟੀ। ਉਸ ''ਚ ਕੋਹਿਨੂਰ ਹੀਰਾ ਵੀ ਸ਼ਾਮਲ ਸੀ, ਜੋ ਉਦੋਂ ''ਮਿਊਰ ਸਿੰਘਾਸਨ'' ਵਿਚ ਜੜਿਆ ਹੋਇਆ ਸੀ। ਨਾਦਿਰ ਸ਼ਾਹ ਕੋਲ ਇਹ ਹੀਰਾ ਪਹੁੰਚਣ ਤਕ ਇਸ ਦਾ ਨਾਮਕਰਨ ਨਹੀਂ ਹੋਇਆ ਸੀ। ਉਸੇ ਨੇ ਹੀ ਇਸ ਦਾ ਨਾਂ ''ਕੋਹਿਨੂਰ'' ਰੱਖਿਆ ਸੀ, ਜਿਸ ਦਾ ਅਰਥ ਹੈ ''ਪ੍ਰਕਾਸ਼ ਦਾ ਪਰਬਤ''।ਨਾਦਿਰ ਸ਼ਾਹ ਦੀ ਹੱਤਿਆ ਤੋਂ ਬਾਅਦ ਅਫਗਾਨ ਸ਼ਾਸਕ ਤੇ ਦੁੱਰਾਨੀ ਸਾਮਰਾਜ ਦੇ ਬਾਨੀ ਅਹਿਮਦਸ਼ਾਹ ਅਬਦਾਲੀ ਨੇ ਨਾਦਿਰ ਵਲੋਂ ਲੁੱਟੀ ਜਾਇਦਾਦ ਖੁਦ ਸੰਭਾਲ ਲਈ। ਫਿਰ ਅਬਦਾਲੀ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਤੈਮੂਰ ਦੇ ਹੱਥ ਇਹ ਅਨਮੋਲ ਹੀਰਾ ਲੱਗਾ। ਸੰਨ 1793 'ਚ ਤੈਮੂਰ ਦੀ ਮੌਤ ਤੋਂ ਬਾਅਦ ਉਸ ਦੇ ਬੇਟੇ ਜਾਮਨਸ਼ਾਹ ਨੇ ਅਫਗਾਨਿਸਤਾਨ ਦਾ ਸਾਮਰਾਜ ਸੰਭਾਲਿਆ ਪਰ ਤੈਮੂਰ ਦੇ ਦੂਜੇ ਬੇਟੇ ਮੁਹੰਮਦ ਸ਼ਾਹ ਨੇ ਨਾ ਸਿਰਫ ਆਪਣੇ ਭਰਾ ਨੂੰ ਗੱਦੀਓਂ ਲਾਹ ਦਿੱਤਾ, ਸਗੋਂ ਉਸ ਨੂੰ ਅੰਨ੍ਹਾ ਵੀ ਕਰ ਦਿੱਤਾ।ਇਥੋਂ ਇਹ ਅਨਮੋਲ ਹੀਰਾ ਸ਼ਾਹਸ਼ੂਜ਼ਾ ਤੇ ਉਸ ਦੀ ਪਤਨੀ ਵਫਾ ਬੇਗਮ ਕੋਲ ਪਹੁੰਚ ਗਿਆ। ਸ਼ਾਹਸ਼ੂਜ਼ਾ ਨੂੰ ਕਸ਼ਮੀਰ ਦੇ ਤੱਤਕਾਲੀ ਸੂਬੇਦਾਰ ਅਤਾ ਮੁਹੰਮਦ ਨੇ ਬੰਦੀ ਬਣਾ ਲਿਆ ਸੀ। ਸੰਨ 1812 'ਚ ਜਦੋਂ ਪੰਜਾਬ ''ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਕ ਦਿਨ ਉਨ੍ਹਾਂ ਕੋਲ ਬੇਗਮ ਵਫਾ ਆਈ ਅਤੇ ਆਪਣੇ ਪਤੀ ਦੀ ਰਿਹਾਈ ਲਈ ਸਹਾਇਤਾ ਮੰਗੀ। ਇਸ ਦੇ ਬਦਲੇ ਵਫਾ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾ ਤੋਹਫੇ ਵਜੋਂ ਦੇਣ ਦਾ ਵਚਨ ਦਿੱਤਾ।ਫਿਰ ਇਕ ਮੁਹਿੰਮ ਦੇ ਤਹਿਤ ਮਹਾਰਾਜਾ ਰਣਜੀਤ ਸਿੰਘ ਨੇ ਪਹਿਲਾਂ ਕਸ਼ਮੀਰ ਨੂੰ ਆਜ਼ਾਦ ਕਰਵਾਇਆ, ਹਾਰੇ ਅਫਗਾਨੀਆਂ ਨੂੰ ਲੁੱਟੇ ਸੋਮਨਾਥ ਮੰਦਿਰ ਦੇ ਕਿਵਾੜ ਵਾਪਸ ਕਰਨ ਲਈ ਕਿਹਾ ਤੇ ਫਿਰ ਸ਼ੇਰਗੜ੍ਹ ਕਿਲੇ 'ਚੋਂ ਸ਼ਾਹਸ਼ੁਜ਼ਾ ਨੂੰ ਰਿਹਾਅ ਕਰਵਾ ਕੇ ਲਾਹੌਰ ਪਹੁੰਚਾ ਦਿੱਤਾ। ਆਖਿਰ 1 ਜੂਨ 1813 ਨੂੰ ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਨੂੰ ਮਿਲ ਗਿਆ।''ਸ਼ੇਰ-ਏ-ਪੰਜਾਬ'' ਦੇ ਨਾਂ ਨਾਲ ਪ੍ਰਸਿੱਧ ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਸੱਚੇ ਸਿੱਖ ਤੇ ਕੁਸ਼ਲ ਯੋਗ ਪ੍ਰਸ਼ਾਸਕ ਸਨ, ਸਿਖ ਵਿਚਾਰਧਾਰਾ ਅਨੁਸਾਰ ਉਹਨਾਂ ਦਾ ਬਹੁਲਤਾਵਾਦੀ ਸੱਭਿਅਤਾ 'ਚ   ਅਥਾਹ ਵਿਸ਼ਵਾਸ ਸੀ, ਜੋ ਉਨ੍ਹਾਂ ਦੀ ਜੀਵਨਸ਼ੈਲੀ ਤੇ ਕਾਰਜਸ਼ੈਲੀ ਤੋਂ ਵੀ ਝਲਕਦਾ ਸੀ। 18ਵੀਂ ਸਦੀ ਦੇ ਸ਼ੁਰੂ ''ਚ ਮਹਾਰਾਜਾ ਰਣਜੀਤ ਸਿੰਘ ਦਾ ਸਰਕਾਰੀ ਖਜ਼ਾਨਾ ਕੋਹਿਨੂਰ ਹੀਰੇ ਨਾਲ ਸੁਸ਼ੋਭਿਤ ਸੀ। ਦਸੰਬਰ 1838 ''ਚ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਤੇ ਇਲਾਜ ਤੋਂ ਬਾਅਦ 27 ਜੂਨ 1839 ਨੂੰ ਉਨ੍ਹਾਂ ਦੀ ਮੌਤ ਹੋ ਗਈ। ਅੰਗਰੇਜ਼ਾਂ ਦੀ ਪਹਿਲਾਂ ਹੀ ਖੁਸ਼ਹਾਲ ਸੂਬੇ ਪੰਜਾਬ ''ਤੇ ਮਾੜੀ ਨਜ਼ਰ ਸੀ ਅਤੇ ਲਾਹੌਰ ਦਰਬਾਰ 'ਚ ਪਈ ਫੁੱਟ ਦਾ ਅੰਗਰੇਜ਼ਾਂ ਨੂੰ ਫਾਇਦਾ ਮਿਲਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ। ਸਿੱਖ ਸਾਮਰਾਜ ਦੇ ਆਖਰੀ ਪੁਰਸ਼ ਜਾਨਸ਼ੀਨ ਦਲੀਪ ਸਿੰਘ ਨੂੰ ਛੋਟੀ ਉਮਰੇ ਹੀ ਰਾਜਗੱਦੀ 'ਤੇ ਬਿਠਾ ਦਿੱਤਾ ਗਿਆ। ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਉਸਦੀ ਮਾਂ ਮਹਾਰਾਣੀ ਜਿੰਦਾ ਕੌਰ ਨਾਲੋਂ ਅੱਡ ਕਰ ਦਿੱਤਾ ਤੇ ਦਲੀਪ ਸਿੰਘ ਨੂੰ ਲਾਹੌਰ 'ਚ ਆਪਣੇ ਘਰ ਤੋਂ ਦੂਰ ਪਹਿਲਾਂ ਬਨਾਰਸ ਨੇੜੇ ਗੰਗਾ ਨਦੀ ਕਿਨਾਰੇ ਚੁਨਾਰ ਦੇ ਕਿਲੇ ਤੇ ਫਿਰ ਬਾਅਦ 'ਚ ਇੰਗਲੈਂਡ ਭੇਜ ਦਿੱਤਾ ਗਿਆ।ਅੰਗਰੇਜ਼ ਸ਼ਾਸਕਾਂ ਨੇ ਦਲੀਪ ਸਿੰਘ ਨੂੰ ਈਸਾਈ ਪਾਦਰੀ ਡਾ. ਜੌਨ ਸਪੈਂਸਰ ਲੋਗਨ ਅਤੇ ਉਸਦੀ ਪਤਨੀ ਨੂੰ ਸੌਂਪ ਦਿੱਤਾ, ਜਿਥੇ ਧਰਮ ਪਰਿਵਰਤਨ ਤੋਂ ਬਾਅਦ ਦਲੀਪ ਸਿੰਘ ਨੂੰ ਉਸਦੀ ਮੂਲ ਸੱਭਿਅਤਾ, ਭਾਸ਼ਾ ਅਤੇ ਪੰਜਾਬ ਦੀਆਂ ਜੜ੍ਹਾਂ ਨਾਲੋਂ ਕੱਟ ਦਿੱਤਾ। ਅੰਗਰੇਜ਼ਾਂ ਦੇ ਪਾਖੰਡ ਨੇ ਸੰਨ 1849 ''ਚ  ਇਕ ਨਾਬਾਲਿਗ ਮਹਾਰਾਜੇ ਨੂੰ ਕੋਹਿਨੂਰ ਹੀਰਾ ਇੰਗਲੈਂਡ ਦੀ ਮਹਾਰਾਣੀ ਨੂੰ ਤੋਹਫੇ 'ਚ ਦੇਣ ਲਈ ਮਜਬੂਰ ਕਰ ਦਿੱਤਾ।ਇਹ ਸਾਜ਼ਿਸ਼ ਲਾਰਡ ਡਲਹੌਜ਼ੀ ਨੇ ਘੜੀ ਸੀ। ਇੰਗਲੈਂਡ ਅਤੇ ਰੂਸ ਤੋਂ ਵਾਪਸ ਆਉਣ ਪਿੱਛੋਂ ਦਲੀਪ ਸਿੰਘ ਨੇ ਮੁੜ ਸਿੱਖ ਧਰਮ ਅਪਣਾ ਲਿਆ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ।ਡਾ. ਲੋਗਨ ਵਲੋਂ ਦਲੀਪ ਸਿੰਘ ਦਾ ਧਰਮ ਬਦਲਣਾ, ਉਸ 'ਤੇ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਭੇਟ ਕਰਨ ਲਈ ਦਬਾਅ ਪਾਉਣਾ ਮਿਸ਼ਨਰੀ ਭਾਵਨਾ ਅਤੇ ਦਲੀਪ ਸਿੰਘ ਨੂੰ ਦੇਸ ਪੰਜਾਬ ਨਾਲੋਂ ਤੋੜਨ ਦੀ ਸਾਮਰਾਜਵਾਦੀ ਨੀਤੀ ਨੂੰ ਦਰਸਾਉਂਦਾ ਹੈ।