ਵਿਦਿਆਰਥੀ ਜਥੇਬੰਦੀ "ਸੱਥ" ਨੇ ਸਿੱਖ ਵਿਦਵਾਨ ਭਾਈ ਵੀਰ ਸਿੰਘ ਨੂੰ ਯਾਦ ਕਰਦਿਆਂ ਯੂਨੀਵਰਸਿਟੀਆਂ 'ਚ ਕਰਵਾਏ ਸਮਾਗਮ

ਵਿਦਿਆਰਥੀ ਜਥੇਬੰਦੀ

ਚੰਡੀਗੜ੍ਹ: ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਕਹੇ ਜਾਂਦੇ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਨੂੰ ਪੰਜਾਬੀ ਬੋਲੀ ਦਿਹਾੜੇ ਵਜੋਂ ਮਨਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਮਾਗਮ ਕਰਵਾਏ ਗਏ। 

5 ਦਸੰਬਰ ਨੂੰ ਭਾਈ ਵੀਰ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਪੰਜਾਬੀ ਭਾਸ਼ਾ ਬਾਰੇ ਡਾ. ਸਿਕੰਦਰ ਸਿੰਘ ਅਤੇ ਸ. ਅਜੇਪਾਲ ਸਿੰਘ ਦੇ ਭਾਸ਼ਣ ਕਰਵਾਏ ਗਏ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੀ ਇਤਿਹਾਸਕਾਰੀ ਬਾਰੇ ਆਪਣੇ ਖੋਜ ਪਰਚੇ ਦੇ ਅਹਿਮ ਤੱਥਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਪੰਜਾਬੀ ਭਾਸ਼ਾ ਬਾਰੇ ਸਥਾਪਿਤ ਕੀਤੀ ਗਈ ਧਾਰਨਾ ਕਿ ਇਹ ਸੰਸਕ੍ਰਿਤ ਵਿੱਚੋਂ ਨਿੱਕਲੀ ਹੈ, ਬਿਲਕੁਲ ਗਲਤ ਹੈ। 

ਸ. ਅਜੇਪਾਲ ਸਿੰਘ ਬਰਾੜ ਨੇ ਪੰਜਾਬੀ ਭਾਸ਼ਾ ਦੀ ਮੋਜੂਦਾ ਗੰਭੀਰ ਸਥਿਤੀ ਬਾਰੇ ਗੱਲ ਕਰਦਿਆਂ ਬਰਤਾਨਵੀ ਬਸਤੀਵਾਦ ਸਮੇਂ ਦੇ ਅਸਰਾਂ ਅਤੇ ਮੋਜੂਦਾ ਭਾਰਤੀ ਰਾਸ਼ਟਰਵਾਦੀ ਰਾਜਨੀਤੀ ਦੇ ਅਸਰਾਂ 'ਤੇ ਵਿਚਾਰ ਪੇਸ਼ ਕੀਤੇ। ਉਹਨਾਂ ਸਿੱਖ ਰਾਜ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਸਥਾਪਤੀ ਲਈ ਕੀਤੇ ਕਾਰਜਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਇਸ ਉੱਤੇ ਹੋਰ ਖੋਜ ਕਰਨ ਲਈ ਕਿਹਾ।

ਇਸ ਮੌਕੇ ਪ੍ਰੋ. ਸਰਬਜਿੰਦਰ ਸਿੰਘ ਵੱਲੋਂ ਆਏ ਹੋਏ ਬੁਲਾਰਿਆਂ ਨੂੰ ਜੀਆਇਆਂ ਨੂੰ ਕਿਹਾ ਗਿਆ। ਸਟੇਜ ਦੀ ਕਾਰਵਾਈ ਸੱਥ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਮੁੱਖ ਸੇਵਾਦਾਰ ਜਗਸੀਰ ਸਿੰਘ ਮੱਤਾ ਵੱਲੋਂ ਸੰਭਾਲੀ ਗਈ ਅਤੇ ਸੱਥ ਦੇ ਜਥੇਬੰਦਕ ਜਥੇ ਦੇ ਨੁਮਾਂਇੰਦੇ ਸੁਖਵਿੰਦਰ ਸਿੰਘ ਵੱਲੋਂ ਬੁਲਾਰਿਆਂ ਅਤੇ ਸ਼ਾਮਿਲ ਹੋਏ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਜਥੇਬੰਦੀ ਨਾਲ ਜੁੜ ਕੇ ਪੰਜਾਬ, ਪੰਜਾਬੀ ਅਤੇ ਖਾਲਸਾ ਪੰਥ ਦੇ ਚੰਗੇਰੇ ਭਵਿੱਖ ਲਈ ਕਾਰਜਸ਼ੀਲ ਹੋਣ ਦਾ ਸੱਦਾ ਦਿੱਤਾ ਗਿਆ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਇਆ ਜਥੇਬੰਦੀ ਦਾ ਪਲੇਠਾ ਸਮਾਗਮ
ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਾਰਜਸ਼ੀਲ ਹੋਣ ਮਗਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਵੀ ਕਾਰਵਾਈਆਂ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਭਾਈ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ 6 ਜੂਨ ਨੂੰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰੂ ਨਾਨਕ ਕਾਲਜ ਬਟਾਲਾ ਦੇ ਪ੍ਰੋਫੈਸਰ ਡਾ. ਗੁਰਵੀਰ ਸਿੰਘ ਵੱਲੋਂ  ਡਾ. ਗੁਰਵੀਰ ਸਿੰਘ ਵੱਲੋਂ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਅਤੇ ਉਹਨਾਂ ਦੇ ਜੀਵਨ 'ਤੇ ਰੋਸ਼ਨੀ ਪਾਉਂਦਿਆਂ ਵਿਦਿਆਰਥੀਆਂ ਨੂੰ ਸਿੱਖ ਸਾਹਿਤ ਨਾਲ ਜੁੜ੍ਹਨ ਦੀ ਪ੍ਰੇਰਣਾ ਕੀਤੀ ਗਈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।