ਸਾਕਾ ਨੀਲਾ ਤਾਰਾ ਬਾਰੇ ਇੰਦਰਾ ਗਾਂਧੀ ਨੇ ਮੇਰੇ ਕੋਲ ਕਦੇ ਸੂਹ ਨਹੀਂ ਕੱਢੀ : ਕੈਪਟਨ ਅਮਰਿੰਦਰ ਸਿੰਘ

ਸਾਕਾ ਨੀਲਾ ਤਾਰਾ ਬਾਰੇ ਇੰਦਰਾ ਗਾਂਧੀ ਨੇ ਮੇਰੇ ਕੋਲ ਕਦੇ ਸੂਹ ਨਹੀਂ ਕੱਢੀ : ਕੈਪਟਨ ਅਮਰਿੰਦਰ ਸਿੰਘ

ਆਪਣੀ ਜੀਵਨੀ ਬਾਰੇ ਪੁਸਤਕ ‘ਦਿ ਪੀਪਲਜ਼ ਮਹਾਰਾਜਾ-ਐਨ ਆਥੋਰਾਈਜ਼ਡ ਬਾਇਓਗ੍ਰਾਫੀ’ ਮੌਕੇ ਕੈਪਟਨ ਨੇ ਕੀਤੇ ਅਹਿਮ ਖ਼ੁਲਾਸੇ

 • ਫ਼ੌਜੀ ਕਾਰਵਾਈ ਹੋਈ ਤਾਂ ਮੈਂ ਰੋਸ ਵਜੋਂ ਅਸਤੀਫ਼ਾ ਦਿੱਤਾ
 • ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਪਰ ਉਨ੍ਹਾਂ ਮੇਰੀਆਂ ਹੀ ਜੜ੍ਹਾਂ ਵੱਢੀਆਂ
 • ਅੱਤਵਾਦ ਦੌਰਾਨ ਹੋਏ ਬੇਗੁਨਾਹਾਂ ਦੇ ਕਤਲੇਆਮ ਦਾ ਵੀ ਮੈਂ ਖੁੱਲ੍ਹ ਕੇ ਵਿਰੋਧ ਕੀਤਾ
 • ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਵੱਡਾ ਧੱਕਾ ਹੋਇਆ
 • ਮੌਕਾ ਮਿਲਿਆ ਤਾਂ ਬਾਦਲਾਂ ਵਿਰੁੱਧ ਕਾਰਵਾਈ ਕਾਨੂੰਨ ਅਨੁਸਾਰ

  ਚੰਡੀਗੜ੍ਹ/ਬਿਊਰੋ ਨਿਊਜ਼ :
  ਪੰਜਾਬ ਦੇ ਖਾੜਕੂਵਾਦ ਸਮੇਂ ਦੇ ਹਾਲਾਤ ਬਾਰੇ ਜ਼ਿਕਰ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ‘ਤੇ ਉਨ੍ਹਾਂ ਨੇ ਸੰਤ ਭਿੰਡਰਾਂਵਾਲੇ ਨਾਲ ਲਗਾਤਾਰ ਰਾਬਤਾ ਬਣਾ ਕੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫ਼ਲਤਾ ਨਹੀਂ ਮਿਲੀ। ਅਮਰਿੰਦਰ ਸਿੰਘ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਸਬੰਧੀ ਫ਼ੌਜੀ ਕਾਰਵਾਈ ਦੇ ਚਰਚਿਆਂ ਸਬੰਧੀ ਉਨ੍ਹਾਂ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਤੋਂ ਜਦੋਂ ਕਦੇ ਵੀ ਪੁੱਛਿਆ ਤਾਂ ਉਨ੍ਹਾਂ ਅਜਿਹੇ ਚਰਚਿਆਂ ਨੂੰ ਹਮੇਸ਼ਾ ਰੱਦ ਕੀਤਾ ਪਰ ਜਦੋਂ ਇਹ ਫ਼ੌਜੀ ਕਾਰਵਾਈ ਹੋਈ ਤਾਂ ਮੈਂ ਰੋਸ ਵਜੋਂ ਅਸਤੀਫ਼ਾ ਦੇ ਦਿੱਤਾ। ਇਹ ਖ਼ੁਲਾਸਾ ਉਨ੍ਹਾਂ ਨੇ ਨੌਜਵਾਨ ਲੇਖਕ ਖੁਸ਼ਵੰਤ ਸਿੰਘ ਵੱਲੋਂ ਉਨ੍ਹਾਂ (ਕੈਪਟਨ) ਦੇ ਜੀਵਨ ਬਾਰੇ ਲਿਖੀ ਪੁਸਤਕ ‘ਦਿ ਪੀਪਲਜ਼ ਮਹਾਰਾਜਾ-ਐਨ ਆਥੋਰਾਈਜ਼ਡ ਬਾਇਓਗ੍ਰਾਫੀ’ ਦੇ ਰਿਲੀਜ਼ ਸਮਾਗਮ ਵਿੱਚ ਹੋਈ ਵਿਚਾਰ ਚਰਚਾ ਦੌਰਾਨ ਕੀਤਾ। ਇਸ ਮੌਕੇ ਲੇਖਕ ਖ਼ੁਸ਼ਵੰਤ ਸਿੰਘ ਨੇ ਦਾਅਵਾ ਕੀਤਾ ਕਿ ਸਮਕਾਲੀ ਸਿਆਸੀ ਆਗੂਆਂ ਵਿਚੋਂ  ਇਹ ਕਿਸੇ ਪਹਿਲੇ ਸਿਆਸੀ ਆਗੂ ਦੀ ਜੀਵਨੀ ਹੈ।
  ਮੰਗਲਵਾਰ ਨੂੰ ਇੱਥੇ ਵਿਸ਼ੇਸ਼ ਸਮਾਗਮ ਦੌਰਾਨ ਸਿਆਸਤਦਾਨਾਂ, ਨੌਕਰਸ਼ਾਹੀ, ਲੇਖਕਾਂ, ਸੇਵਾਮੁਕਤ ਫ਼ੌਜੀਆਂ ਸਮੇਤ ਵੱਖ ਵੱਖ ਖੇਤਰ ਦੇ ਮੋਹਤਬਰ ਲੋਕਾਂ ਦੀ ਮੌਜੂਦਗੀ ਵਿਚ ਚਰਚਾ ਦੌਰਾਨ ਕੈਪਟਨ ਅਮਰਿੰਦਰ ਨੇ ਕਿਹਾ ਕਿ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਤੋਂ ਬਾਅਦ ਉਨ੍ਹਾਂ ਸਾਹਮਣੇ ਅਸਤੀਫ਼ਾ ਦੇਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ। ਮੁੜ 1986 ਵਿੱਚ ਸੁਰਜੀਤ ਸਿੰਘ ਬਰਨਾਲਾ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਵੀ ਦਰਬਾਰ ਸਾਹਿਬ ਵਿੱਚ ਪੁਲੀਸ ਭੇਜਣ ਕਰਕੇ ਦੇਣਾ ਪਿਆ। ਹੁਣ ਐਸਵਾਈਐਲ ਦੇ ਮੁੱਦੇ ਉੱਤੇ ਲੋਕ ਸਭਾ ਤੋਂ ਅਸਤੀਫ਼ਾ ਦਿੱਤਾ ਹੈ।
  ਉਨ੍ਹਾਂ ਕਿਹਾ, ”ਜਦੋਂ ਇਹ ਕਾਰਵਾਈ ਹੋਈ ਤਾਂ ਮੈਂ ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਨੇੜੇ ਗੋਲਫ਼ ਮੈਦਾਨ ਵਿਚ ਗੋਲਫ਼ ਖੇਡ ਰਿਹਾ ਸੀ ਕਿ ਮੈਨੂੰ ਕਿਸੇ ਇਸ ਸਬੰਧੀ ਖ਼ਬਰ ਦਿੱਤੀ, ਜਿਸ ਤੋਂ ਬਾਅਦ ਮੈਂ ਇਕ ਨੇੜੇ ਦੇ ਪਿੰਡ ਵਿਚ ਆ ਕੇ ਰੇਡੀਓ ‘ਤੇ ਖ਼ਬਰਾਂ ਸੁਣੀਆਂ, ਜਿਸ ਤੋਂ ਮੈਨੂੰ ਇਸ ਕਾਰਵਾਈ ਬਾਰੇ ਪਤਾ ਲੱਗਾ।” ਉਨ੍ਹਾਂ ਦੱਸਿਆ, ”ਮੈਂ ਇਸ ਤੋਂ ਬਾਅਦ ਸੋਲਨ ਪੁੱਜ ਕੇ ਇਸ ਦੇ ਵਿਰੋਧ ਵਿਚ ਆਪਣਾ ਅਸਤੀਫ਼ਾ ਕਾਂਗਰਸ ਤੇ ਪਾਰਲੀਮੈਂਟ ਤੋਂ ਪ੍ਰਧਾਨ ਮੰਤਰੀ ਨੂੰ ਭੇਜਿਆ। ਕੋਈ 4 ਦਿਨ ਬਾਅਦ ਜਦੋਂ ਮੈਂ ਦਿੱਲੀ ਵਿਖੇ ਸ੍ਰੀਮਤੀ ਗਾਂਧੀ ਨੂੰ ਮਿਲਿਆ ਤਾਂ ਉਨ੍ਹਾਂ ਮੇਰੀ ਇਸ ਕਾਰਵਾਈ ਸਬੰਧੀ ਨਾ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਪਰ ਮੈਂ ਸਪਸ਼ਟ ਕੀਤਾ ਕਿ ਮੈਂ ਆਪਣੇ ਲੋਕਾਂ, ਆਪਣੀ ਕੌਮ ਤੇ ਆਪਣੇ ਸੂਬੇ ਤੋਂ ਕਿਸ ਤਰ੍ਹਾਂ ਵੱਖ ਹੋ ਸਕਦਾ ਹਾਂ ਤੇ ਇਸ ਮੁੱਦੇ ‘ਤੇ ਮੇਰੇ ਵੱਖਰੇ ਵਿਚਾਰ ਹਨ।” ਉਨ੍ਹਾਂ ਕਿਹਾ, ”ਇਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੌਰਾਨ ਮੈਂ ਮੰਤਰੀ ਮੰਡਲ ਵਿਚ ਤੀਜੇ ਨੰਬਰ ‘ਤੇ ਮੰਤਰੀ ਸੀ, ਪਰ ਮੈਨੂੰ ਪਟਿਆਲਾ ਵਿਖੇ ਕਿਸੇ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਚ ਕੋਈ ਕਾਰਵਾਈ ਚੱਲ ਰਹੀ ਹੈ, ਜਿਸ ਸਬੰਧੀ ਮੈਂ ਚੰਡੀਗੜ੍ਹ ਪੁਲੀਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਜਾਣਕਾਰੀ ਹਾਸਲ ਕੀਤੀ ਤੇ ਇਸੇ ਗੱਲ ਦੇ ਵਿਰੋਧ ਵਿਚ ਮੈਂ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਕਿ ਮੈਨੂੰ ਇਕ ਸੀਨੀਅਰ ਮੰਤਰੀ ਹੋਣ ਦੇ ਨਾਤੇ ਵੀ ਅਜਿਹੇ ਅਹਿਮ ਫ਼ੈਸਲੇ ਸਬੰਧੀ ਭਰੋਸੇ ਵਿਚ ਲੈਣ ਦੀ ਜ਼ਰੂਰਤ ਨਹੀਂ ਸਮਝੀ ਗਈ।” ਉਨ੍ਹਾਂ ਕਿਹਾ, ”ਮੈਂ ਆਪਣੇ ਜੀਵਨ ਵਿਚ ਆਪਣੀ ਸੋਚ ਤੇ ਵਿਚਾਰਾਂ ਅਨੁਸਾਰ ਫ਼ੈਸਲੇ ਲੈਂਦਾ ਰਿਹਾ ਹਾਂ ਤੇ ਜਿਨ੍ਹਾਂ ਫ਼ੈਸਲਿਆਂ ਨਾਲ ਮੈਂ ਸਹਿਮਤ ਨਹੀਂ ਸੀ, ਮੈਂ ਉਨ੍ਹਾਂ ਦਾ ਵਿਰੋਧ ਕੀਤਾ।” ਉਨ੍ਹਾਂ ਕਿਹਾ, ”ਅੱਤਵਾਦ ਦੌਰਾਨ ਹੋਏ ਬੇਗੁਨਾਹਾਂ ਦੇ ਕਤਲੇਆਮ ਦਾ ਵੀ ਮੈਂ ਹੀ ਖੁੱਲ੍ਹ ਕੇ ਵਿਰੋਧ ਕੀਤਾ ਜਦਕਿ ਬਹੁਤੇ ਮੌਜੂਦਾ ਅਕਾਲੀ ਆਗੂ ਵੀ ਖ਼ਾਮੋਸ਼ ਹੋ ਕੇ ਬੈਠ ਗਏ ਸਨ।
  ਕੈਪਟਨ ਨੇ ਕਿਹਾ ਕਿ 1992 ਦੀਆਂ ਚੋਣਾਂ ਤੋਂ ਬਾਅਦ ਦਿੱਲੀ ਵਿੱਚ ਹਰਚਰਨ ਸਿੰਘ ਬਰਾੜ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਸੀ ਤਾਂ ਉਨ੍ਹਾਂ ਤਤਕਾਲੀ ਪ੍ਰਧਾਨ ਮੰੰਤਰੀ ਪੀ.ਵੀ. ਨਰਸਿੰਮ੍ਹਾ ਰਾਓ ਨੂੰ ਮਿਲ ਕੇ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਸ ਪਿੱਛੇ ਦਲੀਲ ਸੀ ਕਿ ਖਾੜਕੂਵਾਦ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਬੇਅੰਤ ਸਿੰਘ ਨੇ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਸੀ, ਜਦੋਂਕਿ ਹੋਰ ਆਗੂ ਬਾਹਰ ਨਿਕਲਣ ਤੋਂ ਵੀ ਝਿਜਕ ਰਹੇ ਸਨ। ਕੈਪਟਨ ਨੇ ਕਿਹਾ ਕਿ ਇਹ ਗੱਲ ਵੱਖ ਹੈ ਕਿ ਬਾਅਦ ਵਿੱਚ ਬੇਅੰਤ ਸਿੰਘ ਨੇ ਹੀ ਉਨ੍ਹਾਂ ਦੀਆਂ ਜੜ੍ਹਾਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਸਨ।
  ਸੱਤਾ ਵਿਚ ਆਉਣ ‘ਤੇ ਅਕਾਲੀਆਂ ਵਿਰੁੱਧ ਕਾਰਵਾਈ ਸਬੰਧੀ ਉਨ੍ਹਾਂ ਕਿਹਾ, ”ਮੈਂ ਅਰਵਿੰਦ ਕੇਜਰੀਵਾਲ ਵਾਂਗ ਇਹ ਨਹੀਂ ਕਹਿ ਸਕਦਾ ਕਿ ਮੈਂ ਸੱਤਾ ਵਿਚ ਆਉਂਦਿਆਂ ਹੀ ਅਕਾਲੀ ਆਗੂਆਂ ਨੂੰ ਜੇਲ੍ਹਾਂ ਵਿਚ ਸੁੱਟ ਦੇਵਾਂਗਾ ਕਿਉਂਕਿ ਮੈਂ ਕਾਨੂੰਨ ਦੇ ਰਾਜ ਵਿਚ ਵਿਚ ਵਿਸ਼ਵਾਸ ਰੱਖਦਾ ਹਾਂ ਤੇ ਸਮਝਦਾ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਦੋਸ਼ੀ ਕਰਾਰ ਦੇਣ ਦਾ ਕੰਮ ਅਦਾਲਤਾਂ ਜਾਂ ਜਾਂਚ ਏਜੰਸੀਆਂ ਦਾ ਹੈ, ਉਹ ਮੁੱਖ ਮੰਤਰੀ ਦਾ ਅਧਿਕਾਰ ਨਹੀਂ।” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਨਾਲ ਵੱਡਾ ਧੱਕਾ ਹੋਇਆ ਤੇ ਪੰਜਾਬ ਹਰਿਆਣਾ ਬਣਨ ਮੌਕੇ ਜਦੋਂ ਸਾਰੀਆਂ ਚੀਜ਼ਾਂ 60:40 ਦੇ ਅਨੁਪਾਤ ਵਿਚ ਵੰਡੀਆਂ ਗਈਆਂ ਤਾਂ ਹਰਿਆਣਾ ਨੂੰ 12 ਮਿਲੀਅਨ ਏਕੜ ਫੁੱਟ ਤੇ ਪੰਜਾਬ ਨੂੰ 8 ਮਿਲੀਅਨ ਏਕੜ ਫੁੱਟ ਪਾਣੀ ਮਿਲਿਆ ਕਿਉਂਕਿ ਯਮੁਨਾ ਦਾ ਪਾਣੀ ਜੋ ਹਰਿਆਣਾ ਨੂੰ ਮਿਲ ਰਿਹਾ ਸੀ, ਉਸ ਨੂੰ ਵੰਡ ਵਾਲੇ ਪਾਣੀ ਵਿਚ ਸ਼ਾਮਲ ਨਹੀਂ ਕੀਤਾ ਗਿਆ। ਉਨ੍ਹਾਂ ਆਪਣੀ ਕਿਤਾਬ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਵੱਲੋਂ ਦਰਿਆਈ ਪਾਣੀਆਂ ਸਬੰਧੀ ਸਮਝੌਤਿਆਂ ਨੂੰ ਰੱਦ ਕਰਨ ਦਾ ਬਿੱਲ ਇਸੇ ਲਈ ਪਾਸ ਕਰਵਾਇਆ ਗਿਆ ਕਿ ਪੰਜਾਬ ਨਾਲ ਹੁਣ ਤੱਕ ਹੋਏ ਧੱਕੇ ਤੇ ਬੇਇਨਸਾਫ਼ੀਆਂ ਨੂੰ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਜਾਤੀ ਰਸੂਖ਼ ਨਾਲ ਉਨ੍ਹਾਂ ਰਾਜਪਾਲ ਤੋਂ ਇਸ ਬਿੱਲ ਨੂੰ ਪ੍ਰਵਾਨ ਕਰਵਾ ਲਿਆ, ਪ੍ਰੰਤੂ ਬਾਅਦ ਵਿਚ ਰਾਜਪਾਲ ਨੂੰ ਇਸੇ ਫ਼ੈਸਲੇ ਕਾਰਨ ਆਪਣੇ ਅਹੁਦੇ ਤੋਂ ਹੱਥ ਧੋਣੇ ਪਏ। ਉਨ੍ਹਾਂ ਕਿਹਾ ਕਿ ਸ੍ਰੀਮਤੀ ਸੋਨੀਆ ਗਾਂਧੀ ਨਾਲ ਇਸ ਸਬੰਧੀ ਆਪਣੀ ਮੀਟਿੰਗ ਦਾ ਕਿਤਾਬ ਵਿਚ ਜ਼ਿਕਰ ਕੀਤਾ ਹੈ, ਜਿਨ੍ਹਾਂ ਇਤਰਾਜ਼ ਕੀਤਾ ਕਿ ਮੇਰੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਫ਼ੈਸਲਾ ਕਿਉਂ ਲਿਆ ਗਿਆ, ਪਰ ਮੈਂ ਉਨ੍ਹਾਂ ਨੂੰ ਸਪਸ਼ਟ ਕੀਤਾ ਕਿ ਪੰਜਾਬ ਵਿਚ ਸ਼ਾਂਤੀ ਬਰਕਰਾਰ ਰੱਖਣ ਲਈ ਇਹ ਕਦਮ ਜ਼ਰੂਰੀ ਸੀ ਤੇ ਜੇ ਮੈਂ ਤੁਹਾਡੇ ਕੋਲ ਇਸ ਸਬੰਧੀ ਪ੍ਰਵਾਨਗੀ ਲਈ ਆਉਂਦਾ ਤਾਂ ਤੁਸੀਂ ਪ੍ਰਵਾਨਗੀ ਦੇਣੀ ਨਹੀਂ ਸੀ ਤੇ ਮੈਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਅਜਿਹੇ ਮੁੱਦੇ ਵਿਚ ਫਸਾ ਕੇ ਖ਼ਤਰੇ ਵਿਚ ਨਹੀਂ ਪਾਉਣਾ ਚਾਹੁੰਦਾ ਸੀ। ਮੌਜੂਦਾ ਵਿਧਾਨ ਸਭਾ ਚੋਣਾਂ ਸਬੰਧੀ ਉਹ ਮਹਿਸੂਸ ਕਰਦੇ ਹਨ ਕਿ ਕਾਂਗਰਸ ਨੂੰ ਚੋਣਾਂ ਵਿਚੋਂ 65 ਸੀਟਾਂ ਤੋਂ 2-3 ਵੱਧ ਜਾਂ ਘੱਟ ਸੀਟਾਂ ਮਿਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ 40 ਦੇ ਨੇੜੇ ਪੁੱਜ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਚੋਣ ਵਿਚ ਅਕਾਲੀ ਦਲ ਨੂੰ ਅਜਿਹਾ ਧੱਕਾ ਲੱਗੇਗਾ, ਜਿਸ ਤੋਂ ਬਾਅਦ ਅਕਾਲੀ ਦਲ ਨੂੰ ਇਕ ਤਰ੍ਹਾਂ ਨਾਲ ਨਵੇਂ ਸਿਰੇ ਤੋਂ ਹੀ ਖੜ੍ਹਾ ਕਰਨਾ ਪਵੇਗਾ। 11 ਮਾਰਚ ਨੂੰ ਨਤੀਜੇ ਵਾਲੀ ਤਰੀਕ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਦਿਨ ਮੈਨੂੰ ਆਪਣੇ ਜਨਮ ਦਿਨ ਦੇ ਕੇਕ ਤੋਂ ਇਲਾਵਾ ਜਿੱਤ ਦਾ ਕੇਕ ਖਾਣ ਦਾ ਮੌਕਾ ਵੀ ਦੇ ਸਕਦਾ ਹੈ।