ਬਾਦਲ ਵਿਰੋਧੀ ਲਹਿਰ ਨਹੀਂ, ਸਗੋਂ ਨਫ਼ਰਤ ਦੀ ਲਹਿਰ

ਬਾਦਲ ਵਿਰੋਧੀ ਲਹਿਰ ਨਹੀਂ, ਸਗੋਂ ਨਫ਼ਰਤ ਦੀ ਲਹਿਰ

ਪੰਜਾਬ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜਿਸ ਨੇ ਲੰਮਾ ਸਮਾਂ ਪੰਜਾਬੀ ਦੇ ਉੱਘੇ ਅਖ਼ਬਾਰਾਂ ਨਾਲ ਕੰਮ ਕਰਦਿਆਂ ਪੰਜਾਬ ਤੋਂ ਬਾਹਰ ਉੱਤਰ ਪ੍ਰਦੇਸ਼, ਕਸ਼ਮੀਰ ਅਤੇ ਹੋਰਨਾਂ ਇਲਾਕਿਆਂ ਵਿਚ ਵਸਦੇ ਸਿੱਖ ਭਾਈਚਾਰੇ ਦੇ ਮਸਲਿਆਂ ਅਤੇ ਮੁਸ਼ਕਲਾਂ ਨੂੰ ਡੂੰਘੀ ਤਰ੍ਹਾਂ ਸਮਝ ਕੇ, ਖੁਲ੍ਹ ਕੇ ਲਿਖਿਆ ਅਤੇ ਸਭ ਪਾਸਿਓਂ ਸਰਾਹਨਾ ਅਤੇ ਸ਼ਾਬਾਸ਼ ਕਮਾਈ ਹੈ। 
ਮੇਜਰ ਸਿੰਘ ਆਮ ਆਦਮੀ ਪਾਰਟੀ ਲਈ ਵੀ ਸਰਗਰਮ ਰਹੇ ਹਨ ਅਤੇ ਅੱਜ ਕਲ੍ਹ ਆਪ ਦੀਆਂ ਸਰਗਰਮੀਆਂ ਨਾਲ ਕੋਈ ਵਾਹ ਵਾਸਤਾ ਨਾ ਰੱਖਣ ਕਾਰਨ ਮੁੜ ਪੱਤਰਕਾਰੀ ਵਲ ਪਰਤ ਆਏ ਹਨ।
ਮਾਨਸਾ ਇਲਾਕੇ ਦੇ ਜੰਮ ਪਲ ਇਸ ਪੱਤਰਕਾਰ ਨੂੰ ਅਪਣੀ ਜਵਾਨੀ ਦੇ ਦਿਨਾਂ ਤੋਂ ਲੈ ਕੇ ਵਰ੍ਹਿਆਂ ਤੱਕ ਰਾਜਸੀ ਕਾਰਕੁਨ ਵਜੋਂ ਕੰਮ ਕਰਨ ਸਦਕਾ ਲੋਕ ਮਨਾਂ ਦੀ ਤਕੜੀ ਸਮਝ ਹੈ। ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਤੋਂ ਲੈ ਕੇ ਹੇਠਲੇ ਵਰਕਰਾਂ ਨਾਲ ਨੇੜਲੇ ਸਬੰਧ ਹੋਣ ਕਾਰਨ ਅਹਿਮ ਜਾਣਕਾਰੀ ਪ੍ਰਾਪਤ ਕਰਨ ਵਿੱਚ ਉਸ ਨੂੰ ਕਦੇ ਦਿੱਕਤ ਨਹੀਂ ਆਈ।  ਉਨਾਂ ਦੀ ਪੱਤਰਕਾਰ ਵਜੋਂ ਇਸ ਵਿੱਚ ਭਰੋਸੇਯੋਗਤਾ ਕਾਰਨ ਮੇਜਰ ਸਿੰਘ ਨੂੰ ਸਿਆਸਤਦਾਨਾਂ, ਉੱਚ ਸਰਕਾਰੀ ਅਧਿਕਾਰੀਆਂ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਦੇ ਮਨਾਂ ਦੇ ਧੁਰ ਅੰਦਰ ਪਹੁੰਚ ਜਾਣ ਦੇ ਮੌਕੇ ਹੋਣ ਕਾਰਨ ‘ਸੱਚ ਦੇ ਨੇੜੇ ਤੇੜੇ’ ਪਹੁੰਚਣਾ ਸੰਭਵ ਹੋ ਜਾਂਦਾ ਹੈ।
ਅਸੀਂ ਇਸ ਸਰਵੇਖਣ ਨੂੰ ਅੰਤਮ ਸੱਚ ਤਾਂ ਦੂਰ ਦੀ ਗੱਲ ‘ਪੱਕੇ ਟੇਵੇ’ ਵਜੋਂ ਵੀ ਨਹੀਂ ਪਰ ਕਈ ਅਹਿਮ ਪੱਖਾਂ ਅਤੇ ਅਰਥ ਭਰਪੂਰ ਅੰਕੜਿਆਂ ਦੇ ਉੱਤੇ ਆਧਾਰਤ ਹੋਣ ਕਾਰਨ ਅਸੀਂ ਵੀ ਅਕਸਰ ਚੋਣਾਂ ਤੋਂ ਪਹਿਲਾਂ ਕੀਤੇ ਤੇ ਛਾਪੇ ਜਾਂਦੇ ਸਰਵੇਖਣਾਂ ਵਿੱਚ ਲੋਕਾਂ ਦੀ ਦਿਲਚਸਪੀ ਅਨੁਸਾਰ ਪਾਠਕਾਂ ਦੇ ਸਨਮੁੱਖ ਕਰ ਰਹੇ ਹਾਂ। ਚੋਣ ਲੜ ਰਹੀਆਂ ਰਾਜਸੀ ਪਾਰਟੀਆਂ ਵਿਚੋਂ ਕਿਸੇ ਇੱਕ ਪਾਰਟੀ, ਧਿਰ ਜਾਂ ਉਮੀਦਵਾਰ ਪ੍ਰਤੀ ਪੱਖਪਾਤ ਜਾਂ ਕਿਸੇ ਦੇ ਵੀ ਹੱਕ ਵਿੱਚ ਭੁਗਤਣ ਦਾ ਨਾ ਕਦੇ ਸਾਡਾ ਰੁਝਾਣ ਰਿਹਾ ਹੈ ਤੇ ਨਾ ਹੀ ਇਸ ਵਾਰ ਵੀ ਅਜਿਹਾ ਕੋਈ ਇਰਾਦਾ ਹੈ …ਸੰਪਾਦਕ

ਸੰਭਾਵੀ ਚੋਣ ਨਤੀਜਿਆਂ ਮੁਤਾਬਕ ਪਾਰਟੀਆਂ ਦੀ ਪੁਜ਼ੀਸ਼ਨ
ਕਾਂਗਰਸ 65 ਸੀਟਾਂ ਉੱਤੇ ਅੱਗੇ
ਆਪ ਵਲੋਂ 25 ਤੋਂ ਵੱਧਂ ਸੀਟਾਂ ਜਿੱਤਣੀਆਂ ਪੱਕੀਆਂ 
ਅਕਾਲੀ ਦਲ ਦੀ 15 ਸੀਟਾਂ ਉੱਤੇ ਤਕੜੀ ਪਕੜ
ਭਾਜਪਾ ਦੀਆਂ 2-3 ਸੀਟਾਂ ਪੱਕੀਆਂ
ਇਹ ਸੰਕੇਤ ਤਾਂ ਵੋਟਾਂ ਪੈਣ ਤੋਂ 4 ਦਿਨ ਪਹਿਲਾਂ ਦੇ ਹਨ। ਆਉਣ ਵਾਲੇ ਦਿਨਾਂ ਦੌਰਾਨ ਸਾਰੀਆਂ ਪਾਰਟੀਆਂ ਆਪਣੀ ਪੁਜੀਸ਼ਨ ਹੋਰ ਮਜ਼ਬੂਤ ਕਰਨ ਅਤੇ ਅਪਣੇ ਵੱਧ ਤੋਂ ਵੱਧ ਉਮੀਦਵਾਰਾਂ ਨੂੰ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਂਇਸ ਤੋਂ ਇਲਾਵਾ ਪੈਸੇ ਅਤੇ ਤਾਕਤ ਦੇ ਨਾਲ ਨਾਲ ਕਈ ਹੋਰ ਢੰਗ ਤਰੀਕ ਅਪਣਾਉਣ ਨਾਲ ਸਾਰੇ ਤਵਾਜ਼ਨ ਵਿਗੜ ਜਾਣ ਨਾਲ ‘ਝਾੜੂ’, ਹੱਥ’ ਅਤੇ ‘ਤਕੜੀ’ ਵਿਚੋਂ ਕੌਣ ਬਾਜ਼ੀ ਮਾਰਦਾ ਹੈ… ਅਸਲ ਤਸਵੀਰ ਤਾਂ ਚੋਣ ਸਰਵੇਖਣਾਂ ਰਾਹੀਂ ਨਹੀਂ ਬਲਕਿ 11 ਮਾਰਚ ਨੂੰ ਵੋਟ ਬਕਸੇ ਖੁਲ੍ਹ ਕੇ ਗਿਣਤੀ ਹੋਣ ਬਾਅਦ ਸਾਹਮਣੇ ਆ ਸਕੇਗੀ।

ਕਾਂਗਰਸ ਲਿਜਾ ਸਕਦੀ ਹੈ ਸਭ ਤੋਂ ਵੱਧ ਸੀਟਾਂ, ‘ਆਪ’ ਦੂਜੇ ਨੰਬਰ ‘ਤੇ
ਜਲੰਧਰ/ ਮੇਜਰ ਸਿੰਘ
ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਦਾ ਲੇਖਾ-ਜੋਖਾ ਕਰੀਏ ਤਾਂ ਇਸ ਗੱਲ ਬਹੁਤ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਵਕਤ ਪੂਰੇ ਪੰਜਾਬ ਵਿਚ ਬਾਦਲ ਵਿਰੋਧੀ ਲਹਿਰ ਨਹੀਂ, ਸਗੋਂ ਅਕਾਲੀਆਂ ਵਿਰੁੱਧ ਨਫ਼ਰਤ ਦੀ ਲਹਿਰ ਚੱਲ ਰਹੀ ਹੈ। ਲੋਕ ਬਾਦਲਾਂ ਤੇ ਉਨ੍ਹਾਂ ਦੇ ਮੰਤਰੀਆਂ, ਜਥੇਦਾਰਾਂ ਦੀਆਂ ਜ਼ਿਆਦਤੀਆਂ ਤੋਂ ਬੇਹੱਦ ਦੁਖੀ ਹਨ। ਬੇਅਦਬੀ ਦੀਆਂ ਘਟਨਾਵਾਂ, ਭ੍ਰਿਸ਼ਟਾਚਾਰ ਤੇ ਨਸ਼ਿਆਂ ਕਾਰਨ ਬਾਦਲ ਸਰਕਾਰ ਵਿਰੁੱਧ ਸਪਸ਼ਟ ਨਫ਼ਰਤੀ ਹਵਾ ਚੱਲ ਰਹੀ ਨਜ਼ਰ ਆ ਰਹੀ ਹੈ। ਪਰ ਇਕ ਤਬਕਾ ਅਜਿਹਾ ਵੀ ਹੈ ਜੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੀਆਂ ਧਾਰਮਿਕ ਯਾਤਰਾਵਾਂ ਕਾਰਨ ਉਨ੍ਹਾਂ ਦੇ ਧੰਨਵਾਦੀ ਹਨ। ਇਸ ਹਾਲਤ ਵਿੱਚ ਜੇ ਵੋਟਾਂ ਦਾ 20 ਤੋਂ 25 ਫ਼ੀਸਦੀ ਅਕਾਲੀ ਲੈ ਜਾਂਦੇ ਹਨ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੂੰਗੀ ਤੇ ਜੇ 10-15 ਫ਼ੀਸਦੀ ਰਹਿ ਗਈਆਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਸੂਬੇ ਅੰਦਰ ਵੱਡੇ ਸ਼ਹਿਰਾਂ ਅਤੇ ਕਸਬਿਆਂ ਅੰਦਰਲੀ ਹਿੰਦੂ ਵੋਟ ਦਾ ਉਲਾਰ ਕਾਂਗਰਸ ਵੱਲ ਹੋ ਤੁਰਿਆ ਹੈ, ਜੋ ਆਮ ਆਦਮੀ ਪਾਰਟੀ ਦੇ ਅਨੁਮਾਨਾਂ ਨੂੰ ਵੱਡੀ ਢਾਅ ਲਗਾ ਸਕਦਾ ਹੈ। ‘ਆਪ’ ਆਗੂਆਂ ਦੇ ‘ਬਾਹਰਲੇ’ ਹੋਣ ਦੇ ਚੱਲ ਰਹੇ ਪ੍ਰਚਾਰ ਅਤੇ ਗਰਮ ਖਿਆਲੀ ਸਿੱਖਾਂ ਦਾ ਸਹਾਰਾ ਲੈਣ ਦੇ ਸਾਹਮਣੇ ਆ ਰਹੇ ਤੱਥ ਉਨ੍ਹਾਂ ਲਈ ਹਿੰਦੂ ਤੇ ਦਲਿਤ ਵਰਗਾਂ ਦੀ ਵੋਟ ਨੂੰ ਸੰਨ੍ਹ ਲਗਾਉਣ ਵਿਚ ਵੀ ਅੜਿੱਕਾ ਖੜ੍ਹਾ ਕਰਦੇ ਨਜ਼ਰ ਆ ਰਹੇ ਹਨ।
ਵੋਟਾਂ ਪੈਣ ਤੋਂ ਚਾਰ ਕੁ ਦਿਨ ਪਹਿਲਾਂ ਦੇ ਰੁਝਾਣਾਂ ਤੇ ਭਰੋਸੇਯੋਗ ਸੂਹੀਆ ਰਿਪੋਰਟਾਂ ਅਨੁਮਾਨਾਂ ਮੁਤਾਬਕ ਹਲਕਾਵਾਰ ਸਥਿਤੀ ਸਮਝਣ ਵਲ ਚਲਦੇ ਹਾਂ।

ਗੱਲ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਤੋਂ ਸ਼ੁਰੂ ਕਰਦੇ ਹਾਂ। ਮੁਕਤਸਰ ਜ਼ਿਲ੍ਹੇ ਦੀਆਂ ਚਾਰ ਸੀਟਾਂ ਹਨ।
ਲੰਬੀ, ਮੁਕਤਸਰ, ਗਿੱਦੜਬਾਹਾ ਤੇ ਮਲੋਟ (ਐਸ.ਸੀ.)। ਇਨ੍ਹਾਂ ਵਿਚੋਂ ਲੰਬੀ ਸੀਟ ਕੈਪਟਨ ਅਮਰਿੰਦਰ ਸਿੰਘ, ਮੁਕਤਸਰ ਸੀਟ ‘ਆਪ’ ਦੇ ਜਗਦੀਪ ਬਰਾੜ, ਗਿੱਦੜਬਾਹਾ ਦੀ ਸੀਟ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਮਲੋਟ ਸੀਟ ‘ਆਪ’ ਦੇ ਮਾਸਟਰ ਬਲਦੇਵ ਸਿੰਘ ਆਜ਼ਾਦ ਦੇ ਹਿੱਸੇ ਆ ਸਕਦੀ ਹੈ।

ਫਾਜ਼ਿਲਕਾ ਜ਼ਿਲ੍ਹੇ ਵਿਚ ਚਾਰ ਸੀਟਾਂ ਅਬੋਹਰ, ਫਾਜ਼ਿਲਕਾ, ਬੱਲੂਆਣਾ ਤੇ ਜਲਾਲਾਬਾਦ ਹਨ। ਇਥੇ ਫਾਜ਼ਿਲਕਾ ਤੋਂ ਕਾਂਗਰਸ ਦੇ ਦਵਿੰਦਰ ਸਿੰਘ ਘੁਬਾਇਆ, ਅਬੋਹਰ ਤੋਂ ਸੁਨੀਲ ਜਾਖੜ ਅਤੇ ਬੱਲੂਆਣਾ ਤੋਂ ਕਾਮਰੇਡ ਨੱਥੂ ਰਾਮ ਦੀ ਪੁਜ਼ੀਸ਼ਨ ਮਜ਼ਬੂਤ ਹੈ, ਜਦਕਿ ਜਲਾਲਾਬਾਦ ਵਿਚ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ‘ਆਪ’ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਕਾਂਗਰਸ ਐੱਮ.ਪੀ. ਰਵਨੀਤ ਸਿੰਘ ਬਿੱਟੂ ਵਿਚਾਲੇ ਸਖ਼ਤ ਮੁਕਾਬਲਾ ਹੈ।

ਫਰੀਦਕੋਟ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਹਨ-ਫਰੀਦਕੋਟ, ਜੈਤੋਂ (ਐਸ.ਸੀ.) ਤੇ ਕੋਟਕਪੂਰਾ। ਫਰੀਦਕੋਟ ‘ਚ ਕਾਂਗਰਸ ਦੇ ਕੁਸ਼ਲਦੀਪ ਸਿੰਘ ਢਿਲੋਂ ਦੀ ਪੁਜ਼ੀਸ਼ਨ ਮਜ਼ਬੂਤ ਹੈ, ਜਦਕਿ ਜੈਤੋਂ ਤੋਂ ‘ਆਪ’ ਦੇ ਮਾਸਟਰ ਬਲਦੇਵ ਸਿੰਘ ਮਜ਼ਬੂਤ ਉਮੀਦਵਾਰ ਹਨ। ਕੋਟਕਪੂਰਾ ‘ਚ ਕਾਂਗਰਸ ਦੇ ਹਰਨਿਰਪਾਲ ਸਿੰਘ ਕੁੱਕੂ ਅਤੇ ਆਪ ਦੇ ਕੁਲਤਾਰ ਸਿੰਘ ਸੰਧਵਾਂ ਵਿਚਾਲੇ ਸਖ਼ਤ ਟੱਕਰ ਹੈ।

ਮੋਗਾ ਜ਼ਿਲ੍ਹੇ ਦੀਆਂ ਚਾਰ ਸੀਟਾਂ ਹਨ-ਬਾਘਾਪੁਰਾਣਾ, ਧਰਮਕੋਟ, ਮੋਗਾ, ਨਿਹਾਲ ਸਿੰਘ ਵਾਲਾ। ਇਥੇ ਕਾਂਗਰਸ ਦੇ ਹੀ ਉਮੀਦਵਾਰ ਅੱਗੇ ਹਨ। ਇਨ੍ਹਾਂ ਵਿਚੋਂ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਦੀ ਰਾਜਵਿੰਦਰ ਕੌਰ ਭਾਗੀਕੇ, ਮੋਗਾ ਤੋਂ ਹਰਜੋਤ ਕਮਲ, ਬਾਘਾਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ ਅਤੇ ਧਰਮਕੋਟ ਤੋਂ ਸੁਖ਼ਜੀਤ ਸਿੰਘ ਕਾਕਾ ਲੋਹਗੜ੍ਹ ਅੱਗੇ ਚੱਲ ਰਹੇ ਹਨ।

ਮਾਨਸਾ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਸਰਦੂਲਗੜ੍ਹ, ਬੁੱਢਲਾਡਾ (ਐਸ.ਸੀ.), ਤੇ ਮਾਨਸਾ ਹਨ। ਇਥੇ ਕਾਂਗਰਸ ਦੇ ਤਿੰਨਾਂ ਉਮੀਦਵਾਰਾਂ ਅਜੀਤ ਇੰਦਰ ਸਿੰਘ ਮੋਫਰ, ਰਣਜੀਤ ਕੌਰ ਭੱਟੀ ਤੇ ਡਾ.ਮੰਜੂ ਬਾਂਸਲ ਦੀ ਜਿੱਤ ਯਕੀਨੀ ਨਜ਼ਰ ਆ ਰਹੀ ਹੈ। ਮਾਨਸਾ ਤੇ ਬੁਢਲਾਡਾ ਵਿਚ ਆਪ ਦੂਜੇ ਨੰਬਰ ‘ਤੇ ਚੱਲ ਰਹੀ ਹੈ, ਜਦਕਿ ਸਰਦੂਲਗੜ੍ਹ ਵਿਚ ਦੂਜੀ ਪੁਜ਼ੀਸ਼ਨ ਲਈ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿਚ ਮੁਕਾਬਲਾ ਹੈ।

ਬਠਿੰਡਾ ਜ਼ਿਲ੍ਹੇ  ਦੀਆਂ ਛੇ ਸੀਟਾਂ ਹਨ- ਬਠਿੰਡਾ ਸ਼ਹਿਰੀ ਅਤੇ ਭੁੱਚੋ ਮੰਡੀ ਹਲਕਿਆਂ ਵਿਚ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਅਤੇ ਅਜੈਬ ਸਿੰਘ ਭੱਟੀ ਅੱਗੇ ਚੱਲ ਰਹੇ ਹਨ। ਜਦਕਿ ਰਾਮਪੁਰਾ ਫੂਲ, ਮੌੜ ਅਤੇ ਤਲਵੰਡੀ ਸਾਬੋ ਹਲਕਿਆਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਸਖ਼ਤ ਟੱਕਰ ਹੈ।  ਰਾਮਪੁਰਾ ਫੂਲ ‘ਚ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗੜ ਅਤੇ ਆਪ ਦੇ ਮਨਜੀਤ ਸਿੰਘ ਸਿੱਧੂ, ਤਲਵੰਡੀ ਸਾਬੋ ‘ਚ ਆਪ ਦੀ ਪ੍ਰੋ. ਬਲਜਿੰਦਰ ਕੌਰ ਤੇ ਕਾਂਗਰਸ ਦੇ ਖੁਸ਼ਬਾਗ ਸਿੰਘ ਜਟਾਣਾ ਅਤੇ ਮੌੜ ਹਲਕੇ ਵਿਚ ਕਾਂਗਰਸ ਦੇ ਹਰਮਿੰਦਰ ਸਿੰਘ ਜੱਸੀ, ਆਪ ਦੇ ਜਗਦੇਵ ਸਿੰਘ ਕਮਾਲੂ ਅਤੇ ਅਕਾਲੀ ਦਲ ਦੇ ਜਨਮੇਜਾ ਸਿੰਘ ਸੇਖੋਂ ਵਿਚਕਾਰ ਸਖ਼ਤ ਟੱਕਰ ਹੈ। ਜੇਕਰ ਸੱਚਾ ਸੌਦਾ ਡੇਰੇ ਦਾ ਫੈਕਟਰ ਚੱਲ ਗਿਆ, ਤਾਂ ਜੱਸੀ ਇਥੋਂ ਮਜ਼ਬੂਤ ਉਮੀਦਵਾਰ ਬਣ ਸਕਦੇ ਹਨ। ਬਠਿੰਡਾ ਦਿਹਾਤੀ ਵਿਚ ‘ਆਪ’ ਦੀ ਰੁਪਿੰਦਰ ਕੌਰ ਰੂਬੀ ਤੇ ਕਾਂਗਰਸ ਦੇ ਹਰਵਿੰਦਰ ਸਿੰਘ ਲਾਡੀ ਵਿਚਕਾਰ ਸਖ਼ਤ ਟੱਕਰ ਹੈ ਪਰ ਫਿਰ ਵੀ ਰੂਬੀ ਦੇ ਹੱਕ ਵਿਚ ਹਵਾ ਹੈ।
ਬਰਨਾਲਾ ਜਿਲ੍ਹੇ ਦੀਆਂ ਤਿੰਨ ਸੀਟਾਂ ਹਨ-ਬਰਨਾਲਾ, ਮਹਿਲ ਕਲਾਂ (ਐਸ.ਸੀ.) ਤੇ ਭਦੌੜ (ਐਸ.ਸੀ.)। ਭਦੌੜ ਤੋਂ ਕਾਂਗਰਸ ਦੇ ਜੋਗਿੰਦਰ ਸਿੰਘ ਪੰਜਗਰਾਈਂ ‘ਆਪ’ ਦੇ ਪਰਮਿਲ ਸਿੰਘ ਤੋਂ ਜ਼ਰਾ ਪਿਛੇ ਚੱਲ ਰਹੇ ਹਨ। ਮਹਿਲ ਕਲਾਂ ਤੋਂ ਕਾਂਗਰਸ ਦੀ ਹਰਚੰਦ ਕੌਰ ‘ਆਪ’ ਦੇ ਕੁਲਵੰਤ ਸਿੰਘ ਪੰਡੋਰੀ ਤੋਂ ਪਿਛੇ ਚੱਲ ਰਹੀ ਹੈ। ਬਰਨਾਲਾ ਵਿਚ ਕਾਂਗਰਸ ਦੇ ਕੇਵਲ ਸਿੰਘ ਢਿਲੋਂ ਤੇ ‘ਆਪ’ ਮੀਤ ਹੇਅਰ ਵਿਚਾਲੇ ਕਾਂਟੇ ਦੀ ਟੱਕਰ ਹੈ।

ਸੰਗਰੂਰ ਜ਼ਿਲ੍ਹੇ ਦੀਆਂ ਸੱਤ ਸੀਟਾਂ ਹਨ-ਲਹਿਰਾਗਾਗਾ, ਦਿੜ੍ਹਬਾ (ਐਸ.ਸੀ.), ਮਾਲੇਰਕੋਟਲਾ, ਧੂਰੀ, ਸੰਗਰੂਰ, ਸੁਨਾਮ ਤੇ ਅਮਰਗੜ੍ਹ। ਸੰਗਰੂਰ ਹਲਕੇ ‘ਚ 4 ਥਾਵਾਂ ‘ਤੇ ਕਾਂਗਰਸ ਉਮੀਦਵਾਰਾਂ ਦਾ ਹੱਥ ਉਪਰ ਨਜ਼ਰ ਆਉਂਦਾ ਹੈ। ਸੰਗਰੂਰ ਤੋਂ ਵਿਜੈਇੰਦਰ ਸਿੰਗਲਾ, ਲਹਿਰਾਗਾਗਾ ਤੋਂ ਰਜਿੰਦਰ ਕੌਰ ਭੱਠਲ, ਦਿੜ੍ਹਬਾ ਤੋਂ ਅਜਾਇਬ ਸਿੰਘ ਰਟੌਲ ਅਤੇ ਮਾਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ ਮਜ਼ਬੂਤ ਉਮੀਦਵਾਰਾਂ ਵਜੋਂ ਉਭਰ ਰਹੇ ਹਨ। ਸੁਨਾਮ ਹਲਕੇ ਵਿਚ ‘ਆਪ’ ਦੇ ਅਮਨ ਅਰੋੜਾ, ਕਾਂਗਰਸ ਦੀ ਦਮਨ ਬਾਜਵਾ ਵਿਚਕਾਰ ਸਖ਼ਤ ਟੱਕਰ ਹੈ। ਇਥੇ ਅਮਨ ਅਰੋੜਾ ਦੇ ਨਜ਼ਦੀਕੀ ਰਿਸ਼ਤੇਦਾਰ ਰਾਜਿੰਦਰ ਦੀਪਾ ਵੀ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹਨ, ਜੋ ਉਨ੍ਹਾਂ ਦੀ ਖੇਡ ਵੀ ਖਰਾਬ ਕਰ ਸਕਦੇ ਹਨ। ਅਮਰਗੜ੍ਹ ਹਲਕੇ ਵਿਚ ਆਪ ਦੇ ਉਮੀਦਵਾਰ ਜਸਵੰਤ ਸਿੰਘ ਦਾ ਪਲੜਾ ਭਾਰੀ ਹੈ, ਜਦਕਿ ਧੂਰੀ ਤੋਂ ਕਾਂਗਰਸ ਦੇ ਦਲਬੀਰ ਸਿੰਘ ਗੋਲਡੀ ਅਤੇ ‘ਆਪ’ ਦੇ ਜਸਬੀਰ ਸਿੰਘ ਜੱਸੀ ਸੇਖੋਂ ਵਿਚਕਾਰ ਸਖ਼ਤ ਮੁਕਾਬਲਾ ਹੈ।

ਪਟਿਆਲਾ ਜ਼ਿਲ੍ਹੇ ਦੀਆਂ 8 ਸੀਟਾਂ ਹਨ-ਨਾਭਾ (ਐਸ.ਸੀ.), ਪਟਿਆਲਾ ਦੇਹਾਤੀ, ਰਾਜਪੁਰਾ, ਘਨੌਰ, ਪਟਿਆਲਾ, ਸ਼ੁਤਰਾਣਾ (ਐਸ.ਸੀ.), ਸਮਾਨਾ ਤੇ ਸਨੌਰ। ਇਨ੍ਹਾਂ ਵਿਚੋਂ ਸਨੌਰ ਵਿਚ ਕਾਂਗਰਸ ਦੇ ਹਰਿੰਦਰ ਸਿੰਘ ਮਾਨ ਤੇ ‘ਆਪ’ ਦੀ ਕੁਲਦੀਪ ਕੌਰ ਟੌਹੜਾ ਵਿਚਾਲੇ ਸਖ਼ਤ ਟੱਕਰ ਹੈ। ਇਥੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹਾਲਤ ਬਹੁਤ ਪਤਲੀ ਹੈ। ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਯਕੀਨੀ ਹੈ। ਨਾਭਾ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਤੇ ‘ਆਪ’ ਦੇ ਦੇਵਮਾਨ ‘ਤੇ ਭਾਰੂ ਹਨ। ਪਟਿਆਲਾ ਦਿਹਾਤੀ ਤੋਂ ਕਾਂਗਰਸ ਦੇ ਬ੍ਰਹਮ ਮਹਿੰਦਰਾ ਤੇ ‘ਆਪ’ ਦੇ ਕਰਨਬੀਰ ਸਿੰਘ ਟਿਵਾਣਾ ‘ਚ ਕਾਂਟੇ ਦੀ ਟੱਕਰ ਹੈ। ਰਾਜਪੁਰਾ ਤੋਂ ਕਾਂਗਰਸ ਦੇ ਹਰਦਿਆਲ ਸਿੰਘ ਕੰਬੋਜ, ‘ਆਪ’ ਦੇ ਆਸ਼ੁਤੋਸ਼ ਜੋਸ਼ੀ ਤੋਂ ਕਾਫੀ ਅੱਗੇ ਹਨ। ਘਨੌਰ ਤੋਂ ਕਾਂਗਰਸ ਦੇ ਮਦਨ ਲਾਲ ਜਲਾਲਪੁਰ ਤੇ ‘ਆਪ’ ਦੀ ਅਨੂ ਰੰਧਾਵਾ, ਸ਼ੁਤਰਾਣਾ (ਐਸ.ਸੀ.) ਤੋਂ ਕਾਂਗਰਸ ਦੇ ਨਿਰਮਲ ਸਿੰਘ ਤੇ ‘ਆਪ’ ਦੀ ਬਲਵਿੰਦਰ ਕੌਰ ਵਿਚਾਲੇ ਸਖ਼ਤ ਟੱਕਰ ਹੈ ਪਰ ਇਨ੍ਹਾਂ ਸੀਟਾਂ ‘ਤੇ ਕਾਂਗਰਸ ਦਾ ਜ਼ਿਆਦਾ ਜ਼ੋਰ ਹੈ।
ਮੁਹਾਲੀ ਤੋਂ ਤਿੰਨ ਸੀਟਾਂ ਖਰੜ, ਮੁਹਾਲੀ ਤੇ ਡੇਰਾਬੱਸੀ ਹਨ-ਜਿਨ੍ਹਾਂ ਵਿਚੋਂ ਖਰੜ ਤੋਂ ਕਾਂਗਰਸ ਦੇ ਜਗਮੋਹਨ ਸਿੰਘ ਕੰਗ ‘ਆਪ’ ਦੇ ਕੰਵਰ ਸੰਧੂ ਤੋਂ ਅੱਗੇ ਹਨ। ਮੁਹਾਲੀ ਤੋਂ ਕਾਂਗਰਸ ਦੇ ਬਲਬੀਰ ਸਿੰਘ ਸਿੱਧੂ ਦੀ ‘ਆਪ’ ਦੇ ਨਰਿੰਦਰ ਸ਼ੇਰਗਿੱਲ ਨਾਲੋਂ ਜਿੱਤ ਯਕੀਨੀ ਹੈ। ਡੇਰਾਬੱਸੀ ਤੋਂ ਕਾਂਗਰਸ ਦੇ ਦੀਪਇੰਦਰ ਸਿੰਘ ‘ਆਪ’ ਦੀ ਸਰਬਜੀਤ ਕੌਰ ਨਾਲੋਂ ਜਿੱਤ ਦੇ ਜ਼ਿਆਦਾ ਨੇੜੇ ਹਨ।

ਰੂਪਨਗਰ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਹਨ ਸ੍ਰੀ ਆਨੰਦਪੁਰ ਸਾਹਿਬ,, ਰੂਪਨਗਰ, ਚਮਕੌਰ ਸਾਹਿਬ। ਇਨ੍ਹਾਂ ਵਿਚੋਂ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਰਾਣਾ ਕੰਵਰ ਪਾਲ ਸਿੰਘ ‘ਆਪ’ ਦੇ ਡਾ. ਸੰਜੀਵ ਗੌਤਮ ਨਾਲੋਂ ਅੱਗੇ ਹਨ। ਰੂਪਨਗਰ ਤੋਂ ਕਾਂਗਰਸ ਦੇ ਵਰਿੰਦਰ ਸਿੰਘ ‘ਆਪ’ ਦੇ ਅਮਰਜੀਤ ਸਿੰਘ ਸੰਧਵਾ ਤੇ ਚਮਕੌਰ ਸਾਹਿਬ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ‘ਆਪ’ ਦੇ ਡਾ. ਚਰਨਜੀਤ ਸਿੰਘ ਨਾਲੋਂ ਅੱਗੇ ਹਨ।

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਬੱਸੀ ਪਠਾਣਾ (ਐਸ.ਸੀ.) ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਜੀਪੀ. ‘ਆਪ’ ਦੇ ਸੰਤੋਖ ਸਿੰਘ ਸਲਾਨਾ, ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਕੁਲਜੀਤ ਸਿੰਘ ਨਾਗਰਾ, ‘ਆਪ’ ਦੇ ਲਖਬੀਰ ਸਿੰਘ ਰਾਏ ਅਤੇ ਅਮਲੋਹ ਤੋਂ ਕਾਂਗਰਸ ਦੇ ਰਣਦੀਪ ਸਿੰਘ ਨਾਭਾ, ‘ਆਪ’ ਦੇ ਗੁਰਪ੍ਰੀਤ ਸਿੰਘ ਭੱਟੀ ਨੂੰ ਸਖ਼ਤ ਟੱਕਰ ਦੇ ਰਹੇ ਹਨ।

ਲੁਧਿਆਣਾ ਜ਼ਿਲ੍ਹੇ ਵਿਚ 14 ਸੀਟਾਂ ਹਨ- ਖੰਨਾ, ਲੁਧਿਆਣਾ ਕੇਂਦਰੀ, ਲੁਧਿਆਣਾ, ਗਿੱਲ (ਐਸ.ਸੀ.), ਪਾਇਲ (ਐਸ.ਸੀ.), ਰਾਏਕੋਟ (ਐਸ.ਸੀ.), ਦਾਖਾ, ਜਗਰਾਓਂ, ਲੁਧਿਆਣਾ ਪੁਰਬੀ, ਲੁਧਿਆਣਾ ਉਤਰੀ, ਲੁਧਿਆਣਾ ਦੱਖਣੀ, ਸਾਹਨੇਵਾਲ, ਆਤਮ ਨਗਰ ਤੇ ਸਮਰਾਲਾ। ਲੁਧਿਆਣਾ ਜ਼ਿਲ੍ਹੇ ‘ਚ  5 ਹਲਕਿਆਂ ਵਿਚ ਕਾਂਗਰਸ, 4 ਹਲਕਿਆਂ ਵਿਚ ਆਮ ਆਦਮੀ ਪਾਰਟੀ, 2 ਹਲਕਿਆਂ ਵਿਚ ਬੈਂਸ ਭਰਾ ਅਤੇ 2 ਹੋਰ ਹਲਕਿਆਂ ਵਿਚ ਅਕਾਲੀ ਦਲ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਜਦਕਿ ਸਾਹਨੇਵਾਲ ਹਲਕੇ ਵਿਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਕਾਂਟੇ ਦੀ ਟੱਕਰ ਹੈ। ਇਸ ਜ਼ਿਲ੍ਹੇ ਵਿਚ ਜਗਰਾਉਂ, ਰਾਏਕੋਟ, ਸਮਰਾਲਾ, ਮੁੱਲਾਂਪੁਰ ਦਾਖਾ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਬਜੀਤ ਕੌਰ ਮਾਣੂੰਕੇ, ਜਗਤਾਰ ਸਿੰਘ ਜੋਗਾ, ਸਰਬੰਸ ਸਿੰਘ ਮਾਣੀ ਅਤੇ ਐੱਚ.ਐੱਸ. ਫੂਲਕਾ ਅੱਗੇ ਚੱਲਦੇ ਨਜ਼ਰ ਆ ਰਹੇ ਹਨ। ਜਦਕਿ ਸ਼ਹਿਰੀ ਖੇਤਰ ਵਿਚ ਆਪ ਦੇ ਹਮਾਇਤੀ ਲੋਕ ਇਨਸਾਫ ਪਾਰਟੀ ਦੇ ਬਲਵਿੰਦਰ ਸਿੰਘ ਬੈਂਸ ਅਤੇ  ਸਿਮਰਜੀਤ ਸਿੰਘ ਬੈਂਸ ਕ੍ਰਮਵਾਰ ਲੁਧਿਆਣਾ ਦੱਖਣੀ ਅਤੇ ਆਤਮ ਨਗਰ ਤੋਂ ਮਜ਼ਬੂਤ ਉਮੀਦਵਾਰ ਹਨ। ਪਰ ਸ਼ਹਿਰੀ ਖੇਤਰ ਵਿਚ ਹਿੰਦੂ ਵਸੋਂ ਵਿਚ ਹੋ ਰਹੀ ਕਤਾਰਬੰਦੀ ਇਨ੍ਹਾਂ ਹਲਕਿਆਂ ਦੇ ਚੋਣ ਨਤੀਜੇ ਨੂੰ ਪੁੱਠਾ ਗੇੜ ਵੀ ਦੇ ਸਕਦੀ ਹੈ। ਇਸ ਤੋਂ ਇਲਾਵਾ ਖੰਨਾ ਤੋਂ  ਕਾਂਗਰਸ ਦੇ ਗੁਰਕੀਰਤ ਸਿੰਘ ਕੋਟਲੀ, ਪਾਇਲ ਤੋਂ ਲਖਵੀਰ ਸਿੰਘ ਲੱਖਾ, ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਡਾਵਰ, ਲੁਧਿਆਣਾ ਪੂਰਬੀ ਤੋਂ ਸੰਜੀਵ ਤਲਵਾੜ, ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆ ਰਹੇ ਹਨ। ਹਲਕਾ ਸਾਹਨੇਵਾਲ ਤੋਂ ਕਾਂਗਰਸ ਦੀ ਸਤਵਿੰਦਰ ਕੌਰ ਬਿੱਟੀ, ਅਕਾਲੀ ਦਲ ਦੇ ਸ਼ਰਨਜੀਤ ਸਿੰਘ ਢਿੱਲੋਂ ਅਤੇ ਆਪ ਦੇ ਹਰਜੋਤ ਸਿੰਘ ਬੈਂਸ ਵਿਚਕਾਰ ਸਖ਼ਤ ਮੁਕਾਬਲਾ ਹੈ। ਹਲਕਾ ਗਿੱਲ ‘ਚ ਅਕਾਲੀ ਦਲ ਦੇ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਲੁਧਿਆਣਾ ਦੱਖਣੀ ‘ਚ ਅਕਾਲੀ ਦਲ ਦੇ ਢਿੱਲੋਂ ਅੱਗੇ ਚੱਲ ਰਹੇ ਹਨ।
ਜਲੰਧਰ ਜ਼ਿਲ੍ਹੇ ਦੀਆਂ 9 ਸੀਟਾਂ ਹਨ ਜਿਨ੍ਹਾਂ ਵਿਚੋਂ ਨਕੋਦਰ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸ਼ਾਹਕੋਟ ਤੋਂ ਅਕਾਲੀ ਦਲ ਦੇ ਸ. ਅਜੀਤ ਸਿੰਘ ਕੋਹਾੜ ਜਿੱਤ ਸਕਦੇ ਹਨ। ਜਦਕਿ ਜਲੰਧਰ ਪੱਛਮੀ ‘ਚ ਕਾਂਗਰਸ ਦੇ ਸੁਸ਼ੀਲ ਰਿੰਕੂ, ‘ਆਪ’ ਦੇ ਦਰਸ਼ਨ ਲਾਲ ਭਗਤ, ਭਾਜਪਾ ਦੇ ਮਹਿੰਦਰ ਭਗਤ ਵਿਚਕਾਰ ਸਖ਼ਤ ਮੁਕਾਬਲਾ ਹੈ। ਇਥੇ ਕਾਂਗਰਸ ਦਾ ਬਾਗੀ ਉਮੀਦਵਾਰ ਸੁਸ਼ੀਲ ਰਿੰਕੂ ਲਈ ਮੁਸੀਬਤ ਬਣ ਸਕਦਾ ਹੈ। ਬਾਕੀ ਜਲੰਧਰ ਉਤਰੀ ਤੋਂ ਕਾਂਗਰਸ ਦੇ ਅਵਤਾਰ ਸਿੰਘ ਸੰਘੇੜਾ ਜੂਨੀਅਰ ਹੈਨਰੀ, ‘ਆਪ’ ਦੇ ਗੁਲਸ਼ਨ ਸ਼ਰਮਾ, ਜਲੰਧਰ (ਸੈ੬ਟਰਲ) ਤੋਂ ਕਾਂਗਰਸ ਦੇ ਰਜਿੰਦਰ ਬੇਰੀ, ‘ਆਪ’ ਦੇ ਡਾ. ਸੰਜੀਵ ਕੁਮਾਰ ਸ਼ਰਮਾ, ਜਲੰਧਰ ਕੈਂਟ ਤੋਂ ਕਾਂਗਰਸ ਦੇ ਪ੍ਰਗਟ ਸਿੰਘ, ‘ਆਪ’ ਦੇ ਐਚ.ਐਸ.ਵਾਲੀਆ, ਆਦਮਪੁਰ ਤੋਂ ਕਾਂਗਰਸ ਦੇ ਮਹਿੰਦਰ ਕੇ.ਪੀ., ‘ਆਪ’ ਦੇ ਹੰਸ ਰਾਜ ਰਾਣਾ, ਫਿਲੌਰ ਤੋਂ ਕਾਂਗਰਸ ਦੇ ਬਿਕਰਮ ਜੀਤ ਸਿੰਘ ਚੌਧਰੀ, ‘ਆਪ’ ਦੇ ਸਰੂਪ ਸਿੰਘ ਕੜਿਆਣਾ, ਕਰਤਾਪੁਰ (ਐਸ.ਸੀ.) ਤੋਂ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ, ‘ਆਪ’ ਦੇ ਚੰਦਨ ਗਰੇਵਾਲ ਤੋਂ ਮਜ਼ਬੂਤ ਸਥਿਤੀ ਵਿਚ ਹਨ।

ਹੁਸ਼ਿਆਰਪੁਰ ਜ਼ਿਲ੍ਹੇ ਦੀਆਂ 7 ਸੀਟਾਂ ਵਿਚ ‘ਆਪ’ ਦੀ ਪੁਜ਼ੀਸ਼ਨ ਮਜ਼ਬੂਤ ਹੈ। ਹੁਸ਼ਿਆਰਪੁਰ ਤੋਂ ਭਾਜਪਾ ਦੇ ਤੀਕਸ਼ਣ ਸੂਦ ਸੀਟ ਜਿੱਤ ਸਕਦੇ ਹਨ। ਇਥੇ ਮੁਕੇਰੀਆਂ ਤੋਂ ਕਾਂਗਰਸ ਦੇ ਰਜਨੀਸ਼ ਕੁਮਾਰ, ਉੜਮੜ ਤੋਂ ਕਾਂਗਰਸ ਦੇ ਸੰਗਤ ਸਿੰਘ ਗਿਲਜੀਆਂ, ਚੱਬੇਵਾਲ (ਐਸ.ਸੀ.) ਤੋਂ ਕਾਂਗਰਸ ਦੇ ਡਾ. ਰਾਜਕੁਮਾਰ ਅਤੇ ਦਸੂਹਾ ਤੋਂ ਕਾਂਗਰਸ ਦੇ ਅਰੁਣ ਡੋਗਰਾ ਜਿੱਤ ਦੇ ਵਧੇਰੇ ਨੇੜੇ ਹਨ। ਜਦਕਿ ਇਨ੍ਹਾਂ ਦੇ ਮੁਕਾਬਲੇ ‘ਚ ‘ਆਪ’ ਦੇ ਉਮੀਦਵਾਰ ਪਿਛੇ ਚੱਲ ਰਹੇ ਹਨ। ਗੜ੍ਹਸ਼ੰਕਰ ਤੋਂ ਕਾਂਗਰਸ ਦੇ ਲਵ ਕੁਮਾਰ ਗੋਲਡੀ ਤੇ ‘ਆਪ’ ਦੇ ਜੈ ਕਿਸ਼ਨ ਰੌੜੀ, ਸ਼ਾਮ ਚੁਰਾਸੀ ਤੋਂ ਕਾਂਗਰਸ ਦੇ ਪਵਨ ਆਦੀਆ ਤੇ ‘ਆਪ’ ਦੇ ਡਾ. ਰਣਜੋਤ ਵਿਚਾਲੇ ਸਖ਼ਤ ਮੁਕਾਬਲਾ ਹੈ।

ਤਰਨਤਾਰਨ ਜ਼ਿਲ੍ਹੇ ਦੀਆਂ 4 ਸੀਟਾਂ ਵਿਚ ਤਰਨਤਾਰਨ ਤੋਂ ਕਾਂਗਰਸ ਦੇ ਧਰਮਵੀਰ ਅਗਨੀਹੋਤਰੀ  ‘ਆਪ’ ਦੇ ਕਰਤਾਰ ਸਿੰਘ ਪਹਿਲਵਾਨ, ਪੱਟੀ ਤੋਂ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਦੇ ਰਣਜੀਤ ਸਿੰਘ ਚੀਮਾ, ਖਡੂਰ ਸਾਹਿਬ ਤੋਂ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ‘ਆਪ’ ਦੇ ਭੁਪਿੰਦਰ ਸਿੰਘ ਬਿੱਟੂ, ਖੇਮਕਰਨ ਤੋਂ ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ ‘ਆਪ’ ਦੇ ਕੈਪਟਨ ਬਿਕਰਮਜੀਤ ਸਿੰਘ ਤੋਂ ਅੱਗੇ ਚੱਲ ਰਹੇ ਹਨ।
ਅੰਮ੍ਰਿਤਸਰ ਜ਼ਿਲ੍ਹੇ ਦੀਆਂ 14 ਸੀਟਾਂ ਵਿਚ ਰਾਜਾਸਾ੬ਸੀ ਤੋਂ ਕਾਂਗਰਸ ਦੇ ਸੁਖਵਿੰਦਰ ਰਾਜ ਸਰਕਾਰੀਆ ‘ਆਪ’ ਦੇ ਜਗਜੋਤ ਸਿੰਘ ਢਿਲੋਂ, ਅਜਨਾਲਾ ਤੋਂ ਕਾਂਗਰਸ ਦੇ ਹਰਪ੍ਰਤਾਪ ਸਿੰਘ ‘ਆਪ’ ਦੇ ਰਾਜਪ੍ਰੀਤ ਸਿੰਘ ਸੰਨੀ ਰੰਧਾਵਾ, ਜੰਡਿਆਲਾ (ਐਸ.ਸੀ.) ਤੋਂ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ‘ਆਪ’ ਦੇ ਹਰਭਜਨ ਸਿੰਘ, ਅੰਮ੍ਰਿਤਸਰ (ਪੱਛਮੀ) ਤੋਂ ਕਾਂਗਰਸ ਦੇ ਡਾ. ਰਾਜਕੁਮਾਰ ਵੇਰਕਾ ‘ਆਪ’ ਦੇ ਬਲਵਿੰਦਰ ਸਿੰਘ ਸਹੋਤਾ, ਅੰਮ੍ਰਿਤਸਰ (ਕੇਂਦਰੀ) ਤੋਂ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ‘ਆਪ’ ਦੇ ਡਾ. ਅਜੇ ਗੁਪਤਾ, ਅੰਮ੍ਰਿਤਸਰ (ਪੂਰਬੀ) ਤੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ‘ਆਪ’ ਦੇ ਸਰਬਜੋਤ ਸਿੰਘ ਠੰਡਲ, ਅੰਮ੍ਰਿਤਸਰ (ਉਤਰੀ) ਤੋਂ ਕਾਂਗਰਸ ਦੇ ਸੁਨੀਲ ਦੱਤੀ ‘ਆਪ’ ਮਨੀਸ਼ ਅਗਰਵਾਲ, ਅੰਮ੍ਰਿਤਸਰ (ਦੱਖਣੀ) ਤੋਂ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ ‘ਆਪ’ ਦੇ ਇੰਦਰਬੀਰ ਸਿੰਘ ਤੋਂ ਅੱਗੇ ਚੱਲ ਰਹੇ ਨਜ਼ਰ ਆ ਰਹੇ ਹਨ। ਜਦਕਿ ਬਾਬਾ ਬਕਾਲਾ ਤੋਂ ‘ਆਪ’ ਦੇ ਦਲਬੀਰ ਸਿੰਘ, ਅਟਾਰੀ (ਐਸ.ਸੀ.) ਤੋਂ ਜਸਵਿੰਦਰ ਸਿੰਘ ਜਹਾਂਗੀਰ ਦੀ ਪੁਜ਼ੀਸ਼ਨ ਕਾਫੀ ਮਜ਼ਬੂਤ ਹੈ। ਪਰ ਮਜੀਠਾ ਤੋਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਚੋਣ ਜਿੱਤ ਸਕਦੇ ਹਨ।

ਗੁਰਦਾਸਪੁਰ ਜ਼ਿਲ੍ਹੇ ਦੀਆਂ 7 ਸੀਟਾਂ ਵਿਚੋਂ ਦੀਨਾਨਗਰ (ਐਸ.ਸੀ.) ਤੋਂ ਅਰੁਣ ਚੌਧਰੀ  ‘ਆਪ’ ਦੇ ਜੋਗਿੰਦਰ ਛੀਨਾ, ਕਾਦੀਆਂ ਤੋਂ ਕਾਂਗਰਸ ਦੇ ਫਤਿਹ ਸਿੰਘ ਬਾਜਵਾ ‘ਆਪ’ ਦੇ ਕੰਵਲਪ੍ਰੀਤ ਸਿੰਘ ਕਾਕੀ, ਬਟਾਲਾ ਤੋਂ ਕਾਂਗਰਸ ਦੇ ਅਸ਼ਵਨੀ ਸ਼ੇਖੜੀ ‘ਆਪ’ ਦੇ ਗੁਰਪ੍ਰੀਤ ਸਿੰਘ ਵੜੈਚ, ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਦੇ ਬਲਵਿੰਦਰ ਸਿੰਘ ਲਾਡੀ ‘ਆਪ’ ਦੇ ਐਡਵੋਕੇਟ ਅਮਰਪਾਲ ਸਿੰਘ, ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ‘ਆਪ’ ਦੇ ਗੁਰਵਿੰਦਰ ਸਿੰਘ ਸ਼ਾਮਪੁਰਾ, ਗੁਰਦਾਸਪੁਰ ਤੋਂ ਕਾਂਗਰਸ ਦੇ ਬਰਿੰਦਰਮੀਤ ਸਿੰਘ ਪਾਹੜਾ ‘ਆਪ’ ਅਮਰਜੀਤ ਸਿੰਘ ਚਾਹਲ, ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ‘ਆਪ’ ਦੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੂੰ ਸਖ਼ਤ ਟੱਕਰ ਦੇ ਰਹੇ ਹਨ। ਗੁਰਪ੍ਰੀਤ ਸਿੰਘ ਵੜੈਚ ਲਈ ਇਹ ਮੁਕਾਬਲਾ ਕਾਫ਼ੀ ਸਖ਼ਤ ਹੈ। ਇਥੋਂ ਸ਼ੇਖੜੀ ਦੀ ਪੁਜ਼ੀਸ਼ਨ ਕਾਫ਼ੀ ਬਿਹਤਰ ਹੈ।

ਕਪੂਰਥਲਾ ਜ਼ਿਲ੍ਹੇ ਦੀਆਂ 4 ਸੀਟਾਂ ਵਿਚੋਂ ਕਪੂਰਥਲਾ ਤੋਂ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ‘ਆਪ’ ਦੇ ਸੁਖਵੰਤ ਸਿੰਘ ਪੱਡਾ, ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਨਵਤੇਜ ਸਿੰਘ ਚੀਮਾ, ‘ਆਪ’ ਦੇ ਸੱਜਣ ਸਿੰਘ ਚੀਮਾ, ਫਗਵਾੜਾ ਤੋਂ ਕਾਂਗਰਸ ਦੇ ਜੋਗਿੰਦਰ ਸਿੰਘ ਮਾਨ ‘ਆਪ’ ਦੇ ਜਰਨੈਲ ਸਿੰਘ ਨੰਗਲ ਨੂੰ ਸਖ਼ਤ ਟੱਕਰ ਦੇ ਰਹੇ ਹਨ। ਭੁਲੱਥ ਤੋਂ ਬੀਬੀ ਜਗੀਰ ਕੌਰ ਦੇ ਜਵਾਈ ਯੁਵਰਾਜ ਭੁਪਿੰਦਰ ਸਿੰਘ, ‘ਆਪ’ ਦੇ ਸੁਖਪਾਲ ਖਹਿਰਾ ਤੋਂ ਜ਼ਰਾ ਪੱਛੜਦੇ ਨਜ਼ਰ ਆ ਰਹੇ ਹਨ।

ਪਠਾਨਕੋਟ ਜ਼ਿਲ੍ਹੇ ਦੀਆਂ ਤਿੰਨ ਸੀਟਾਂ ਵਿਚੋਂ ਭੋਆ ਤੋਂ ਕਾਂਗਰਸ ਦੇ ਜੋਗਿੰਦਰ ਪਾਲ ‘ਆਪ’ ਦੇ ਠੇਕੇਦਾਰ ਅਮਰਜੀਤ ਸਿੰਘ, ਪਠਾਨਕੋਟ ਤੋਂ ਕਾਂਗਰਸ ਦੇ ਅਮਿਤ ਵਿਜ ‘ਆਪ’ ਦੇ ਰਾਜਕੁਮਾਰ ਮਹਾਜਨ, ਸੁਜਾਨਪੁਰ ਤੋਂ ਅਮਿਤ ਮੰਡੂ ‘ਆਪ’ ਦੇ ਕੁਲਭੂਸ਼ਣ ਮਿਨਹਾਸ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਫ਼ਿਰੋਜ਼ਪੁਰ ਜ਼ਿਲ੍ਹੇ ਦੇ 4 ਹਲਕਿਆਂ ਲਈ ਕੁਲ 48 ਉਮੀਦਵਾਰ ਮੈਦਾਨ ‘ਚ ਹਨ।

ਜ਼ੀਰਾ ਹਲਕੇ ਵਿੱਚ ਕਾਂਗਰਸ ਵਲੋਂ ਕਾਂਗਰਸ ਕੁਲਬੀਰ ਸਿੰਘ ਜ਼ੀਰਾ, ਅਕਾਲੀ ਦਲ ਵਲੋਂ ਹਰੀ ਸਿੰਘ ਜ਼ੀਰਾ ਅਤੇ ਕਾਂਗਰਸ ਵਲੋਂ ਆਪ ਗੁਰਪ੍ਰੀਤ ਸਿੰਘ ਗੋਰਾ ਡਟੇ ਹੋਏ ਹਨ। ਇੱਥੇ ਕਾਂਗਰਸ ਕਾਫ਼ੀ ਮੂਹਰੇ ਚੱਲ ਰਹੀ ਹੈ।

ਫ਼ਿਰੋਜ਼ਪੁਰ ਸਿਟੀ ਹਲਕੇ ਵਿੱਚ ਕਾਂਗਰਸ ਦੇ ਪਰਮਿੰਦਰ ਸਿੰਘ ਪਿੰਕੀ, ਅਕਾਲੀ ਭਾਜਪਾ ਦੇ ਸੁਖਪਾਲ ਸਿੰਘ ਨੰਨੂੰ ਅਤੇ ਆਪ ਦੇ ਨਰਿੰਦਰ ਸਿੰਘ ਸੰਧਾ ਵਿਚਾਲੇ ਟੱਕਰ ਵਿਚੋਂ ਸੀਟ ਕਾਂਗਰਸ ਦੀ ਝੋਲੀ ਵਿੱਚ ਪੈਣ ਦੇ ਪੱਕੇ ਸੰਕੇਤ ਹਨ।

ਫਿਰੋਜ਼ਪੁਰ ਦਿਹਾਤੀ ਵਿੱਚ ਕਾਂਗਰਸ ਦੀ ਸਤਿਕਾਰ ਕੌਰ ਗਹਿਰੀ ਨੇ ਅਕਾਲੀ-ਭਾਜਪਾ ਗਠਜੋੜ ਦੇ ਜੋਗਿੰਦਰ ਸਿੰਘ ਜਿੰਦੂ ਅਤੇ ਆਮ ਆਦਮੀ ਪਾਰਟੀ ਦੇ ਮੋਹਨ ਸਿੰਘ ਫਲੀਆਂਵਾਲਾ ਨੂੰ ਕਾਫ਼ੀ ਪਛਾੜਿਆ ਹੋਇਆ ਹੈ। ਇੱਥੇ ਵੀ ਕਾਂਗਰਸ ਦੀ ਜਿੱਤ ਨਜ਼ਰ ਆਉਂਦੀ ਹੈ।

ਗੁਰੂਹਰਿ ਸਹਾਏ ਹਲਕੇ ਵਿੱਚ ਕਾਂਗਰਸ ਦੇ ਪੁਰਾਣੇ ਘੁਲਾਟੀਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਅਕਾਲੀ ਦਲ ਦੇ ਬਰਦੇਵ ਸਿੰਘ ਮਾਨ ਅਤੇ ਆਪ ਦੇ ਮਲਕੀਤ ਸਿੰਘ ਥਿੰਦ ਨੂੰ ਹਰਾ ਕੇ ਜਿੱਤ ਹਾਸਲ ਕਰਨ ਲਈ ਮੈਦਾਨ ਲਗਭਗ ਤਿਆਰ ਕਰ ਲਿਆ ਹੈ।

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ 3 ਹਲਕਿਆਂ ਲਈ ਕੁਲ 26 ਉਮੀਦਵਾਰ ਮੈਦਾਨ ‘ਚ ਹਨ।
ਹਲਕਾਵਾਰ ਸਥਿਤੀ ਇਸ ਤਰ੍ਹਾਂ ਹੈ। ਨਵਾਂ ਸ਼ਹਿਰ ਹਲਕੇ ਵਿੱਚ ਕਾਂਗਰਸ ਦੇ ਅੰਗਦ ਸਿੰਘ, ਅਕਾਲੀ-ਭਾਜਪਾ ਜਰਨੈਲ ਸਿੰਘ ਵਾਹਦ ਅਤੇ ਆਪ ਦੇ ਚਰਨਜੀਤ ਸਿੰਘ ਚੰਨੀ ਵਿਚਕਾਰ ਤਿਕੋਣੇ ਮੁਕਾਬਲੇ ਵਿੱਚ ਚੰਨੀ ਦਾ ਹੱਥ ਉਪਰ ਨਜ਼ਰ ਆ ਰਿਹਾ ਹੈ।

ਬੰਗਾ (ਐੱਸਸੀ) ਹਲਕੇ ਵਿੱਚ ਕਾਂਗਰਸ ਵਲੋਂ ਸਤਨਾਮ ਸਿੰਘ ਕੈਂਥ, ਅਕਾਲੀ-ਭਾਜਪਾ ਗਠਜੋੜ ਵਲੋਂ ਡਾ. ਸੁਖਵਿੰਦਰ ਸੁੱਖੀ ਅਤੇ ਆਪ ਦੀ ਹਰਜੋਤ ਕੌਰ ਅਤੇ ਕਾਂਗਰਸ ਦੇ ਬਾਗੀ ਤਰਲੋਚਨ ਸਿੰਘ ਸੂੰਢ ਮੈਦਾਨ ਵਿੱਚ ਹਨ। ਇੱਥੇ ਕਾਂਗਰਸ ਦੇ ਬਾਗੀ ਨੂੰ ਮਿਲ ਰਹੇ ਹੁੰਗਾਰੇ ਦੇ ਮੱਦੇਨਜ਼ਰ ਆਪ ਉਮੀਦਵਾਰ ਦੀ ਜਿੱਤ ਦੇ ਕਾਫ਼ੀ ਆਸਾਰ ਹਨ।

ਬਲਾਚੌਰ ਹਲਕੇ ‘ਚ ਮੁੱਖ ਮੁਕਾਬਲਾ ਕਾਂਗਰਸ ਦੇ ਚੌਧਰੀ ਧਰਮ ਦਰਸ਼ਨ ਲਾਲ ਮੰਗੂਪੁਰ, ਅਕਾਲੀ-ਭਾਜਪਾ ਗਠਜੋੜ ਦੇ ਚੌਧਰੀ ਨੰਦ ਲਾਲ ਅਤੇ ਆਪ ਦੇ ਬ੍ਰਿਗੇਡੀਅਰ ਰਾਜਕੁਮਾਰ ਵਿਚਕਾਰ ਹੈ। ਸੀਟ ਕਾਂਗਰਸ ਦੇ ਹਿੱਸੇ ਆ ਸਕਦੀ ਹੈ।