ਸੀ.ਬੀ.ਆਈ. ਦੇ ਸਾਬਕਾ ਮੁਖੀ ਜੋਗਿੰਦਰ ਸਿੰਘ ਦਾ ਦੇਹਾਂਤ

ਸੀ.ਬੀ.ਆਈ. ਦੇ ਸਾਬਕਾ ਮੁਖੀ ਜੋਗਿੰਦਰ ਸਿੰਘ ਦਾ ਦੇਹਾਂਤ

ਨਵੀਂ ਦਿੱਲੀ/ਬਿਊਰੋ ਨਿਊਜ਼ :
ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਸਾਬਕਾ ਮੁਖੀ ਜੋਗਿੰਦਰ ਸਿੰਘ ਦਾ ਲੰਮਾ ਸਮਾਂ ਬਿਮਾਰ ਰਹਿਣ ਪਿੱਛੋਂ ਦਿਹਾਂਤ ਹੋ ਗਿਆ। ਉਹ 77 ਵਰ੍ਹਿਆਂ ਦੇ ਸਨ। 1996-97 ਵਿਚ ਸੀ.ਬੀ.ਆਈ. ਮੁਖੀ ਬਣਨ ਤੋਂ ਪਹਿਲਾਂ ਜੋਗਿੰਦਰ ਸਿੰਘ ਨੇ ਬਿਦਰ ਵਿਚ ਪੁਲੀਸ ਕਪਤਾਨ, ਕਰਨਾਟਕ ਪੁਲੀਸ ਵਿਚ ਡੀ.ਆਈ.ਜੀ. ਅਤੇ ਆਈ.ਜੀ., ਕਰਨਾਟਕ ਵਿਚ ਹੀ ਯੂਥ ਸੇਵਾਵਾਂ ਦੇ ਡਾਇਰੈਕਟਰ, ਕਰਨਾਟਕ ਸਰਕਾਰ ਦੇ ਵਿਸ਼ੇਸ਼ ਗ੍ਰਹਿ ਸਕੱਤਰ, ਤਿੱਬਤੀਅਨ ਬਾਰਡਰ ਪੁਲੀਸ ਬਲ ਦੇ ਮੁਖੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਵਿਸ਼ੇਸ਼ ਸਕੱਤਰ ਅਤੇ ਕਈ ਹੋਰ ਅਹੁਦਿਆਂ ‘ਤੇ ਕੰਮ ਕੀਤਾ। ਜੋਗਿੰਦਰ ਸਿੰਘ ਜਿਹੜੇ ਲਗਭਗ 20 ਸਾਲ ਦੀ ਉਮਰ ਵਿਚ ਆਈ.ਪੀ.ਐਸ. ਚੁਣੇ ਗਏ ਸਨ, ਨੇ ‘ਮੇਕ ਏ ਵੇਅ ਵੇਅਰ ਦੇਅਰ ਇਜ਼ ਨੱਨ’ ’50 ਡੇਜ਼ ਟੂ ਟਾਪ’, ਇਨਸਾਈਡ ਸੀ.ਬੀ.ਆਈ.’, ‘ਪੁਲੀਸ ਕੀ ਕਹਾਣੀ ਮੇਰੀ ਜ਼ਬਾਨੀ’ ਸਮੇਤ ਕਈ ਉਤਸ਼ਾਹਿਤ ਕਰਨ ਵਾਲੀਆਂ ਕਿਤਾਬਾਂ ਲਿਖੀਆਂ। ਉਨ੍ਹਾਂ ਨੇ ਅਖ਼ਬਾਰਾਂ ਵਿਚ ਅੱਤਵਾਦ, ਭ੍ਰਿਸ਼ਟਾਚਾਰ, ਚੰਗੇ ਸ਼ਾਸਨ ਪ੍ਰਬੰਧ ਵਿਸ਼ਿਆਂ ‘ਤੇ ਕਾਫੀ ਲੇਖ ਲਿਖੇ। ਉਨ੍ਹਾਂ ਨੂੰ ਕਾਫੀ ਇਨਾਮਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਸਿਰਫ਼ 11 ਮਹੀਨੇ ਸੀ.ਬੀ.ਆਈ. ਦੇ ਡਾਇਰੈਕਟਰ ਦੇ ਅਹੁਦੇ ‘ਤੇ ਰਹਿਣ ਵਾਲੇ ਸ. ਜੋਗਿੰਦਰ ਸਿੰਘ ਕਰਨਾਟਕ ਕੇਡਰ ਦੇ 1961 ਬੈਚ ਦੇ ਆਈ.ਪੀ.ਐਸ. ਅਧਿਕਾਰੀ ਸਨ। ਆਪ ਬੇਬਾਕ ਅਤੇ ਸਪਸ਼ਟਵਾਦੀ ਹੋਣ ਲਈ ਜਾਣੇ ਜਾਂਦੇ ਸ. ਜੋਗਿੰਦਰ ਸਿੰਘ ਸੀ.ਬੀ.ਆਈ. ਦੇ ਕੰਮਕਾਜ ਵਿਚ ਸਰਕਾਰੀ ਦਖ਼ਲਅੰਦਾਜ਼ੀ ਤੋਂ ਖਾਸੇ ਖਫ਼ਾ ਸਨ। ਉਨ੍ਹਾਂ ਨੇ 4 ਸਾਲ ਪਹਿਲਾਂ ਸੀ.ਬੀ.ਆਈ. ਨੂੰ ਚੋਣ ਕਮਿਸ਼ਨ ਅਤੇ ਕੈਗ ਜਿਹੀਆਂ ਤਾਕਤਾਂ ਦੇਣ ਦੀ ਹਮਾਇਤ ਕੀਤੀ ਸੀ। ਸਭ ਤੋਂ ਵੱਡੀ ਪੜਤਾਲੀਆ ਏਜੰਸੀ ਦਾ ‘ਸਰਕਾਰੀ ਦਬਾਅ’ ਹੇਠ ਕੰਮ ਕਰਨ ਦੇ ਉਹ ਹੱਕ ਵਿਚ ਨਹੀਂ ਸੀ। ਬਿਹਾਰ ਦੇ ਚਾਰਾ ਘੁਟਾਲੇ ਵਿਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਗ੍ਰਿਫ਼ਤਾਰੀ ਵਿਚ ਉਨ੍ਹਾਂ ਨੇ ਸਰਕਾਰ ਵੱਲੋਂ ਪਾਏ ਦਬਾਅ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਅੱਤਵਾਦ ਦੇ ਦੌਰ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਵੀ ਯਾਦ ਕੀਤਾ ਜਾਂਦਾ ਹੈ। ਸ. ਜੋਗਿੰਦਰ ਸਿੰਘ ਨੂੰ ਪੰਥ ਰਤਨ, ਦਿੱਲੀ ਰਤਨ ਅਤੇ ਪੰਜਾਬੀਆਂ ਦੀ ਸ਼ਾਨ ਵਰਗੇ ਐਵਾਰਡਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਮਿਲੇਨੀਅਮ ਸਿੱਖ ਗੋਲਡ ਐਵਾਰਡ ਅਤੇ ਸ਼ਹੀਦ ਭਗਤ ਸਿੰਘ ਸਦਭਾਵਨਾ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।