ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ 95 ਦੌੜਾਂ ਨਾਲ ਹਰਾਇਆ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ 95 ਦੌੜਾਂ ਨਾਲ ਹਰਾਇਆ

ਡਰਬੀ/ਬਿਊਰੋ ਨਿਊਜ਼ :
ਮਹਿਲਾ ਵਿਸ਼ਵ ਕੱਪ ਦੇ 11ਵੇਂ ਮੈਚ ਵਿਚ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਦੀ ਮਹਿਲਾ ਟੀਮ ‘ਤੇ 95 ਦੌੜਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਭਾਰਤ ਦੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਨਾਲ 169 ਦੌੜਾਂ ਬਣਾਈਆਂ। ਭਾਰਤ ਵੱਲੋਂ ਬੱਲੇਬਾਜ਼ੀ ਕਰਦਿਆਂ ਸਭ ਤੋਂ ਵੱਧ ਦੌੜਾਂ (47) ਪੂਨਮ ਰਾਓਤ ਨੇ 72 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ ਬਣਾਈਆਂ ਅਤੇ ਫਿਰ ਨਾਸ਼ਰਾ ਸੰਧੂ ਦੀ ਗੇਂਦ ‘ਤੇ ਕੈਚ ਆਊਟ ਹੋ ਗਈ। ਪੂਨਮ ਰਾਓਤ ਤੋਂ ਇਲਾਵਾ ਦੀਪਤੀ ਸ਼ਰਮਾ ਨੇ 63 ਗੇਂਦਾਂ ਵਿਚ 2 ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ ਅਤੇ ਨਸ਼ਾਰਾ ਸੰਧੂ ਦੀ ਹੀ ਗੇਂਦ ‘ਤੇ ਸਿਦਰਾ ਨਵਾਜ਼ ਤੋਂ ਕੈਚ ਆਊਟ ਹੋ ਗਈ। ਭਾਰਤੀ ਟੀਮ ਦੀ ਵਿਕਟ ਕੀਪਰ ਸੁਸ਼ਮਾ ਵਰਮਾ ਨੇ 35 ਗੇਂਦਾਂ ਵਿਚ 3 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਜਿਸ ਬਾਅਦ ਅਸਮਾਵੀਆ ਇਕਬਾਲ ਦੀ ਗੇਂਦ ‘ਤੇ ਦਿਆਨਾ ਬੇਗ ਤੋਂ ਕੈਚ ਆਊਟ ਹੋ ਗਈ।
ਭਾਰਤ ਦੇ ਸਕੋਰ ਵਿਚ ਕਪਤਾਨ ਮਿਤਾਲੀ ਰਾਜ 14 ਗੇਂਦਾਂ ਵਿਚ 1 ਚੌਕੇ ਦੀ ਮਦਦ ਨਾਲ 8 ਦੌੜਾਂ ਦਾ ਹੀ ਯੋਗਦਾਨ ਪਾ ਸਕੀ ਅਤੇ ਨਸ਼ਾਰਾ ਸੰਧੂ ਦੀ ਗੇਂਦ ‘ਤੇ ਐਲ.ਬੀ.ਡਬਲਯੂ ਹੋ ਗਈ, ਜਦਕਿ ਝੂਲਨ ਗੋਸਵਾਮੀ 36 ਗੇਂਦਾਂ ‘ਤੇ 14 ਦੌੜਾਂ ਹੀ ਬਣਾ ਪਾਈ ਤੇ ਨਸ਼ਾਰਾ ਸੰਧੂ ਦੀ ਗੇਂਦ ਦਾ ਸ਼ਿਕਾਰ ਹੋ ਗਈ। ਪੂਰੇ ਸਕੋਰ ਵਿਚ ਸਮਿਝਤੀ ਮੰਧਾਨਾ (2), ਹਰਮਪ੍ਰੀਤ ਕੌਰ (10), ਮੋਨਾ ਮਿਸ਼ਰਮ (6) ਅਤੇ ਏਕਤਾ ਬਿਸ਼ਟ (1) ਨੇ ਵੀ ਯੋਗਦਾਨ ਦਿੱਤਾ। ਇਸ ਤੋਂ ਇਲਾਵਾ ਪੂਨਮ ਯਾਦਵ ਨੇ 6 ਦੌੜਾਂ ਅਤੇ ਮਾਨਸੀ ਜੋਸ਼ੀ ਨੇ 4 ਦੌੜਾਂ ਨਾਬਾਦ ਬਣਾਈਆਂ। ਪਾਕਿਸਤਾਨ ਦੀਆਂ ਗੇਂਦਬਾਜ਼ਾਂ ਵਿਚ ਨਾਸ਼ਰਾ ਸੰਧੂ ਨੇ 4, ਸਾਦੀਆ ਯੂਸਫ਼ ਨੇ 2 ਅਤੇ ਅਸਮਾਵੀਆ ਇਕਬਾਲ ਤੇ ਦਿਆਨਾ ਬੇਗ ਨੇ 1-1 ਵਿਕਟ ਹਾਸਲ ਕੀਤੀ। ਪਾਕਿਸਤਾਨ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 38.1 ਓਵਰਾਂ ਵਿਚ 74 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪਾਕਿਸਤਾਨ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਵੱਧ 29 ਦੌੜਾਂ ਕਪਤਾਨ ਸਨਾ ਮੀਰ ਦੀਆਂ ਰਹੀਆਂ, ਜੋ ਕਿ 73 ਗੇਂਦਾਂ ਖੇਡ ਕੇ ਬਣੀਆਂ। ਇਸ ਤੋਂ ਘੱਟ ਨਾਦੀਆ ਖਾਨ ਨੇ 62 ਗੇਂਦਾਂ ਵਿਚ 23 ਦੌੜਾਂ ਬਣਾਈਆਂ। ਜਾਵੇਰੀਆ ਖ਼ਾਨ 6 ਦੌੜਾਂ ਅਤੇ ਨੈਨ ਅਬੀਦੀ 5 ਦੌੜਾਂ ਬਣਾ ਪਾਈ, ਜਦਕਿ ਆਇਸ਼ਾ ਜ਼ਫ਼ਰ ਅਤੇ ਨਾਸ਼ਰਾ ਸੰਧੂ ਸਿਰਫ਼ 1-1 ਦੌੜ ‘ਤੇ ਹੀ ਪੈਵੇਲੀਅਨ ਪਰਤ ਗਈਆਂ। ਇਸ ਦੇ ਨਾਲ ਹੀ ਸਿਦਰਾ ਨਵਾਜ਼, ਇਰਾਮ ਜਾਵੇਦ, ਅਸਮਾਵੀਆ ਇਕਬਾਲ ਅਤੇ ਦਿਆਨਾ ਬੇਗ ਬਿਨਾ ਖਾਤਾ ਖੋਲੇ ਹੀ ਆਊਟ ਹੋ ਗਈਆਂ ਅਤੇ ਸਾਦੀ ਆ ਯੂਸਫ਼ 26 ਗੇਂਦਾਂ ‘ਤੇ ਨਾਬਾਦ 3 ਦੌੜਾਂ ਬਣਾ ਪਾਈ। ਭਾਰਤੀ ਗੇਂਦਬਾਜ਼ਾਂ ਵਿਚ ਸਭ ਤੋਂ ਵੱਧ 5 ਵਿਕਟਾਂ ਏਕਤਾ ਬਿਸ਼ਟ ਨੇ ਪ੍ਰਾਪਤ ਕੀਤੀਆਂ। ਮਾਨਸੀ ਜੋਸ਼ੀ ਨੇ 2 ਜਦਕਿ ਝੂਲਨ ਗੋਸਵਾਮੀ, ਦੀਪਤੀ ਸ਼ਰਮਾ ਅਤੇ ਹਰਮਨਪ੍ਰੀਤ ਕੌਰ ਨੇ 1-1 ਵਿਕਟ ਹਾਸਲ ਕੀਤੀ।