ਦਲ ਖਾਲਸਾ ਵੱਲੋਂ ਨਵੰਬਰ-84 ਦੇ ਸਿੱਖ ਕਤਲੇਆਮ ਦਾ ਇਨਸਾਫ ਕਰਨ ਬਾਰੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਪੱਤਰ

ਦਲ ਖਾਲਸਾ ਵੱਲੋਂ ਨਵੰਬਰ-84 ਦੇ ਸਿੱਖ ਕਤਲੇਆਮ ਦਾ ਇਨਸਾਫ ਕਰਨ ਬਾਰੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਪੱਤਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਦਲ ਖਾਲਸਾ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਜ਼ ਨੂੰ ਇਕ ਪੱਤਰ ਲਿਖ ਕੇ ਨਵੰਬਰ-1984 ਵਿਚ ਦਿੱਲੀ ਤੇ ਹੋਰਨਾਂ ਥਾਵਾਂ ਉਤੇ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿਚ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ। ਸ੍ਰੀ ਐਂਟੋਨੀਓ ਗੁਟੇਰੇਜ਼ ਦੇ ਭਾਰਤ ਦੌਰੇ ਤੋਂ ਪਹਿਲਾਂ ਇਹ ਯਾਦ ਪੱਤਰ ਭੇਜ ਕੇ ਨਵੰਬਰ-1984 ਦੀ ਸਿੱਖ ਨਸਲਕੁਸ਼ੀ ਦੀ ਅੰਤਰਰਾਸ਼ਟਰੀ ਪੱਧਰ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਦਲ ਖਾਲਸਾ ਦੇ ਪ੍ਰਧਾਨ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸ੍ਰੀ ਐਂਟੋਨੀਓ ਗੁਟੇਰੇਜ਼ ਦੇ ਸ੍ਰੀ ਹਰਿਮੰਦਰ ਸਾਹਿਬ ਆਉਣ ਦੇ ਪ੍ਰੋਗਰਾਮ ਦਾ ਸਵਾਗਤ ਕਰਦਿਆਂ ਭੇਜੇ ਗਏ ਇਸ ਯਾਦ-ਪੱਤਰ ਵਿਚ ਕਿਹਾ ਕਿ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਨਵੰਬਰ-1984 ਦੇ ਨਸਲਕੁਸ਼ੀ ਲਈ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਅਤੇ ਪੀੜਤਾਂ ਲਈ ਇਨਸਾਫ਼ ਲਈ ਸੰਯੁਕਤ ਰਾਸ਼ਟਰ ਤੋਂ ਮੰਗ ਕਰ ਰਹੇ ਹਨ ਪਰ ਸੰਯੁਕਤ ਰਾਸ਼ਟਰ ਵੱਲੋਂ ਇਨਸਾਫ਼ ਲਈ ਅੱਗੇ ਨਾ ਆਉਣਾ ਅਫਸੋਸ ਵਾਲੀ ਗੱਲ ਹੈ। ਪੱਤਰ ਵਿਚ ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵਿੱਚ ਸਿੱਖਾਂ, ਕਸ਼ਮੀਰੀਆਂ, ਤਾਮਿਲਾਂ, ਨਾਗਿਆਂ ਅਤੇ ਦਲਿਤ ਭਾਈਚਾਰੇ ਦੇ ਮਨੁੱਖੀ ਹੱਕਾਂ ਨੂੰ ਸਰਕਾਰੀ ਤਾਕਤ ਰਾਹੀਂ ਸਖਤੀ ਨਾਲ ਦਬਾਇਆ ਗਿਆ ਹੈ ਅਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ। ਉਨ੍ਹਾਂ ਮਹਿਮਾਨ ਆਗੂ ਤੋਂ ਉਮੀਦ ਪ੍ਰਗਟਾਈ ਹੈ ਕਿ ਉਹ ਇਸ ਦੌਰੇ ਦੌਰਾਨ ਭਾਰਤ ਵਿੱਚ ਰਹਿੰਦੇ ਘੱਟ ਗਿਣਤੀ ਭਾਈਚਾਰਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨਗੇ ਅਤੇ ਉਨ੍ਹਾਂ ਦੀ ਮੌਜੂਦਾ ਸਥਿਤੀ ਦਾ ਅਧਿਐਨ ਕਰਨਗੇ।
ਦਲ ਖਾਲਸਾ ਦੇ ਆਗੂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦਾ ਭਾਰਤ ਦੌਰਾ ਬਹੁਤ ਅਹਿਮ ਅਤੇ ਮਹੱਤਵਪੂਰਣ ਸਮੇਂ ‘ਤੇ ਹੈ। ਉਹ ਸੰਸਥਾ ਦੇ ਪਹਿਲੇ ਅਜਿਹੇ ਸਕੱਤਰ ਜਨਰਲ ਹਨ, ਜੋ ਸ੍ਰੀ ਹਰਿਮੰਦਰ ਸਾਹਿਬ ਨਤਮਤਸਕ ਹੋਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਯੂਐੱਨਓ ਵੱਲੋਂ ਭਾਰਤ ਨੂੰ ਘੱਟ ਗਿਣਤੀਆਂ ਦੇ ਹੱਕਾਂ ਨੂੰ ਦਬਾਉਣ ਵਾਸਤੇ ਜਵਾਬਦੇਹ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵਿਚ ਡਰ ਅਤੇ ਦਬਾਅ ਦਾ ਮਾਹੌਲ ਬਣਿਆ ਹੋਇਆ ਹੈ।