ਜੂਨ ’84 ਘੱਲੂਘਾਰਾ : ਸ਼ਹੀਦਾਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ

ਜੂਨ ’84 ਘੱਲੂਘਾਰਾ : ਸ਼ਹੀਦਾਂ ਦੀ ਸਹੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸਾਕਾ ਨੀਲਾ ਤਾਰਾ ਮੌਕੇ ਭਾਰਤੀ ਫ਼ੌਜ ਵੱਲੋਂ ਕੀਤੇ ਗਏ ਹਮਲੇ ਦੌਰਾਨ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਜਨਰਲ ਸੁਬੇਗ ਸਿੰਘ ਤੇ ਭਾਈ ਅਮਰੀਕ ਸਿੰਘ ਸਮੇਤ ਹੋਰ ਸਿੰਘ, ਸਿੰਘਣੀਆਂ ਤੇ ਭੁਝੰਗੀਆਂ ਦੀਆਂ ਤਸਵੀਰਾਂ ਲਗਾਉਣ ਹਿਤ ਦਮਦਮੀ ਟਕਸਾਲ ਵੱਲੋਂ ਸ਼ਹੀਦੀ ਗੈਲਰੀ ਦੀ ਕਾਰ ਸੇਵਾ ਸ਼ੂਰੂ ਕਰ ਦਿੱਤੀ ਗਈ ਹੈ ਪਰ ਇਸ ਗੈਲਰੀ ਵਿਚ ਕਿੰਨੇ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਹਨ ਇਸ ਸਬੰਧੀ ਅਜੇ ਨਾ ਤਾਂ ਟਕਸਾਲ ਕੋਲ ਪੂਰੀ ਜਾਣਕਾਰੀ ਹੈ ਤੇ ਨਾ ਹੀ ਸ਼੍ਰੋਮਣੀ ਕਮੇਟੀ ਕੋਲ। ਘੱਲੂਘਾਰੇ ਵਿਚ ਕਿੰਨੇ ਖਾੜਕੂ ਅਤੇ ਹੋਰ ਸ਼ਰਧਾਲੂ ਸ਼ਹੀਦ ਹੋਏ ਸਨ, ਦੀ ਸਹੀ ਗਿਣਤੀ ਅਜੇ ਤੱਕ ਵੀ ਸਾਹਮਣੇ ਨਹੀਂ ਆ ਸਕੀ। ਉਸ ਵੇਲੇ ਦੀ ਸਰਕਾਰ ਵੱਲੋਂ ਇਸ ਘੱਲੂਘਾਰੇ ਸਬੰਧੀ ਜਾਰੀ ਕੀਤੇ ਵਾਈਟ ਪੇਪਰ ਦੇ ਜਵਾਬ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਸੰਨ 1996 ਵਿਚ ਡਾ. ਢਿੱਲੋਂ ਪਾਸੋਂ ਵਾਈਟ ਪੇਪਰ ਤਿਆਰ ਕਰਵਾਇਆ ਗਿਆ ਸੀ ਪਰ ਹੁਣ ਉਹ ਵੀ ਸ਼੍ਰੋਮਣੀ ਕਮੇਟੀ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਉਪਬਲਧ ਨਹੀਂ ਹੈ। ਪੰਥਕ ਹਲਕਿਆਂ ਵਿਚ ਚਰਚਾ ਹੈ ਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਜਾਂ ਕਿਸੇ ਹੋਰ ਸਿੱਖ ਸੰਸਥਾ ਵੱਲੋਂ ਅਜੇ ਤੱਕ ਕੋਈ ਖੋਜ ਕਾਰਜ ਹੀ ਨਹੀਂ ਕੀਤਾ ਗਿਆ। ਦਲ ਖ਼ਾਲਸਾ ਜਥੇਬੰਦੀ ਦੇ ਸਕੱਤਰ ਜਨਰਲ ਕੰਵਰਪਾਲ ਸਿੰਘ ਅਨੁਸਾਰ ਉਨ੍ਹਾਂ ਆਪਣੀ ਵਿਸ਼ੇਸ਼ ਟੀਮ ਰਾਹੀਂ ਸ਼ਹੀਦ ਖਾੜਕੂਆਂ ਦੇ ਘਰਾਂ ਤੱਕ ਪਹੁੰਚ ਕਰਕੇ 220 ਦੇ ਕਰੀਬ ਸ਼ਹੀਦਾਂ ਦੇ ਨਾਵਾਂ ਦੀ ਸਚਿੱਤਰ ਡਾਇਰੈਕਟਰੀ ਤਿਆਰ ਕੀਤੀ ਸੀ ਤੇ ਕਾਫ਼ੀ ਸ਼ਹੀਦਾਂ ਦੀਆਂ ਤਸਵੀਰਾਂ ਵੀ ਇਕੱਤਰ ਕੀਤੀਆਂ ਗਈਆਂ ਸਨ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਗਈ ਸ਼ਹੀਦਾਂ ਦੀ ਸੂਚੀ ਵਿਚ ਗਿਣਤੀ 741 ਦਰਸਾਈ ਗਈ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿਚ 42 ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤੇ ਅਧਿਕਾਰੀ ਵੀ ਸਨ। ਇਸ ਸਾਕੇ ਦੇ ਚਸ਼ਮਦੀਦ ਗਵਾਹਾਂ ਤੇ ਪ੍ਰਤੱਖਦਰਸ਼ੀਆਂ ਦੀ ਗੱਲਬਾਤ ਨੂੰ ਇਤਿਹਾਸਕ ਦਸਤਾਵੇਜ਼ ਵਜੋਂ ਰਿਕਾਰਡ ਕਰਨ ਜਾਂ ਵੀਡੀਓ ਬਣਾਏ ਜਾਣ ਵਰਗੇ ਕਿਸੇ ਪ੍ਰੋਜੈਕਟ ਨੂੰ ਸ਼ੁਰੂ ਕਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਅਜੇ ਤੱਕ ਵੀ ਕੋਈ ਯਤਨ ਨਹੀਂ ਕੀਤਾ ਗਿਆ।