ਝੀਂਡਾ ਬਣੇ ਰਹਿਣਗੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
ਭਾਈ ਦਾਦੂਵਾਲ ਨੇ ਝੀਂਡਾ ਤੇ ਨਲਵੀ ਵਿਚਾਲੇ ਕਰਵਾਈ ਸੁਲ੍ਹਾ
ਗੁਹਲਾ ਚੀਕਾ/ਬਿਊਰੋ ਨਿਊਜ਼ :
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਚੱਲ ਰਿਹਾ ਟਕਰਾਅ ਹਾਲ ਦੀ ਘੜੀ ਟਲ ਗਿਆ ਹੈ। ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਦਖ਼ਲ ਦੇ ਕੇ ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਵਿਚਾਲੇ ਸਮਝੌਤਾ ਕਰਵਾ ਦਿੱਤਾ। ਝੀਂਡਾ ਹੀ ਕਮੇਟੀ ਦੇ ਪ੍ਰਧਾਨ ਰਹਿਣਗੇ। ਜਦਕਿ ਝੀਂਡਾ ਨੂੰ ਹਟਾ ਕੇ ਖ਼ੁਦ ਨੂੰ ਕਾਰਜਕਾਰੀ ਪ੍ਰਧਾਨ ਐਲਾਨਣ ਵਾਲੇ ਨਲਵੀ ਫੇਰ ਤੋਂ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਸੰਭਾਲਣਗੇ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ 6ਵੀਂ ਅਤੇ 9ਵੀਂ ਪਾਤਸ਼ਾਹੀ ਚੀਕਾ ਵਿਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੈਠਕ ਹੋਈ। ਬੈਠਕ ਵਿਚ ਪ੍ਰਧਾਨ ਸ. ਜਗਦੀਸ਼ ਸਿੰਘ ਝੀਂਡਾ, ਭਾਈ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਦਮਦਮਾ ਸਾਹਿਬ, ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ ਸਮੇਤ 38 ਮੈਂਬਰਾਂ ਵਿਚੋਂ 32 ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ‘ਤੇ ਜਥੇਦਾਰ ਦਾਦੂਵਾਲ ਨੇ ਦੋਵਾਂ ਗਰੁੱਪਾਂ ਦੀ ਗੱਲ ਸੁਣੀ। ਬੈਠਕ ਤਕਰੀਬਨ 5 ਘੰਟੇ ਚੱਲੀ। ਗੁਰਦੁਆਰਾ ਸਾਹਿਬ ਦੇ ਹੇਠਾਂ ਦਫ਼ਤਰ ਵਿਚ ਗੁਪਤ ਬੈਠਕ ਚਲ ਰਹੀ ਸੀ। ਬਾਹਰ ਦੋਵੇਂ ਗਰੁੱਪਾਂ ਦੇ ਸਮਰਥਨ ਧੁੱਪ ਦੀ ਪਰਵਾਹ ਨਾ ਕਰਦੇ ਹੋਏ ਘੁੰਮਦੇ ਰਹੇ। ਵੱਡੀ ਗਿਣਤੀ ਵਿਚ ਥਾਣਾ ਮੁਖੀ ਗੁਹਲਾ ਰਣਵੀਰ ਸਿੰਘ ਦੀ ਦੇਖਰੇਖ ਵਿਚ ਪੁਲੀਸ ਬਲ ਤੈਨਾਤ ਸਨ। ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੇ ਵਰਕਰ ਵੀ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਇਸ ਮੌਕੇ ‘ਤੇ ਜਥੇਦਾਰ ਦਾਦੂਵਾਲ ਨੇ ਦੋਵੇਂ ਗਰੁੱਪਾਂ ਗਿੱਲੇ ਸ਼ਿਕਵੇ ਦੂਰ ਕਰਵਾਉਂਦੇ ਹੋਏ ਦੋਵੇਂ ਗਰੁੱਪਾਂ ਨੂੰ ਇਕਜੁਟ ਹੋ ਕੇ ਕੰਮ ਕਰਨ ਲਈ ਕਿਹਾ। ਜਥੇਦਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਬਾਡੀ ਵਿਚ 3 ਨਵੇਂ ਮੈਂਬਰ ਕਰਨੈਲ ਸਿੰਘ ਨਿਮਨਾਬਾਦ, ਬਲਦੇਵ ਸਿੰਘ ਬਲੀ ਅਤੇ ਜਸਵੀਰ ਸਿੰਘ ਭਾਟੀ ਨੂੰ ਸ਼ਾਮਲ ਕਰ ਲਿਆ ਅਤੇ ਪੁਰਾਣੀ ਕਮੇਟੀ ਨੂੰ ਹੀ ਫਿਰ ਤੋਂ ਚੁਣ ਦਿੱਤਾ ਅਤੇ ਕਿਹਾ ਕਿ ਅਜੇ ਅਦਾਲਤ ਵਿਚ ਕੇਸ ਚਲ ਰਿਹਾ ਅਤੇ ਪੁਰਾਣੀ ਕਮੇਟੀ ਹੀ ਕੰਮ ਕਰੇਗੀ। ਜਗਦੀਸ਼ ਸਿੰਘ ਝੀਂਡਾ ਹੀ ਪ੍ਰਧਾਨ ਰਹਿਣਗੇ।
ਮੌਕੇ ‘ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ (ਮਾਨ) ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਖਜਾਨ ਸਿੰਘ ਨੇ ਕਿਹਾ ਕਿ ਜਦ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਗੁਹਲਾ ਚੀਕਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ 6ਵੀਂ ਅਤੇ 9ਵੀਂ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਸੰਗਤ ਨੂੰ ਕੋਈ ਹਿਸਾਬ ਨਹੀਂ ਦਿੱਤਾ ਹੈ। ਉਹ ਮੰਗ ਕਰਦੇ ਹਨ ਕਿ ਪੈਸੇ ਦਾ ਸਾਰਾ ਹਿਸਾਬ ਸੰਗਤ ਨੂੰ ਦਿੱਤਾ ਜਾਵੇ। ਇਸ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਮਾਨ ਤੋਂ ਇਲਾਵਾ ਬਾਬਾ ਅਮਰਜੀਤ ਸਿੰਘ ਕਾਰ ਸੇਵਾ, ਭੂਪਿੰਦਰ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ, ਸਤਵੰਤ ਸਿੰਘ, ਕਰਨੈਲ ਸਿੰਘ, ਬਾਬਾ ਅਮਰੀਕ ਸਿੰਘ, ਗੌਰਵ ਸਿੰਘ, ਸੰਤੋਸ਼ ਸਿੰਘ ਰੂੜੀ, ਅਮਰਜੀਤ ਸਿੰਘ ਮੌਜੂਦ ਰਹੇ।
Comments (0)