ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ

ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾਇਆ
Kolkata:KKR batsman Gautam Gambhir plays a shot during 10th edition IPL Match against Kings XI Punjab in Kolkata on Thursday.PTI Photo by Ashok Bhaumik(PTI4_13_2017_000247B)

ਕੈਪਸ਼ਨ-ਕੋਲਕਾਤਾ ਨਾਈਟ ਰਾਈਡਰਜ਼ ਦਾ ਕਪਤਾਨ ਗੌਤਮ ਗੰਭੀਰ ਸ਼ਾਟ ਲਾਉਂਦਾ ਹੋਇਆ।
ਕੋਲਕਾਤਾ/ਬਿਊਰੋ ਨਿਊਜ਼ :
ਇਥੇ ਈਡਨ ਗਾਰਡਨਜ਼ ਸਟੇਡੀਅਮ ਵਿੱਚ ਆਈਪੀਐੱਲ ਮੈਚ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ 20 ਓਵਰਾਂ ਵਿੱਚ ਕੁੱਲ 170 ਦੌੜਾਂ ਬਣਾਈ। ਜਵਾਬ ਵਿੱਚ ਕੋਲਕਾਤਾ ਨੇ ਕਪਤਾਨ ਗੌਤਮ ਗੰਭੀਰ ਦੀਆਂ 49 ਗੇਂਦਾਂ ਉਤੇ ਬਣਾਈਆਂ 79 ਦੌੜਾਂ ਦੀ ਬਦੌਲਤ ਜਿੱਤ ਦਾ ਟੀਚਾ ਸਿਰਫ਼ 16.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਸੁਨੀਲ ਨਰਾਇਣ ਨੂੰ ਸਲਾਮੀ ਬੱਲੇਬਾਜ਼ ਵਜੋਂ ਭੇਜਣ ਦਾ ਫ਼ੈਸਲਾ ਵੀ ਕਾਰਗਰ ਰਿਹਾ। ਉਸ ਨੇ 18 ਗੇਂਦਾਂ ਦਾ ਸਾਹਮਣਾ ਕਰਦਿਆਂ 37 ਦੌੜਾਂ ਬਟੋਰੀਆਂ। ਮਨੀਸ਼ ਪਾਂਡੇ ਅਤੇ ਰੌਬਿਨ ਉਥੱਪਾ ਨੇ ਕ੍ਰਮਵਾਰ 25 ਅਤੇ 26 ਦੌੜਾਂ ਦਾ ਯੋਗਦਾਨ ਪਾਇਆ।
ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਵਿਰੋਧੀ ਟੀਮ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਤੇ ਪੰਜਾਬ ਨੇ ਨੌਂ ਵਿਕਟਾਂ ਦੇ ਨੁਕਸਾਨ ‘ਤੇ 170 ਦੌੜਾਂ ਬਣਾਈਆਂ।
ਪੰਜਾਬ ਵੱਲੋਂ ਸਲਾਮੀ ਬੱਲੇਬਾਜ਼ ਹਾਸ਼ਿਮ ਆਮਲਾ ਨੇ 27 ਗੇਂਦਾਂ ਵਿੱਚ ਚਾਰ ਚੌਕਿਆਂ ਦੀ ਮਦਦ ਨਾਲ 25 ਦੌੜਾਂ ਅਤੇ ਮਨਨ ਵੋਹਰਾ ਨੇ ਇੱਕ ਛੱਕੇ ਤੇ ਚਾਰ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਵੋਹਰਾ ਛੇਵੇਂ ਓਵਰ ਵਿੱਚ ਪਿਊਸ਼ ਚਾਵਲਾ ਦੀ ਗੇਂਦ ‘ਤੇ ਬੋਲਡ ਹੋਇਆ। ਉਸ ਵੇਲੇ ਟੀਮ ਦਾ ਸਕੋਰ 53 ਦੌੜਾਂ ਸੀ। ਵੋਹਰਾ ਤੋਂ ਬਾਅਦ ਕਰੀਜ਼ ‘ਤੇ ਆਇਆ ਮਾਰਕਸ ਸਟੋਈਨਿਸ 12 ਗੇਂਦਾਂ ‘ਤੇ ਇੱਕ ਚੌਕਾ ਜੜਦਿਆਂ 9 ਦੌੜਾਂ ਹੀ ਬਣਾ ਸਕਿਆ ਤੇ ਅੱਠਵੇਂ ਓਵਰ ਵਿੱਚ ਸੁਨੀਲ ਨਰਾਇਣ ਦੀ ਗੇਂਦ ‘ਤੇ ਬੋਲਡ ਹੋਇਆ।
ਪੰਜਾਬ ਦੀ ਤੀਜੀ ਵਿਕਟ ਹਾਸ਼ਿਮ ਆਮਲਾ ਦੇ ਰੂਪ ਵਿੱਚ ਬਾਰ੍ਹਵੇਂ ਓਵਰ ਵਿੱਚ ਡਿੱਗੀ। ਉਹ ਗਰੈਂਡਹੋਮ ਦੀ ਗੇਂਦ ‘ਤੇ ਗੌਤਮ ਗੰਭੀਰ ਹੱਥੋਂ ਕੈਚ ਆਊਟ ਹੋਇਆ। ਉਸ ਵੇਲੇ ਟੀਮ ਸੈਂਕੜਾ ਪੂਰਾ ਕਰਨ ਤੋਂ ਤਿੰਨ ਦੌੜਾਂ ਪਿੱਛੇ ਸੀ। ਕਪਤਾਨ ਗਲੈੱਨ ਮੈਕਸਵੈੱਲ ਨੇ ਪਾਰੀ ਸਾਂਭਣ ਦਾ ਯਤਨ ਕੀਤਾ ਤੇ ਉਸ ਨੇ 14 ਗੇਂਦਾਂ ਵਿੱਚ ਇੱਕ ਛੱਕੇ ਤੇ ਤਿੰਨ ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ।
ਅਠਾਰਵੇਂ ਓਵਰ ਵਿੱਚ ਅਕਸ਼ਰ ਪਟੇਲ ਵੀ ਉਮੇਸ਼ ਦੀ ਗੇਂਦ ‘ਤੇ ਬਿਨਾਂ ਕੋਈ ਦੌੜ ਬਣਾਇਆਂ ਹੀ ਆਊਟ ਹੋ ਗਿਆ। ਵੀ. ਆਰੋਨ ਨੇ ਚਾਰ ਤੇ ਮੋਹਿਤ ਸ਼ਰਮਾ ਨੇ ਦਸ ਦੌੜਾਂ ਬਣਾਈਆਂ। ਕੇਕੇਆਰ ਵੱਲੋਂ ਉਮੇਸ਼ ਯਾਦਵ ਨੇ ਚਾਰ ਓਵਰਾਂ ਵਿੱਚ 33 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਕ੍ਰਿਸ ਵੋਕਸ ਨੇ ਤਿੰਨ ਓਵਰਾਂ ਵਿੱਚ 30 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਸੁਨੀਲ ਨਰਾਇਣ, ਪਿਊਸ਼ ਚਾਵਲਾ ਅਤੇ ਸੀ. ਗਰੈਂਡਹੋਮ ਨੇ ਇੱਕ ਇੱਕ ਵਿਕਟ ਲਈ।