ਵਾਸ਼ਿੰਗਟਨ ਡੀ ਸੀ ਵਿਚ ਨੈਸ਼ਨਲ ਸਿੱਖ ਡੇਅ ਪਰੇਡ 8 ਅਪ੍ਰੈਲ ਨੂੰ

ਵਾਸ਼ਿੰਗਟਨ ਡੀ ਸੀ ਵਿਚ ਨੈਸ਼ਨਲ ਸਿੱਖ ਡੇਅ ਪਰੇਡ 8 ਅਪ੍ਰੈਲ ਨੂੰ

‘ਵਿਸਾਖੀ’ ਨੂੰ ਮਾਨਤਾ ਦਿਵਾਉਣ ਲਈ ਕਾਂਗਰਸਮੈਨਾਂ
ਵੱਲੋਂ 5 ਅਪ੍ਰੈਲ ਨੂੰ ਮਤਾ ਪੇਸ਼ ਕੀਤਾ ਜਾਵੇਗ
ਖਾਲਸਾ ਦੇ ਜਨਮ ਦਿਹਾੜੇ ਨੂੰ ‘ਵਰਲਡ ਸਿੱਖ ਡੇਅ’ ਵਜੋਂ 
ਨਿਰਧਾਰਿਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ  
ਨਿਊਯਾਰਕ/ਹੁਸਨ ਲੜੋਆ ਬੰਗਾ:
‘ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ ਐਸ ਏ) ਅਤੇ ਅਮਰੀਕਾ ਦੇ ਸਿੱਖ ਕਾਂਗਰਸਮੈਨਾਂ ਵੱਲੋਂ ਬਣਾਇਆ ‘ਸਿੱਖ ਕਾਕਸਾ’ ਵੱਲੋਂ ਸਾਂਝੇ ਤੌਰ ਤੇ ਕੀਤੇ ਉਪਰਾਲੇ ਸਦਕਾ 5 ਅਪ੍ਰੈਲ ਨੂੰ ਅਮਰੀਕਾ ਦੀ ਵਾਸ਼ਿੰਗਟਨ ਡੀ ਸੀ ਵਿਚ ਸਥਿਤ ਕੈਪੀਟਲ ਹਿੱਲ ਵਿਚ ਕਾਂਗਰਸਮੈਨਾਂ ਵੱਲੋਂ ਇਹ ਮਤਾ ਪਾਇਆ ਜਾਵੇਗਾ ਕਿ ਵਿਸਾਖੀ ਸਿੱਖਾਂ ਦਾ ਮਾਨਤਾ ਪ੍ਰਾਪਤ ਦਿਵਸ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜ ਕੇ ਖਾਲਸੇ ਨੂੰ ਇਕ ਦਿੱਖ ਪ੍ਰਦਾਨ ਕੀਤੀ ਸੀ।
ਅਮਰੀਕਾ ਦੀਆਂ 100 ਤੋਂ ਵੱਧ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਟਰ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਦਸਿਆ ਕਿ ਵਿਸਾਖੀ ਨੂੰ ‘ਵਰਲਡ ਸਿੱਖ ਡੇਅ’ ਦੇ ਤੌਰ ਤੇ ਨਿਰਧਾਰਿਤ ਕਰਾਉਣ ਲਈ ਵੱਖ ਵੱਖ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਮਤੇ ਪਵਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਕੀਤਾ ਹੋਇਆ ਹੈ। ਇਸ ਲਈ 8 ਅਪ੍ਰੈਲ ਨੂੰ ਅਮਰੀਕਾ ਕੈਪੀਟਲ ਵਾਸ਼ਿੰਗਟਨ ਡੀ ਸੀ ਵਿਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕਰਨ ਲਈ ਤਿਆਰੀਆਂ ਕਰੀਬ ਕਰੀਬ ਮੁਕੰਮਲ ਵੀ ਕਰ ਲਈਆਂ ਗਈਆਂ ਹਨ। ਇਸ ਸਬੰਧੀ ਪਾਈਨ ਹਿੱਲ (ਨਿਉਜਰਸੀ) ਦੇ ਗੁਰਦੁਆਰਾ ਸਾਹਿਬ ਵਿਚ ਮੀਟਿੰਗ ਵੀ ਕੀਤੀ ਗਈ।
ਹਿੰਮਤ ਸਿੰਘ ਨੇ ਦਸਿਆ ਕਿ ਸਾਡਾ ਮਹਿਲਾ ਨਿਸ਼ਾਨਾ ਹੈ ਕਿ ਸਿੱਖਾਂ ਦੇ ਪਵਿੱਤਰ ਦਿਹਾੜੇ ਵਿਸਾਖੀ ਨੂੰ ਅਮਰੀਕਾ ਦਾ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਾਉਣ ਲਈ ਜੰਗੀ ਪੱਧਰ ਦੇ ਕਾਰਵਾਈਆਂ ਕਰਾਂਗੇ। ਜਿਸ ਲਈ ਸਾਨੂੰ ਇਹ ਸਫਲਤਾ ਮਿਲ ਗਈ ਹੈ ਕਿ 5 ਅਪ੍ਰੈਲ ਨੂੰ ਕੈਪੀਟਲ ਹਿੱਲ ਵਿਚ ਕਾਂਗਰਸ ਮੈਨ ਵਿਸਾਖੀ ਨੂੰ ਸਿੱਖਾਂ ਦੇ ਮਹਾਨ ਦਿਵਸ ਵਜੋਂ ਮਾਨਤਾ ਦੇਣ ਦਾ ਮਤਾ ਪੜ੍ਹਨਗੇ। ਕੈਪੀਟਲ ਹਿੱਲ ਵਿਚ ਅਮਰੀਕਾ ਦੇ ਸਾਰੇ ਕਾਂਗਰਸਮੈਨ ਬੈਠਦੇ ਹਨ।
ਪਾਈਨਹਿੱਲ ਵਿਚ ਹੋਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਕੋਆਰਡੀਨੇਟਰ ਹਿੰਮਤ ਸਿੰਘ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਵਿਸਾਖੀ ਨੂੰ ਪੂਰੇ ਵਿਸ਼ਵ ਦਾ ਦਿਵਸ ਬਣਾਉਣ ਲਈ ਵਿਸ਼ਵ ਭਰ ਦੇ ਸਿੱਖਾਂ ਨੂੰ ਇਕੱਤਰ ਕਰਨਾ ਹੋਵੇਗਾ, ਜਿਵੇਂ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਅਮਰੀਕਾ ਵਿਚ ਨੈਸ਼ਨਲ ਸਿੱਖ ਦਿਵਸ ਨਿਰਧਾਰਿਤ ਕਰਾਉਣ ਦਾ ਸਮਰਥਨ ਕੀਤਾ ਹੈ । ਸਾਨੂੰ ਪੂਰਾ ਭਰੋਸਾ ਹੈ ਕਿ ਅਸੀਂ ਪਵਿੱਤਰ ਦਿਹਾੜੇ ਵਿਸਾਖੀ ਨੂੰ ਵਿਸ਼ਵ ਸਿੱਖ ਦਿਵਸ ਦੇ ਤੌਰ ਤੇ ਨਿਰਧਾਰਿਤ ਕਰਾਉਣ ਵਿਚ ਕਾਮਯਾਬ ਹੋ ਜਾਵਾਂਗੇ।