ਕੇਜਰੀਵਾਲ ਸਮੇਤ 6 ਜਣਿਆਂ ਖ਼ਿਲਾਫ਼ ਚੱਲੇਗਾ ਮਾਣਹਾਨੀ ਮੁਕੱਦਮਾ

ਕੇਜਰੀਵਾਲ ਸਮੇਤ 6 ਜਣਿਆਂ ਖ਼ਿਲਾਫ਼ ਚੱਲੇਗਾ ਮਾਣਹਾਨੀ ਮੁਕੱਦਮਾ

ਨਵੀਂ ਦਿੱਲੀ/ਬਿਊਰੋ ਨਿਊਜ਼ :
ਡੀਡੀਸੀਏ ਵਿਵਾਦ ਵਿੱਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਦਾਇਰ ਅਪਰਾਧਕ ਮਾਣਹਾਨੀ ਕੇਸ ਵਿੱਚ ਇਥੇ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਪੰਜ ਹੋਰ ਆਗੂਆਂ ਖ਼ਿਲਾਫ਼ ਮੁਕੱਦਮਾ ਸ਼ੁਰੂ ਕਰ ਦਿੱਤਾ ਹੈ। ਸੁਣਵਾਈ ਦੌਰਾਨ ਸ੍ਰੀ ਜੇਤਲੀ ਦੀ ਗ਼ੈਰ-ਹਾਜ਼ਰੀ ਅਤੇ ਇਹ ਮੁੱਦਾ ਮੁਲਤਵੀ ਕੀਤੇ ਜਾਣ ਨੂੰ ਲੈ ਕੇ ਵਕੀਲਾਂ ਵਿਚਾਲੇ ਭਖ਼ਵੀ ਬਹਿਸ ਹੋਈ। ਇਕ ਵਕੀਲ ਵੱਲੋਂ ਦੂਜੇ ਨੂੰ ਅਦਾਲਤ ਅੰਦਰ ਧਮਕੀਆਂ ਦਿੱਤੇ ਜਾਣ ਬਾਅਦ ਮੁਲਜ਼ਮਾਂ ਕੇਜਰੀਵਾਲ, ਆਸ਼ੂਤੋਸ਼, ਕੁਮਾਰ ਵਿਸ਼ਵਾਸ, ਸੰਜੈ ਸਿੰਘ ਤੇ ਰਾਘਵ ਚੱਢਾ, ਜੋ ਅਦਾਲਤ ਵਿੱਚ ਮੌਜੂਦ ਸਨ, ਨੇ ਕਿਹਾ ਕਿ ਉਨ੍ਹਾਂ ਨੂੰ ਗੰਭੀਰ ਖ਼ਤਰਾ ਹੈ ਕਿਉਂਕਿ ਜੇਐਨਯੂ ਦੇਸ਼-ਧ੍ਰੋਹ ਕੇਸ ਵਿੱਚ ਸਾਲ ਪਹਿਲਾਂ ਕਾਲੇ ਕੋਟ ਵਾਲੇ ਵਿਅਕਤੀਆਂ ਨੇ ‘ਵਰਸਿਟੀ ਵਿਦਿਆਰਥੀਆਂ ਤੇ ਪੱਤਰਕਾਰਾਂ ਨਾਲ ਕੁੱਟਮਾਰ ਕੀਤੀ ਸੀ। ਚੀਫ ਮੈਟਰੋਪੌਲੀਟਨ ਮੈਜਿਸਟਰੇਟ ਸੁਮਿਤ ਦਾਸ ਨੇ ਸੁਰੱਖਿਆ ਕਰਮੀ ਬੁਲਾ ਲਏ ਅਤੇ ਹੁਕਮ ਦਿੱਤਾ ਕਿ ਇਸ ਕੇਸ ਨਾਲ ਸਬੰਧਤ ਲੋਕਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਬਾਹਰ ਕੱਢਿਆ ਜਾਵੇ। ਇਸ ਬਾਅਦ ਆਈਪੀਸੀ ਦੀ ਧਾਰਾ 500 ਤਹਿਤ ਮੁਲਜ਼ਮਾਂ ਖ਼ਿਲਾਫ਼ ਨੋਟਿਸ ਕੱਢੇ ਗਏ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 20 ਮਈ ‘ਤੇ ਪਾ ਦਿੱਤੀ।