ਆਪਣਿਆਂ ਦੇ ਹੀ ਵਾਰ ਨਾਲ ਸੁੰਗੜੀ ਮੋਦੀ ਦੀ 56 ਇੰਚੀ ਛਾਤੀ

ਆਪਣਿਆਂ ਦੇ ਹੀ ਵਾਰ ਨਾਲ ਸੁੰਗੜੀ ਮੋਦੀ ਦੀ 56 ਇੰਚੀ ਛਾਤੀ

ਅਰਥਚਾਰੇ ਦੀ ਮੰਦਹਾਲੀ ਲਈ ਸਰਕਾਰਾਂ ਜ਼ਿੰਮੇਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ :
ਵਿਗੜਦੀ ਅਰਥ ਵਿਵਸਥਾ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਆਪਣਿਆਂ ਵੱਲੋਂ ਘਿਰਦੀ ਨਜ਼ਰ ਆਈ। ਸਾਬਕਾ ਖਜ਼ਾਨਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੇ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਦੇ ਅਰਥਚਾਰੇ ਦੀ ਮੰਦਹਾਲੀ ਲਈ ਕੇਂਦਰ ਸਰਕਾਰ ਅਤੇ ਖਾਸ ਤੌਰ ‘ਤੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤ ਸਾਲ 2019 ਤੱਕ ਇਸ ਤੋਂ ਉੱਭਰ ਨਹੀਂ ਸਕਦਾ (2019 ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ)। ਯਸ਼ਵੰਤ ਸਿਨਹਾ ਦੇ ਅੰਗਰੇਜ਼ੀ ਦੇ ਇਕ ਅਖ਼ਬਾਰ ਵਿਚ ਛਪੇ ਲੇਖ ਵਿਚ ਨੋਟਬੰਦੀ ਅਤੇ ਜੀ.ਐਸ. ਟੀ. ਨੂੰ 2 ਅਹਿਮ ਰੁਕਾਵਟਾਂ ਕਰਾਰ ਦਿੱਤਾ, ਜਿਸ ਕਾਰਨ ਅਰਥਚਾਰੇ ਦੀ ਰਫ਼ਤਾਰ ਮੱਠੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹਰ ਪਾਸੇ ਬੇਰੁਜ਼ਗਾਰੀ ਵੱਧ ਰਹੀ ਹੈ, ਵਪਾਰ ਦਾ ਮਾੜਾ ਹਾਲ ਹੈ ਅਤੇ ਅਰਥਚਾਰੇ ਦਾ ਬੁਰਾ ਹਾਲ ਜੇਤਲੀ ਵੱਲੋਂ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਦੋ ਦਿਨ ‘ਚ ਦੂਜੇ ਭਾਜਪਾ ਨੇਤਾ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਮੇਨਕਾ ਗਾਂਧੀ ਦੇ ਪੁੱਤਰ ਅਤੇ ਭਾਜਪਾ ਨੇਤਾ ਵਰੁਣ ਗਾਂਧੀ ਨੇ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣ ਦੇ ਮਾਮਲੇ ਵਿਚ ਪਾਰਟੀ ਦੇ ਸਟੈਂਡ ਤੋਂ ਉਲਟ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਭਾਰਤਨੂੰ ਰੋਹਿੰਗਿਆ ਮੁਸਲਮਾਨਾਂ ਨੂੰ ਸ਼ਰਨ ਦੇਣੀ ਚਾਹੀਦੀ ਹੈ।
ਸੀਨੀਅਰ ਭਾਜਪਾ ਨੇਤਾ ਯਸ਼ਵੰਤ ਸਿਨਹਾ ਨੇ ਆਪਣੇ-ਆਪਣੇ ਲੇਖ ਵਿਚ ਕਿਹਾ ਕਿ ਜੇਕਰ ਉਹ ਹੁਣ ਵੀ ਚੁੱਪ ਰਹੇ ਤਾਂ ਉਹ ਰਾਸ਼ਟਰ ਹਿਤ ਨਿਭਾਉਣ ਵਿਚ ਨਾਕਾਮ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਆਦਾਤਰ ਭਾਜਪਾ ਨੇਤਾਵਾਂ ਦੀ ਵੀ ਇਹ ਰਾਇ ਹੈ ਪਰ ਉਹ ਡਰ ਦੇ ਕਾਰਨ ਬੋਲ ਨਹੀਂ ਪਾ ਰਹੇ। ਯਸ਼ਵੰਤ ਸਿਨਹਾ ਨੇ ਮੌਜੂਦਾ ਖਜ਼ਾਨਾ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰੁਣ ਜੇਤਲੀ ਨੂੰ ਸਰਕਾਰ ਵਿਚ ਸਭ ਤੋਂ ਬਿਹਤਰੀਨ ਮੰਨਿਆ ਜਾਂਦਾ ਹੈ। ਇਥੋਂ ਤੱਕ ਕਿ ਅੰਮ੍ਰਿਤਸਰ ਲੋਕ ਸਭਾ ਚੋਣ ਹਾਰਨ ਤੋਂ ਬਾਅਦ ਵੀ ਇਹ ਸਭ ਨੂੰ ਪਤਾ ਸੀ ਕਿ ਨਵੀਂ ਸਰਕਾਰ ਵਿਚ ਉਹ ਵਿੱਤ ਮੰਤਰੀ ਹੋਣਗੇ। ਸਿਨਹਾ ਨੇ ਅਟਲ ਬਿਹਾਰੀ ਵਾਜਪਾਈ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਕਿ ਵਾਜਪਾਈ ਵੇਲੇ ਨਿੱਜੀ ਸਬੰਧਾਂ ਤੋਂ ਵੱਧ ਕਾਰਗੁਜ਼ਾਰੀ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ, ਜਿਸ ਕਾਰਨ ਪ੍ਰਮੋਦ ਮਹਾਲਕ ਅਤੇ ਜਸਵੰਤ ਸਿੰਘ ਦੇ ਚੋਣਾਂ ਹਾਰਨ ਕਾਰਨ ਉਨ੍ਹਾਂ ਨੂੰ ਮੰਤਰੀ ਮੰਡਲ ਵਿਚ ਥਾਂ ਨਹੀਂ ਦਿੱਤੀ ਗਈ। ਭਾਜਪਾ ਆਗੂ ਨੇ ਅਰਥਚਾਰੇ ਦੇ ਵਿਕਾਸ ਦੇ ਇਕ-ਇਕ ਸੂਚਕਾਂ ਰਾਹੀਂ ਆਪਣੀ ਗੱਲ ਰੱਖਦਿਆਂ ਕਿਹਾ ਕਿ ਨਿੱਜੀ ਖੇਤਰ ਵਿਚ ਨਿਵੇਸ਼ ਘਟ ਰਿਹਾ ਹੈ, ਉਦਯੋਗਿਕ ਉਤਪਾਦਨ ਤਕਰੀਬਨ ਖਤਮ ਹੋ ਚੁੱਕਾ ਹੈ, ਖੇਤੀਬਾੜੀ ਅਤੇ ਉਸਾਰੀ ਖੇਤਰ ਦੀ ਹਾਲਤ ਮੰਦੀ ਹੈ ਅਤੇ ਬਰਾਮਦਾਂ ਘੱਟ ਹਨ। ਇਨ੍ਹਾਂ ਸਭ ਦਾ ਅਸਰ ਅਰਥਚਾਰੇ ‘ਤੇ ਸਾਫ ਝਲਕ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਜਿਨ੍ਹਾਂ ਨੇ ਨੋਟਬੰਦੀ ਨੂੰ ਆਰਥਿਕ ਪਤਨ ਦਾ ਕਾਰਨ ਦੱਸਿਆ ਸੀ, ਦੀ ਤਰਜ਼ ‘ਤੇ ਸਿਨਹਾ ਨੇ ਨੋਟਬੰਦੀ ਨੂੰ ‘ਆਰਥਿਕ ਤਬਾਹੀ’ ਕਰਾਰ ਦਿੰਦਿਆਂ ਜੇਤਲੀ ‘ਤੇ ਤਨਜ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਨੇ ਗਰੀਬੀ ਨੂੰ ਕਾਫੀ ਨੇੜਿਉਂ ਵੇਖਿਆ ਹੈ ਅਤੇ ਖਜ਼ਾਨਾ ਮੰਤਰੀ ਇਹ ਤਜਰਬਾ ਪੂਰੇ ਦੇਸ਼ ਨੂੰ ਕਰਵਾਉਣਾ ਚਾਹੁੰਦੇ ਹਨ। ਵਿਰੋਧੀ ਧਿਰ ਦੀ ਤਰਜ਼ ‘ਤੇ ਜੀ. ਐਸ. ਟੀ. ਨੂੰ ਕਾਹਲੀ ਵਿਚ ਲਾਗੂ ਕੀਤਾ ਫੈਸਲਾ ਦੱਸਦਿਆਂ ਯਸ਼ਵੰਤ ਸਿਨਹਾ ਨੇ ਜੀ. ਐਸ. ਟੀ. ਨੂੰ ਜੁਲਾਈ ਦੀ ਥਾਂ ‘ਤੇ ਅਕਤੂਬਰ ਵਿਚ ਲਾਗੂ ਕਰਨ ਦੀ ਵਕਾਲਤ ਕੀਤੀ। ਸਿਨਹਾ ਨੇ ਕਿਹਾ ਕਿ ਜੀ. ਐਸ. ਟੀ. ਨੂੰ ਕਾਹਲੀ ਵਿਚ ਲਾਗੂ ਕੀਤੇ ਜਾਣ ਕਾਰਨ ਪੂਰੇ ਕਾਰੋਬਾਰ ਜਗਤ ਵਿਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ ਹੈ। ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਅਤੇ ਬਾਜ਼ਾਰ ਵਿਚ ਨੌਕਰੀਆਂ ਦੇ ਨਵੇਂ ਮੌਕੇ ਨਹੀਂ ਹਨ। ਸਿਨਹਾ ਨੇ ਇਹ ਵੀ ਕਿਹਾ ਕਿ ਸਰਕਾਰ ਦਾ ਇਹ ਦਾਅਵਾ ਹੈ ਕਿ ਅਰਥਚਾਰੇ ਵਿਚ ਗਿਰਾਵਟ ਨੋਟਬੰਦੀ ਕਾਰਨ ਨਹੀਂ ਆਈ। ਬਿਲਕੁਲ ਠੀਕ ਹੈ ਕਿਉਂਕਿ ਗਿਰਾਵਟ ਤਾਂ ਪਹਿਲਾਂ ਤੋਂ ਹੀ ਆ ਰਹੀ ਸੀ। ਨੋਟਬੰਦੀ ਨੇ ਤਾਂ ਸਿਰਫ ਅੱਗ ਵਿਚ ਘਿਉ ਦਾ ਕੰਮ ਕੀਤਾ। ਸੀਨੀਅਰ ਭਾਜਪਾ ਨੇਤਾ ਨੇ ਜੇਤਲੀ ਨੂੰ ਇਕ ਤੋਂ ਵੱਧ ਮੰਤਰਾਲਿਆਂ ਦਾ ਭਾਰ ਸਾਪਣ ‘ਤੇ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਇਕ ਬਦਲਦੇ ਦੌਰ ‘ਚ ਉਥੇ 24 ਘੰਟੇ ਕੰਮ ਦੀ ਦਰਕਰਾਰ ਹੁੰਦੀ ਹੈ ਅਤੇ ਜੇਤਲੀ ਜਿਹੇ ਸੁਪਰਮੈਨ ਵਿਅਕਤੀ ਵੀ ਉਸ ਨਾਲ ਇਨਸਾਫ ਨਹੀਂ ਕਰ ਸਕਦਾ। ਦੱਸਣਯੋਗ ਹੈ ਕਿ ਹਾਲ ਵਿਚ ਹੋਏ ਮੰਤਰੀ ਮੰਡਲ ਵਿਸਥਾਰ ਤੋਂ ਪਹਿਲਾਂ ਜੇਤਲੀ ਖਜ਼ਾਨਾ ਮੰਤਰਾਲੇ ਦੇ ਨਾਲ-ਨਾਲ ਰੱਖਿਆ ਮੰਤਰਾਲੇ ਦਾ ਭਾਰ ਵੀ ਵੇਖ ਰਹੇ ਸਨ। ਮੋਦੀ ਸਰਕਾਰ ਵਿਚ ਅਣਗੌਲੇ ਗਏ ਭਾਜਪਾ ਨੇਤਾ ਨੇ ਸਰਕਾਰ ‘ਤੇ ਸ਼ਬਦੀ ਤੀਰ ਚਲਾਉਂਦਿਆਂ ਕਿਹਾ ਕਿ ਅਰਥਚਾਰੇ ਨੂੰ ਰਫਤਾਰ ਦੇਣ ਵਿਚ ਸਮਾਂ ਲਗਦਾ ਹੈ ਪਰ ਉਸ ਨੂੰ ਤਬਾਹ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਸਰਕਾਰ ਵਲੋਂ ਪੇਸ਼ ਕੀਤੇ ਵਿਕਾਸ ਦਰ ਦੇ ਅੰਕੜੇ 5.7 ਫੀਸਦੀ ਨੂੰ ਵੀ ਗਲਤ ਠਹਿਰਾਉਂਦਿਆਂ ਕਿਹਾ ਕਿ ਜੀ. ਡੀ. ਪੀ. ਦਾ ਅਨੁਮਾਨ ਲਾਉਣ ਦੇ ਫਾਰਮੂਲੇ ਵਿਚ ਆਈ ਤਬਦੀਲੀ ਕਾਰਨ ਇਹ ਅੰਕੜਾ 5.7 ‘ਤੇ ਹੈ, ਨਹੀਂ ਤਾਂ ਇਹ 3 ਫੀਸਦੀ ‘ਤੇ ਆ ਸਕਦਾ ਹੈ। ਸਿਨਹਾ ਨੇ 2019 ਦੀਆਂ ਚੋਣਾਂ ਲਈ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਕੋਲ ਜਾਦੂ ਦੀ ਛੜੀ ਨਹੀਂ ਹੈ ਕਿ ਘੁਮਾਉਣ ਨਾਲ ਉਹ ਪਟਰੀ ‘ਤੇ ਆ ਜਾਵੇ। ਦਿਖਾਵਾ ਅਤੇ ਧਮਕੀ ਚੋਣਾਂ ਲਈ ਠੀਕ ਹੈ ਪਰ ਅਸਲ ਹਾਲਾਤ ਵਿਚ ਇਹ ਸਭ ਗਾਇਬ ਹੋ ਜਾਂਦਾ ਹੈ।
ਚਿਦੰਬਰਮ ਬੋਲੇ- ਸਿਨਹਾ ਨੇ ਮੋਦੀ ਸਰਕਾਰ ਦਾ ਸੱਚ ਦੱਸਿਆ
ਨਵੀਂ ਦਿੱਲੀ ਕਾਂਗਰਸੀ ਨੇਤਾ ਪੀ. ਚਿਦੰਬਰਮ ਨੇ ਉਦਯੋਗਿਕ ਸੰਸਥਾਵਾਂ ਅਤੇ ਅਰਥਚਾਰੇ ਦੇ ਮਾਹਰ ਆਗੂਆਂ ਨੂੰ ‘ਡਰ’ ਨੂੰ ਛੱਡ ਕੇ ਦੇਸ਼ ਦੀ ਸਹੀ ਆਰਥਿਕ ਤਸਵੀਰ ਨੂੰ ਪੇਸ਼ ਕਰਨ ਦੀ ਅਪੀਲ ਕੀਤੀ। ਪੀ. ਚਿਦੰਬਰਮ ਨੇ ਸਾਬਕਾ ਖਜ਼ਾਨਾ ਮੰਤਰੀ ਅਤੇ ਭਾਜਪਾ ਆਗੂ ਯਸ਼ਵੰਤ ਸਿਨਹਾ ਦੀ ਟਿੱਪਣੀ ਦਾ ਹਵਾਲਾ ਦਿੱਤਾ ਜਿਸ ਚ ਉਨ੍ਹਾਂ ਕਿਹਾ ਸੀ ਕਿ ਲੋਕਾਂ ਦੇ ਮਨ ਵਿਚ ਦਹਿਸ਼ਤ ਪੈਦਾ ਕਰਨਾ ਹੀ ਨਵੀਂ ‘ਖੇਡ’ ਦਾ ਨਾਂਅ ਹੈ। ਪੀ. ਚਿਦੰਬਰਮ ਨੇ ਕਿਹਾ ਕਿ 1991 ਤੋਂ ਬਾਅਦ ਦੇ ਦੌਰ ‘ਚ ਦੇਸ਼ ਨੂੰ 3 ਵਾਰ ਵੱਡੇ ਆਰਥਿਕ ਸੰਕਟਾਂ ਨਾਲ ਦੋ-ਚਾਰ ਹੋਇਆ ਹੈ। 1997 ਦਾ ਆਰਥਿਕ ਸੰਕਟ, 2008 ਵਿਚ ਅੰਤਰਰਾਸ਼ਟਰੀ ਆਰਥਿਕ ਸੰਕਟ ਦੇ ਪ੍ਰਭਾਵ ਅਤੇ 2013 ਵਿਚ ਅਮਰੀਕਾ ‘ਚ ਆਏ ਸੰਕਟ ਕਾਰਨ ਭਾਰਤ ਦੀ ਅਰਥ ਵਿਵਸਥਾ ‘ਤੇ ਖਾਸਾ ਪ੍ਰਭਾਵ ਪਿਆ, ਜਿਸ ਤੋਂ ਉੱਭਰਨ ਲਈ ਖਾਸੀ ਮਿਹਨਤ ਕਰਨੀ ਪਈ ਪਰ ਮੌਜੂਦਾ ਸਰਕਾਰ ਪਿਛਲੇ ਡੇਢ ਸਾਲ ਤੋਂ ਆਈ ਆਰਥਿਕ ਮੰਦੀ ਦੇ ਕਾਰਨ ਹੀ ਲੱਭਣ ‘ਚ ਨਾਕਾਮ ਰਹੀ ਹੈ। ਚਿਦੰਬਰਮ ਨੇ ਨੌਕਰੀਆਂ ਦੀ ਘਾਟ ਦੇ ਮੁੱਦੇ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਦ ਤੱਕ ਵਿਕਾਸ ਦਰ 8 ਫੀਸਦੀ ਦੇ ਅੰਕੜੇ ‘ਤੇ ਨਹੀਂ ਪਹੁੰਚੇਗੀ, ਤਦ ਤੱਕ ਨੌਕਰੀਆਂ ਦੇ ਮੌਕੇ ਪੈਦਾ ਨਹੀਂ ਹੋ ਸਕਦੇ। ਸਰਕਾਰ ਵਲੋਂ ਆਰਥਿਕ ਸਲਾਹਕਾਰ ਕਮੇਟੀ ਦੇ ਮੁੜ ਗਠਨ ਨੂੰ ਇਕ ਪ੍ਰਭਾਵੀ ਪਰ ਨਾਕਾਫੀ ਕਦਮ ਕਰਾਰ ਦੱਸਦਿਆਂ ਕਿਹਾ ਕਿ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਸਰਜਰੀ ਦੀ ਲੋੜ ਹੁੰਦੀ ਹੈ, ਉਸ ਵੇਲੇ ‘ਮੱਲ੍ਹਮ ਪੱਟੀ’ ਕੰਮ ਨਹੀਂ ਆਉਂਦੀ। ਚਿਦੰਬਰਮ ਨੇ ਦੇਸ਼ ਦੇ ਮੌਜੂਦਾ ਆਰਥਿਕ ਹਾਲਾਤ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਹਰ ਖਜ਼ਾਨਾ ਮੰਤਰੀ ਦੀ ਕਾਰਗੁਜ਼ਾਰੀ ਦੇ ਕੁਝ ਸੂਚਕ ਹੁੰਦੇ ਹਨ ਜਿਵੇਂ ਨਿਵੇਸ਼, ਲਾਭ ਅਤੇ ਵਾਧਾ, ਨੌਕਰੀਆਂ ਪਰ ਮੌਜੂਦਾ ਸਰਕਾਰ ਹਰ ਸੂਚਕ ‘ਤੇ ਨਤੀਜੇ ਦੇਣ ਵਿਚ ਨਾਕਾਮ ਰਹੀ ਹੈ। ਚਿਦੰਬਰਮ ਨੇ ਯਸ਼ਵੰਤ ਸਿਨਹਾ ਦੇ ਲੇਖ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਿਛਲੇ 18 ਮਹੀਨਿਆਂ ਤੋਂ ਕਾਂਗਰਸ ਨੇ ਅਰਥਚਾਰੇ ਦੀਆਂ ਗੰਭੀਰ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਿਨਹਾ ਨੇ ਸਰਕਾਰ ਦੇ ਬਾਰੇ ਵਿਚ ਸਾਡੀਆਂ ਆਲੋਚਨਾਵਾਂ ਨੂੰ ਦੁਹਰਾਇਆ ਹੈ। ਕਾਂਗਰਸ ਦੇ ਸਦਰ ਮੁਕਾਮ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਵੀ ਟਵਿੱਟਰ ‘ਤੇ ਜੰਮ ਕੇ ਨਿਸ਼ਾਨਾ ਬਣਾਇਆ। ਉਨ੍ਹਾਂ ਸਿਨਹਾ ਦੇ ਲੇਖ ਦੇ ਆਧਾਰ ‘ਤੇ ਕੀਤੇ ਲੜੀਵਾਰ ਟਵੀਟਾਂ ਵਿਚ ਕਿਹਾ ਕਿ ਪਹਿਲਾ ਸੱਚ : ਯਸ਼ਵੰਤ ਸਿਨਹਾ ਦਾ ਕਹਿਣਾ ਹੈ ਕਿ 5.7 ਫੀਸਦੀ ਦੀ ਵਿਕਾਸ ਦਰ ਅਸਲ ਵਿਚ 3.7 ਫੀਸਦੀ ਜਾਂ ਉਸ ਤੋਂ ਘੱਟ ਹੈ। ਦੂਜਾ ਸੱਚ : ਯਸ਼ਵੰਤ ਸਿਨਹਾ ਦਾ ਕਹਿਣਾ ਹੈ ਕਿ ਲੋਕਾਂ ਦੇ ਦਿਮਾਗ ਵਿਚ ਡਰ ਭਰਨਾ ਇਸ ਖੇਡ ਦਾ ਨਾਂਅ ਹੈ।
ਰਾਹੁਲ ਬੋਲੇ- ਪਾਗਲ ਹੋ ਗਿਐ ਵਿਕਾਸ
ਸੁਰੇਂਦਰਨਗਰ (ਗੁਜਰਾਤ) :ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਗੁਜਰਾਤ ਦੀ ਯਾਤਰਾ ‘ਤੇ ਨਿਕਲੇ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਕ ਤੋਂ ਬਾਅਦ ਇਕ ਏਨੇ ਝੂਠ ਬੋਲੇ ਕਿ ਵਿਕਾਸ ਵੀ ਪਾਗਲ ਹੋ ਗਿਆ। ਉਨ੍ਹਾਂ ਨੇ ਭਾਜਪਾ ਨੇਤਾ ਯਸ਼ਵੰਤ ਸਿਨਹਾ ਦੇ ਬਹਾਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਕਿਹਾ ਯਸ਼ਵੰਤ ਜੀ ਕਹਿੰਦੇ ਹਨ ਕਿ ਭਾਜਪਾ ‘ਚ ਸਭ ਡਰਦੇ ਹਨ, ਇਸ ਲਈ ਕੋਈ ਬੋਲਣਾ ਨਹੀਂ ਚਾਹੁੰਦਾ ਹੈ। ਅਰਥ ਵਿਵਸਥਾ ਤਬਾਹ ਹੋ ਗਈ ਹੈ। ਅਸਲ ‘ਚ ਰਾਹੁਲ ਗਾਂਧੀ ਦਾ ਇਸ਼ਾਰਾ ਯਸ਼ਵੰਤ ਸਿਨਹਾ ਦੇ ਅੱਜ ਛਪੇ ਉਸ ਲੇਖ ਵਾਲੇ ਪਾਸੇ ਸੀ। ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਵਿੱਤ ਮੰਤਰੀ ਨੇ ਅਰਥ ਵਿਵਸਥਾ ਦਾ ਜੋ ‘ਕਬਾੜਾ’ ਕੀਤਾ ਹੈ, ਉਸ ‘ਤੇ ਜੇਕਰ ਮੈਂ ਹੁਣ ਵੀ ਚੁੱਪ ਰਿਹਾ ਤਾਂ ਰਾਸ਼ਟਰੀ ਕਰਤੱਵ ਨਿਭਾਉਣ ‘ਚ ਨਾਕਾਮ ਰਹਾਂਗਾ। ਸਿਨਹਾ ਨੇ ਇਹ ਵੀ ਕਿਹਾ ਕਿ ਮੈਨੂੰ ਇਹ ਵੀ ਪਤਾ ਹੈ ਕਿ ਜੋ ਮੈਂ ਕਹਿਣ ਜਾ ਰਿਹਾ ਹਾਂ, ਭਾਜਪਾ ਦੇ ਜ਼ਿਆਦਾਤਰ ਲੋਕਾਂ ਦੀ ਇਹ ਸਲਾਹ ਹੈ ਪਰ ਉਹ ਡਰ ਦੇ ਕਾਰਨ ਬੋਲ ਨਹੀਂ ਰਹੇ ਹਨ। ਪ੍ਰਧਾਨ ਮੰਤਰੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਗਰੀਬੀ ਨੂੰ ਕਾਫ਼ੀ ਹੱਦ ਤੱਕ ਨੇੜਿਓਾ ਦੇਖਿਆ ਹੈ ਪਰ ਅਜਿਹਾ ਲਗਦਾ ਹੈ ਉਨ੍ਹਾਂ ਦੇ ਵਿੱਤ ਮੰਤਰੀ ਵਾਧੂ ਸਮਾਂ ਕੰਮ ਕਰ ਰਹੇ ਹਨ, ਜਿਸ ‘ਚ ਉਹ ਸਾਰੇ ਭਾਰਤੀਆਂ ਦੀ ਗਰੀਬੀ ਨੂੰ ਕਾਫ਼ੀ ਨੇੜਿਓ ਦੇਖ ਸਕਣ।