ਹਿਮਾਚਲ ਵਿਚ ਢਿੱਗਾਂ ਡਿਗਣ ਕਾਰਨ ਵਾਪਰੇ ਹਾਦਸੇ ‘ਚ 50 ਮੌਤਾਂ

ਹਿਮਾਚਲ ਵਿਚ ਢਿੱਗਾਂ ਡਿਗਣ ਕਾਰਨ ਵਾਪਰੇ ਹਾਦਸੇ ‘ਚ 50 ਮੌਤਾਂ

ਮੰਡੀ (ਹਿਮਾਚਲ ਪ੍ਰਦੇਸ਼) ਵਿੱਚ ਵਾਪਰੇ ਹਾਦਸੇ ਕਾਰਨ ਨੁਕਸਾਨੀ ਬੱਸ ਵਿੱਚ ਫਸੀ ਬੱਚੀ ਨੂੰ ਬਾਹਰ ਕੱਢਦੇ ਹੋਏ ਰਾਹਤ ਕਾਮੇ।

ਮੰਡੀ/ਸ਼ਿਮਲਾ/ਬਿਊਰੋ ਨਿਊਜ਼ :
ਹਿਮਾਚਲ ਪ੍ਰਦੇਸ਼ ਦੇ ਮੰਡੀ-ਪਠਾਨਕੋਟ ਕੌਮੀ ਮਾਰਗ ਉੱਤੇ ਬੱਦਲ ਫੱਟਣ ਬਾਅਦ ਡਿਗੀਆਂ ਢਿਗਾਂ ਥੱਲੇ ਦੋ ਬੱਸਾਂ ਦੇ ਆ ਜਾਣ ਕਾਰਨ ਕਰੀਬ 50 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ ਐਤਵਾਰ ਰਾਤ ਤਕ 46 ਲਾਸ਼ਾਂ ਮਿਲ ਗਈਆਂ ਹਨ। ਦੋ ਕਾਰਾਂ ਅਤੇ ਇੱਕ ਮੋਟਰਸਾਈਕਲ ਵੀ ਮਲਬੇ ਦੇ ਥੱਲੇ ਆ ਗਏ। ਇਹ ਘਟਨਾ ਮੰਡੀ ਤੋਂ ਕਰੀਬ 20 ਕਿਲੋਮੀਟਰ ਦੂਰ ਕੋਟਰੂਪੀ ਕਸਬੇ ਦੇ ਨੇੜੇ ਵਾਪਰੀ। ਇਸ ਘਟਨਾ ਵਿੱਚ ਚਾਰ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਘਟਨਾ ਏਨੀ ਭਿਆਨਕ ਸੀ ਕਿ ਢਿਗਾਂ ਡਿਗਣ ਬਾਅਦ 250 ਮੀਟਰ ਸੜਕ ਦਾ ਨਾਮੋਨਿਸ਼ਾਨ ਹੀ ਮਿਟ ਗਿਆ ਹੈ। ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਚਲਾਇਆ ਜਾ ਰਿਹਾ ਹੈ। ਬੰਦ ਹੋਈ ਸੜਕ ਉੱਤੇ ਸੈਂਕੜੇ ਵਾਹਨ ਫਸ ਗਏ ਹਨ। ਦੋਵੇਂ ਬੱਸਾਂ ਹਿਮਾਚਲ ਰੋਡਵੇਜ਼ ਦੀਆਂ ਸਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 46 ਲਾਸ਼ਾਂ ਮਿਲ ਗਈਆਂ ਹਨ ਅਤੇ 13 ਦੀ ਸ਼ਨਾਖਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਾਲੀ ਤੋਂ ਕਟੜਾ ਅਤੇ ਚੰਬਾ ਤੋਂ ਮਨਾਲੀ ਜਾ ਰਹੀਆਂ ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਦੋ ਬੱਸਾਂ ਕੋਟਰੂਪੀ ਕਸਬੇ ਵਿੱਚ ਚਾਹ-ਪਾਣੀ ਪੀਣ ਲਈ ਢਾਬੇ ਉੱਤੇ ਰੁਕੀਆਂ ਸਨ। ਕਟੜਾ ਜਾ ਰਹੀ ਏਸੀ ਬੱਸ ਮੌਕੇ ਉੱਤੇ ਹੀ ਮਲਬੇ ਦੀ ਥੱਲੇ ਆ ਗਈ। ਇਸ ਵਿੱਚ ਸਵਾਰ ਤਿੰਨ ਯਾਤਰੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਕਰੀਬ ਇੱਕ ਕਿਲੋਮੀਟਰ ਡੂਘੀ ਖੱਡ ਵਿੱਚ ਜਾ ਡਿਗੀ ਬੱਸ ਵਿੱਚ 47 ਸਵਾਰੀਆਂ ਸਨ। ਹਿਮਾਚਲ ਰੋਡਵੇਜ਼  ਦੇ ਡਿਪਟੀ ਮੈਨੇਜਰ ਏ ਐਨ ਗੁਲੇਰੀਆ ਨੇ ਆਪਣੇ  ਸੂਤਰਾਂ ਦੇ ਹਵਾਲੇ ਨਾਲ ਦੱਸਿਆ ਇਸ ਬੱਸ ਵਿੱਚ 50 ਸਵਾਰੀਆਂ ਸਨ। ਜਿੱਥੇ ਇਹ ਬੱਸ ਡਿਗੀ ਉੱਥੇ ਤਕ ਪਹੁੰਚ ਮਾਰਗ ਨਾ ਹੋਣ ਕਾਰਨ ਰਾਹਤ ਕਾਰਜਾਂ ਵਿਚ ਮੁਸ਼ਕਲ ਆਈ। ਮਨਾਲੀ ਤੋਂ ਕਟੜਾ ਜਾ ਰਹੀ ਬੱਸ ਦੇ ਅੱਠ ਜ਼ਖ਼ਮੀਆਂ ਨੂੰ ਮਲਬੇ ਥੱਲਿਓਂ ਕੱਢ ਲਿਆ ਗਿਆ ਹੈ। ਹਿਮਾਚਲ ਪਦੇਸ਼ ਦੇ ਮੁੱਖ ਮੰਤਰੀ ਵੀਰ ਭੱਦਰ ਸਿੰਘ ਨੇ ਦੱਸਿਆ ਜ਼ਖ਼ਮੀਆਂ ਦਾ ਸਾਰਾ ਖਰਚ ਸਰਕਾਰ ਕਰੇਗੀ। ਉਹ ਪੀੜਤ ਪਰਿਵਾਰਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦਾ ਦੁੱਖ ਵੰਡਾਇਆ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਰਕਾਰੀ ਰਾਹਤ
ਸਿਹਤ ਮੰਤਰੀ ਕੌਲ ਸਿੰਘ ਠਾਕੁਰ ਨੇ ਮ੍ਰਿਤਕਾਂ ਦੇ ਆਸ਼ਰਿਤਾਂ ਨੂੰ ਚਾਰ-ਚਾਰ ਲੱਖ ਰੁਪਏ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਮੰਤਰੀ ਸ੍ਰੀ ਬਾਲੀ ਨੇ ਵੀ ਮ੍ਰਿਤਕਾਂ ਦੇ ਪਰਿਵਾਰਾਂ ਇੱਕ-ਇੱਕ ਲੱਖ ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।