ਧਰਮ ਯੁੱਧ ਮੋਰਚੇ ਦੀ 35ਵੀਂ ਵਰ੍ਹੇਗੰਢ ਮੌਕੇ ਯੂਨਾਈਟਿਡ ਅਕਾਲੀ ਦਲ ਵੱਲੋਂ ਚਿਤਾਵਨੀ ਮਾਰਚ

ਧਰਮ ਯੁੱਧ ਮੋਰਚੇ ਦੀ 35ਵੀਂ ਵਰ੍ਹੇਗੰਢ ਮੌਕੇ ਯੂਨਾਈਟਿਡ ਅਕਾਲੀ ਦਲ ਵੱਲੋਂ ਚਿਤਾਵਨੀ ਮਾਰਚ

ਅੰਮ੍ਰਿਤਸਰ/ਬਿਊਰੋ ਨਿਊਜ਼ :
ਯੂਨਾਈਟਿਡ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਦੀ 35ਵੀਂ ਵਰ੍ਹੇਗੰਢ ਮੌਕੇ ਆਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਾਉਣ ਲਈ ਅਕਾਲ ਤਖ਼ਤ ਵਿਖੇ ਅਰਦਾਸ ਕਰਕੇ ਚਿਤਾਵਨੀ ਮਾਰਚ ਕੱਢਿਆ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ 1973 ਵਿੱਚ ਪਾਸ ਕੀਤੇ ਆਨੰਦਪੁਰ ਸਾਹਿਬ ਮਤੇ ਨੂੰ ਲਾਗੂ ਕਰਨ ਦੀ ਮੰਗ ਕੀਤੀ।
ਮਾਰਚ ਦੀ ਸ਼ੁਰੂਆਤ ਜਥੇਬੰਦੀ ਦੇ ਮੁਖੀ ਭਾਈ ਮੋਹਕਮ ਸਿੰਘ, ਜਨਰਲ ਸਕੱਤਰ ਗੁਰਦੀਪ ਸਿੰਘ ਬਠਿੰਡਾ, ਸਤਨਾਮ ਸਿੰਘ ਮਨਾਵਾ ਤੇ ਵੱਸਣ ਸਿੰਘ ਜਫਰਵਾਲ ਦੀ ਅਗਵਾਈ ਵਿੱਚ ਅਕਾਲ ਤਖ਼ਤ ਵਿਖੇ ਅਰਦਾਸ ਨਾਲ ਕੀਤੀ ਗਈ। ਇਸ ਮੌਕੇ ਭਾਈ ਮੋਹਕਮ ਸਿੰਘ ਨੇ ਆਖਿਆ ਕਿ ਦੇਸ਼ ਵੰਡ ਵੇਲੇ ਸਿੱਖਾਂ ਨਾਲ ਕਈ ਵਾਅਦੇ ਕੀਤੇ ਗਏ ਸਨ, ਪਰ ਕੋਈ ਪੂਰਾ ਨਹੀਂ ਹੋਇਆ। ਇਸੇ ਲਈ 35 ਸਾਲ ਪਹਿਲਾਂ 1973 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਦਮਦਮੀ ਟਕਸਾਲ ਨੇ ਪੰਜਾਬ ਦੀਆਂ ਮੰਗਾਂ ਸਬੰਧੀ ਇੱਕ ਦਸਤਾਵੇਜ਼ ਤਿਆਰ ਕੀਤਾ ਸੀ, ਜਿਸ ਨੂੰ ਆਨੰਦਪੁਰ ਸਾਹਿਬ ਮਤੇ ਦਾ ਨਾਂ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਸ ਦੀ ਪ੍ਰਾਪਤੀ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਆਨੰਦਪੁਰ ਮਤੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ, ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਆਖਿਆ ਕਿ 14 ਅਗਸਤ ਨੂੰ ਬਹਿਬਲ ਕਲਾਂ ਕਾਂਡ ਦੇ ਸਬੰਧ ਵਿੱਚ ਕੋਟਕਪੂਰਾ ਵਿੱਚ ਧਰਨਾ ਦਿੱਤਾ ਜਾਵੇਗਾ ਅਤੇ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ।