ਪੁਲਿਸ ਤੋਂ ਬਦਲਾ ਲੈਣ ਲਈ ਫੇਸਬੁੱਕ ਰਾਹੀਂ ਧਮਕੀ ਦੇਣ ਦੇ ਦੋਸ਼ ‘ਚ ਵਿੱਕੀ ਗੌਂਡਰ ਗਰੋਹ ਦੇ 3 ਮੈਂਬਰ ਕੀਤੇ ਕਾਬੂ
ਜਲੰਧਰ/ਬਿਊਰੋ ਨਿਊਜ਼:
ਨਾਭਾ ਜੇਲ੍ਹ ਕਾਂਡ ਅਤੇ ਸੁੱਖਾ ਕਾਹਲਵਾਂ ਦੀ ਹੱਤਿਆ ਦੇ ਮੁੱਖ ਦੋਸ਼ੀ ਹਰਜਿੰਦਰ ਸਿੰਘ ਭੁੱਲਰ ਉਰਫ਼ ਵਿੱਕੀ ਗੌਂਡਰ ਅਤੇ ਪ੍ਰੇਮ ਸਿੰਘ ਲਾਹੌਰੀਆ ਉਰਫ਼ ਪ੍ਰੇਮਾ ਲਾਹੌਰੀਆ ਦੇ ਆਪਣੇ ਇਕ ਸਾਥੀ ਸਵਿੰਦਰ ਸਿੰਘ ਦੇ ਨਾਲ ਪੁਲਿਸ ਮੁਕਾਬਲੇ ‘ਚ ਮਾਰੇ ਜਾਣ ਤੋਂ ਬਾਅਦ ਸ਼ੇਰਾ ਖੁੱਬਣ ਗਰੋਹ ਦੀ ਫੇਸਬੁੱਕ ‘ਤੇ ਸਰਪੰਚ ਨਾਂਅ ਦੀ ਆਈ.ਡੀ. ਤੋਂ ਧਮਕੀ ਦਿੱਤੀ ਗਈ ਕਿ ਉਹ ਆਪਣੇ 3 ਸਾਥੀਆਂ ਦੇ ਮਾਰੇ ਜਾਣ ਬਦਲੇ 6 ਪੁਲਿਸ ਵਾਲਿਆਂ ਨੂੰ ਮਾਰਨਗੇ। ਇਹ ਧਮਕੀ ਦੇਣ ਵਾਲੇ ਨੌਜਵਾਨ ਨੂੰ ਲੁਧਿਆਣਾ ਪੁਲਿਸ ਨੇ 2 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਧਾਮ, ਤਲਵੰਡੀ ਖੁਰਦ, ਦਾਖਾ, ਕਾਰਜਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਸਤੀ ਪੰਜਾਬ ਸਿੰਘ ਵਾਲਾ, ਜ਼ੀਰਾ, ਫਿਰੋਜ਼ਪੁਰ ਅਤੇ ਗੁਰਜੀਤ ਸਿੰਘ ਉਰਫ਼ ਗੋਪੀ ਪੁੱਤਰ ਬਖ਼ਸ਼ੀਸ਼ ਸਿੰਘ ਵਾਸੀ ਬਡਾਲਾ ਵਜੋਂ ਹੋਈ ਹੈ। ਪੁਲਿਸ ਪਾਰਟੀ ਨੂੰ ਇਨ੍ਹਾਂ ਨੌਜਵਾਨਾਂ ਕੋਲੋਂ 500 ਗ੍ਰਾਮ ਹੈਰੋਇਨ, 4 ਪਿਸਤੌਲ 12 ਬੋਰ ਅਤੇ 2 ਪਿਸਤੌਲ 32 ਬੋਰ ਬਰਾਮਦ ਹੋਏ ਹਨ। ਜਲੰਧਰ ਜ਼ੋਨ ਦੇ ਆਈ.ਜੀ. ਅਰਪਿਤ ਸ਼ੁਕਲਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੌਂਡਰ ਦੀ ਮੌਤ ਤੋਂ ਬਾਅਦ ਸ਼ੇਰਾ ਖੁੱਬਣ ਦੇ ਫੇਸਬੁੱਕ ਪੇਜ਼ ‘ਤੇ ਪੁਲਿਸ ਵਾਲਿਆਂ ਨੂੰ ਦਿੱਤੀ ਧਮਕੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਕਾਰਜਪਾਲ ਸਿੰਘ, ਗੁਰਜੀਤ ਸਿੰਘ ਉਰਫ਼ ਗੋਪੀ, ਕਰਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਸਜਾਦੀ, ਘੱਲ ਖੁਰਦ, ਗੁਰਿੰਦਰ ਸਿੰਘ ਉਰਫ਼ ਰਾਮੂਵਾਲੀਆ ਵਾਸੀ ਮੱਲਾਂਵਾਲ, ਡੇਵਿਡ ਵਾਸੀ ਮੱਲੋਕੇ ਰੋਡ ਜ਼ੀਰਾ, ਰੂਬੀ ਪੁੱਤਰ ਮੰਗਤ ਰਾਮ ਵਾਸੀ ਗੌਰੀ ਮੁਹੱਲਾ, ਜ਼ੀਰਾ ਅਤੇ ਸੱਤੀ ਵਾਸੀ ਆਤਮਾ ਨਗਰ ਲੁਧਿਆਣਾ ਫੇਸਬੁੱਕ ਆਈ.ਡੀ. ਨੂੰ ਚਲਾ ਰਹੇ ਹਨ। ਇਸ ਆਧਾਰ ‘ਤੇ ਦੋਸ਼ੀਆਂ ਦੀ ਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਡੀ.ਆਈ.ਜੀ. ਲੁਧਿਆਣਾ ਜੀ.ਐੱਸ. ਸੰਧੂ ਅਤੇ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਸੁਰਜੀਤ ਸਿੰਘ ਦੀ ਨਿਗਰਾਨੀ ਹੇਠ ਐੱਸ.ਪੀ. (ਡੀ) ਰੁਪਿੰਦਰ ਕੁਮਾਰ ਭਾਰਦਵਾਜ ਨੇ ਥਾਣਾ ਸਦਰ, ਜਗਰਾਉਂ ਦੀ ਪੁਲਿਸ ਪਾਰਟੀ ਨਾਲ ਮਿਲ ਕੇ ਪਿੰਡ ਗਾਲਿਬ ਕਲਾਂ ਨੇੜੇ ਕਾਰਵਾਈ ਕਰਦੇ ਹੋਏ ਇਕ ਇਨੋਵਾ ਕਾਰ ‘ਚੋਂ ਗੁਰਪ੍ਰੀਤ ਸਿੰਘ ਉਰਫ ਗੋਪੀ, ਕਾਰਜਪਾਲ ਸਿੰਘ ਅਤੇ ਗੁਰਜੀਤ ਸਿੰਘ ਉਰਫ਼ ਗੋਪੀ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਤੋਂ ਜਾਣਕਾਰੀ ਮਿਲੀ ਕਿ ਉਸ ਨੇ ਹੀ ਫੇਸਬੁੱਕ ਜ਼ਰੀਏ ਪੁਲਿਸ ਨੂੰ ਧਮਕੀ ਦਿੱਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਨੌਜਵਾਨ ਵਿੱਕੀ ਗੌਂਡਰ ਗਰੋਹ ਨੂੰ ਮੁੜ ਮਜ਼ਬੂਤ ਕਰਨ ਦੀਆਂ ਕਾਰਵਾਈਆਂ ‘ਚ ਲੱਗੇ ਹੋਏ ਸਨ। ਇਨ੍ਹਾਂ ਨੌਜਵਾਨਾਂ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਫਰਾਰ ਵਿਅਕਤੀਆਂ ਦੀ ਭਾਲ ‘ਚ ਪੁਲਿਸ ਪਾਰਟੀਆਂ ਲਗਾਈਆਂ ਗਈਆਂ ਹਨ।
ਕਾਰਜਪਾਲ ਸਿੰਘ ਦੀ ਪ੍ਰੇਮਾ ਲਾਹੌਰੀਆ ਨਾਲ ਰਿਸ਼ਤੇਦਾਰੀ
ਆਈ.ਜੀ. ਸ਼ੁਕਲਾ ਨੇ ਦੱਸਿਆ ਕਿ ਮੁਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਕਾਰਜਪਾਲ ਸਿੰਘ ਗੈਂਗਸਟਰ ਪ੍ਰੇਮਾ ਲਾਹੌਰੀਆ ਦਾ ਕਰੀਬੀ ਰਿਸ਼ਤੇਦਾਰ ਹੈ। ਇਸ ਦਾ ਦੂਸਰਾ ਸਾਥੀ ਗੁਰਿੰਦਰ ਸਿੰਘ ਰਾਮੂਵਾਲੀਆ ਕੁਝ ਸਮਾਂ ਪਹਿਲਾਂ ਡੱਬਵਾਲੀ ਵਿਖੇ ਪੁਲਿਸ ਮੁਕਾਬਲੇ ਦੌਰਾਨ ਘੇਰਾ ਪੈ ਜਾਣ ‘ਤੇ ਆਪਣੇ ਦੋ ਹੋਰ ਸਾਥੀਆਂ ਦੇ ਨਾਲ ਆਪਣੇ-ਆਪ ਨੂੰ ਗੋਲੀ ਮਾਰ ਲੈਣ ਵਾਲੇ ਨਿਸ਼ਾਨ ਸਿੰਘ ਰੁਕਣਾਬੇਗੂ ਵਾਸੀ ਫਿਰੋਜ਼ਪੁਰ ਦੇ ਚਾਚੇ ਦਾ ਲੜਕਾ ਹੈ।
ਗੁਰਪ੍ਰੀਤ ਸਿੰਘ ਉਰਫ਼ ਗੋਪੀ ਦੇ ਦੁਬਈ
‘ਚ ਗੈਂਗਸਟਰਾਂ ਨਾਲ ਬਣੇ ਸਨ ਸਬੰਧ
ਗੁਰਪ੍ਰੀਤ ਸਿੰਘ ਉਰਫ਼ ਗੋਪੀ 10 ਜਮਾਤਾਂ ਪਾਸ ਕਰਕੇ ਕਰੀਬ 2-3 ਸਾਲ ਨੌਕਰੀ ਕਰਨ ਤੋਂ ਬਾਅਦ ਦੁਬਈ ਚਲਾ ਗਿਆ ਸੀ, ਜਿੱਥੇ ਉਸ ਦੇ ਪਰਮਿੰਦਰ ਸਿੰਘ ਉਰਫ਼ ਮਨੂੰ ਉਰਫ਼ ਟਾਈਗਰ ਪੁੱਤਰ ਸਵ. ਭਗਵਾਨ ਸਿੰਘ ਵਾਸੀ ਚੋਹਲਾ ਸਾਹਿਬ, ਤਰਨ ਤਾਰਨ ਨਾਲ ਸਬੰਧ ਬਣ ਗਏ, ਜਿਸ ਤੋਂ ਬਾਅਦ ਗੋਪੀ ਦੁਬਈ ਤੋਂ ਹੀ ਪੰਜਾਬ ਦੇ ਗੈਂਗਸਟਰਾਂ ਨੂੰ ਪੈਸੇ ਭੇਜਣ ਲੱਗਾ। ਇਸ ਦੌਰਾਨ ਦੁਬਈ ‘ਚ ਬੈਠੇ ਨੀਟਾ ਦਿਓਲ ਨਾਲ ਵੀ ਉਸ ਦੀ ਪਹਿਚਾਣ ਹੋ ਗਈ, ਜਿਸ ਨਾਲ ਉਹ ਗੁਰਪ੍ਰੀਤ ਸਿੰਘ ਸੇਖੋਂ ਅਤੇ ਵਿੱਕੀ ਗੌਂਡਰ ਗਰੋਹ ਦੇ ਹੋਰ ਗੈਂਗਸਟਰਾਂ ਦੇ ਸੰਪਰਕ ‘ਚ ਆ ਗਿਆ। ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਗੋਪੀ ਜੇਲ੍ਹ ‘ਚ ਬੈਠੇ ਟਾਈਗਰ, ਦਿਲਪ੍ਰੀਤ, ਨੀਟਾ ਦਿਓਲ, ਗੁਰਪ੍ਰੀਤ ਸਿੰਘ ਸੇਖੋਂ ਅਤੇ ਹੋਰ ਗੈਂਗਸਟਰਾਂ ਦੀ ਪੈਰਵਾਈ ਕਰਦਾ ਰਿਹਾ ਅਤੇ ਉਨ੍ਹਾਂ ਨੂੰ ਮਾਲੀ ਸਹਾਇਤਾ ਵੀ ਦਿੰਦਾ ਰਿਹਾ। ਪੈਸਿਆਂ ਦੇ ਪ੍ਰਬੰਧ ਲਈ ਗੋਪੀ ਅਤੇ ਉਸ ਦੇ ਸਾਥੀ ਨਸ਼ੇ ਦੀ ਤਸਕਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵੀ ਕਰਦੇ ਰਹੇ ਹਨ।
ਪਿੰਡ ਵਾਲਿਆਂ ਨੂੰ ਹੋਈ ਹੈਰਾਨੀ
ਸਵੱਦੀ ਕਲਾਂ/ਬਿਊਰੋ ਨਿਊਜ਼:
ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਮੇਜਰ ਸਿੰਘ ਵਾਸੀ ਤਲਵੰਡੀ ਖੁਰਦ ਥਾਣਾ ਦਾਖਾ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਇਸ ਸਬੰਧੀ ਹੈਰਾਨੀ ਜ਼ਾਹਿਰ ਕਰਦਿਆਂ ਕਿਹਾ ਕਿ ਗੋਪੀ ਕਿਸੇ ਵੀ ਤਰ੍ਹਾਂ ਅਤੇ ਕਿਸੇ ਵੀ ਗੈਂਗਸਟਰ ਗਰੁੱਪ ਨਾਲ ਸਬੰਧਿਤ ਨਹੀਂ ਰਿਹਾ ਪਰ ਉਸ ਦੁਆਰਾ ਗੁਰਪ੍ਰੀਤ ਸਰਪੰਚ ਨਾਂਅ ਦੇ ਫੇਸਬੁੱਕ ਅਕਾਊਂਟ ਉੱਪਰ ਵਿੱਕੀ ਗੌਂਡਰ ਦੀ ਮੌਤ ਤੋਂ ਬਾਅਦ ਪਾਈ ਧਮਕੀ ਭਰੀ ਪੋਸਟ ਨੇ ਹੀ ਉਸ ਨੂੰ ਫ਼ਸਾ ਦਿੱਤਾ ਹੈ। ਪਿੰਡ ਦੇ ਸਾਬਕਾ ਪੰਚ ਤੀਰਥ ਸਿੰਘ ਤੇ ਹੋਰ ਪਿੰਡ ਵਾਸੀਆਂ ਦੀ ਹਾਜ਼ਰੀ ‘ਚ ਗੋਪੀ ਦੇ ਭਰਾ ਕਮਲਜੀਤ ਸਿੰਘ ਨੇ ਦੱਸਿਆ ਕਿ 26 ਸਾਲਾ ਗੋਪੀ ਮੈਟ੍ਰਿਕ ਕਰਨ ਤੋਂ ਬਾਅਦ ਲੁਧਿਆਣਾ ਵਿਖੇ ਗੱਡੀ ਚਲਾਉਣ ਲੱਗ ਪਿਆ। ਉਸ ਤੋਂ ਬਾਅਦ ਉਹ ਦੁਬਈ ਚਲਾ ਗਿਆ। ਪਰਿਵਾਰ ਦੁਆਰਾ ਕਰੀਬ 6 ਮਹੀਨੇ ਪਹਿਲਾਂ ਉਸ ਨੂੰ ਬੇਦਖ਼ਲ ਵੀ ਕਰ ਦਿੱਤਾ ਗਿਆ ਸੀ। ਪਿੰਡ ਵਾਸੀਆਂ ਅਨੁਸਾਰ ਉਸ ਖ਼ਿਲਾਫ਼ ਪੰਜਾਬ ਦੇ ਕਿਸੇ ਵੀ ਥਾਣੇ ‘ਚ ਕੋਈ ਵੀ ਮਾਮਲਾ ਦਰਜ ਨਹੀਂ। ਉਸ ਵਲੋਂ ਕੁਝ ਦਿਨ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ ਉੱਪਰ ਵਿੱਕੀ ਗੌਂਡਰ ਦੀ ਮੌਤ ਦਾ ਬਦਲਾ ਲੈਣ ਸਬੰਧੀ ਪੁਲਿਸ ਨੂੰ ਸੰਬੋਧਿਤ ਪੋਸਟ ਪਾਈ ਗਈ ਸੀ, ਜਿਸ ਨੂੰ ਅਧਾਰ ਬਣਾ ਕੇ ਹੀ ਪੁਲਿਸ ਦੁਆਰਾ ਉਸ ਨੂੰ ਉਕਤ ਹਾਈ ਪ੍ਰੋਫਾਈਲ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ।
Comments (0)