ਹਿਮਾਚਲ ਵਿਚ ਬੱਸ ਖੱਡ ਵਿੱਚ ਡਿੱਗਣ ਕਾਰਨ 28 ਹਲਾਕ

ਹਿਮਾਚਲ ਵਿਚ ਬੱਸ ਖੱਡ ਵਿੱਚ ਡਿੱਗਣ ਕਾਰਨ 28 ਹਲਾਕ

ਕੈਪਸ਼ਨ-ਬੱਸ ਦੇ ਖੱਡ ਵਿੱਚ ਡਿੱਗਣ ਤੋਂ ਬਾਅਦ ਬਚਾਅ ਕਾਰਜਾਂ ਵਿੱਚ ਲੱਗੇ ਰਾਹਤ ਕਰਮੀ।

ਸ਼ਿਮਲਾ/ਬਿਊਰੋ ਨਿਊਜ਼ :
ਹਿਮਾਚਲ ਪ੍ਰਦੇਸ਼ ਦੇ ਖਨੇਰੀ (ਰਾਮਪੁਰ) ਵਿਖੇ ਇੱਕ ਬੱਸ ਦੇ 500 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ 28 ਮੁਸਾਫ਼ਰਾਂ ਦੀ ਮੌਤ ਹੋ ਗਈ ਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਹਿੰਦੋਸਤਾਨ-ਤਿੱਬਤ ਕੌਮੀ ਮਾਰਗ ‘ਤੇ ਸ਼ਿਮਲਾ ਤੋਂ ਕਰੀਬ 140 ਕਿਲੋਮੀਟਰ ਦੂਰ ਵਾਪਰਿਆ। ਇਹ ਬੱਸ 36 ਮੁਸਾਫ਼ਰਾਂ ਨੂੰ ਲੈ ਕੇ ਰਿਕਾਂਗ ਪੀਓ (ਕਿੰਨੌਰ) ਤੋਂ ਨੌਨੀ (ਸੋਲਨ) ਜਾ ਰਹੀ ਸੀ।
ਹਾਦਸੇ ਦੇ ਕਾਰਨਾਂ ਬਾਰੇ ਪਤਾ ਕਰਨ ਲਈ ਨਿਆਂਇਕ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹਾਲਾਂਕਿ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹਾਦਸਾ ਟਾਇਰ ਫਟਣ ਕਾਰਨ ਵਾਪਰਿਆ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਰੋਹਨ ਚੰਦ ਠਾਕੁਰ ਨੇ ਦੱਸਿਆ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 11 ਦੀ ਸ਼ਨਾਖ਼ਤ ਹੋ ਗਈ ਹੈ।
ਮਰਨ ਵਾਲਿਆਂ ਵਿੱਚ 18 ਮਰਦ, 9 ਔਰਤਾਂ ਤੇ ਇੱਕ ਬੱਚਾ ਸ਼ਾਮਲ ਹੈ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ ਤੇ ਉਨ੍ਹਾਂ ਨੂੰ ਸ਼ਿਮਲਾ ਦੇ ਆਈਜੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਡੀਸੀ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਫ਼ੌਰੀ ਮਦਦ ਵਜੋਂ ਦਸ-ਦਸ ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ।