ਹਰਮਿੰਦਰ ਸਿੰਘ ਮਿੰਟੂ ਸਮੇਤ ਪੰਜ ਮੁਲਾਜ਼ਮਾਂ ਦੇ ਪੁਲੀਸ ਰਿਮਾਂਡ ‘ਚ 26 ਤਕ ਵਾਧਾ

ਹਰਮਿੰਦਰ ਸਿੰਘ ਮਿੰਟੂ ਸਮੇਤ ਪੰਜ ਮੁਲਾਜ਼ਮਾਂ ਦੇ ਪੁਲੀਸ ਰਿਮਾਂਡ ‘ਚ 26 ਤਕ ਵਾਧਾ

ਨਾਭਾ/ਬਿਊਰੋ ਨਿਊਜ਼ :
ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਬਰੇਕ ਕਾਂਡ ਮਾਮਲੇ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਰਮਿੰਦਰ ਸਿੰਘ ਮਿੰਟੂ ਸਮੇਤ ਪੰਜ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਦੇ ਪੁਲੀਸ ਰਿਮਾਂਡ ਵਿੱਚ 26 ਦਸੰਬਰ ਤਕ ਦਾ ਵਾਧਾ ਕਰ ਦਿੱਤਾ ਗਿਆ। ਪੁਲੀਸ ਨੇ ਸਾਰਿਆਂ ਦਾ 10 ਦਿਨਾਂ ਤਕ ਪੁਲੀਸ ਰਿਮਾਂਡ ਵਧਾਉਣ ਦੀ ਅਦਾਲਤ ਤੋਂ ਮੰਗ ਕੀਤੀ ਤਾਂ ਉਨ੍ਹਾਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਸ ਦਾ ਵਿਰੋਧ ਕੀਤਾ। ਸਰਕਾਰੀ ਵਕੀਲ ਨੇ ਆਪਣੀਆਂ ਦਲੀਲਾਂ ਰਾਹੀਂ ਉਨ੍ਹਾਂ ਦਾ ਚਾਰ ਦਿਨਾਂ ਦਾ ਹੋਰ ਪੁਲੀਸ ਰਿਮਾਂਡ ਹਾਸਲ ਕਰ ਲਿਆ। ਪੁਲੀਸ ਵੱਲੋਂ ਪੇਸ਼ ਕੀਤੇ ਗਏ ਹਰਮਿੰਦਰ ਸਿੰਘ ਮਿੰਟੂ, ਬਿੱਕਰ ਸਿੰਘ, ਜਗਤਵੀਰ ਸਿੰਘ, ਪਰਵਿੰਦਰ ਸਿੰਘ ਭਿੰਦਾ ਅਤੇ ਗੁਰਪ੍ਰੀਤ ਸਿੰਘ ਮਾਂਗੇਵਾਲ ਨੂੰ ਅਦਾਲਤ ਨੇ 20 ਦਸੰਬਰ ਨੂੰ ਦੋ ਦਿਨਾਂ ਪੁਲੀਸ ਰਿਮਾਂਡ ‘ਤੇ ਭੇਜਿਆ ਸੀ। ਮੁਲਜ਼ਮਾਂ ਦੇ ਵਕੀਲ ਸਰਵਿੰਦਰ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲਾਂ ਕੋਲੋਂ ਸਾਮਾਨ ਬਰਾਮਦ ਕਰਵਾਇਆ ਜਾ ਚੁੱਕਾ ਹੈ ਪਰ ਫਿਰ ਵੀ ਪੁਲੀਸ ਬਿਨਾਂ ਵਜ੍ਹਾ ਉਨ੍ਹਾਂ ਦਾ ਰਿਮਾਂਡ ਮੰਗ ਰਹੀ ਹੈ। ਡੀਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ। ਉਨ੍ਹਾਂ ਪੁਲੀਸ ਵੱਲੋਂ ਜਲਦੀ ਵੱਡਾ ਖੁਲਾਸਾ ਕਰਨ ਦੀ ਗੱਲ ਵੀ ਆਖੀ। ਨਾਭਾ ਜੇਲ੍ਹ ਤੋੜ ਕਾਂਡ ਵਿੱਚ ਹੁਣ ਤਕ 11 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਜੇਲ੍ਹ ਵਿੱਚੋਂ ਫਰਾਰ ਹੋਏ ਖਾੜਕੂ ਕਸ਼ਮੀਰਾ ਸਿੰਘ, ਗੈਂਗਸਟਰ ਵਿੱਕੀ ਗੌਂਡਰ, ਬਿਕਰਮਜੀਤ ਸਿੰਘ, ਨੀਟਾ ਦਿਉਲ ਅਤੇ ਗੁਰਪ੍ਰੀਤ ਸਿੰਘ ਨੂੰ ਅਜੇ ਤਕ ਪੁਲੀਸ ਨਹੀਂ ਫੜ ਸਕੀ ਹੈ।