ਲੰਡਨ ਵਿੱਚ 25 ਹਜ਼ਾਰ ਸਿੱਖਾਂ ਵਲੋਂ ਘੱਲੂਘਾਰਾ ਜੂਨ ’84 ਦੀ ਯਾਦ ‘ਚ ਰੋਸ ਮੁਜ਼ਾਹਰਾ

ਲੰਡਨ ਵਿੱਚ 25 ਹਜ਼ਾਰ ਸਿੱਖਾਂ ਵਲੋਂ ਘੱਲੂਘਾਰਾ ਜੂਨ ’84 ਦੀ ਯਾਦ ‘ਚ ਰੋਸ ਮੁਜ਼ਾਹਰਾ

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਸਿੱਖ ਜਥੇਬੰਦੀਆਂ ਤੇ ਸੰਗਤ ਦਾ ਧੰਨਵਾਦ
ਲੰਡਨ/ਬਿਊਰੋ ਨਿਊਜ਼ :
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜੂਨ 1984 ਦੇ 33ਵੇਂ ਘੱਲੂਘਾਰੇ ਦੀ ਯਾਦ ਵਿੱਚ 4 ਜੂਨ, ਐਤਵਾਰ ਨੂੰ ਲੰਡਨ ਵਿਖੇ ਰੋਸ ਮੁਜ਼ਾਹਰਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੁਜ਼ਾਹਰੇ ਵਾਲੀ ਰਾਤ ਦਹਿਸ਼ਤੀ ਹਮਲਾ ਹੋਣ ਕਾਰਨ ਹਾਈਡ ਪਾਰਕ ਵਿਚ ਹੋਣ ਵਾਲਾ ਇਕੱਠ ਰੱਦ ਕਰ ਦਿੱਤਾ ਗਿਆ ਸੀ ਤੇ ਸਿੱਖ ਸੰਗਤ ਨੂੰ ਟਰਫਾਲਗਰ ਸੁਕੇਅਰ ਪੁੱਜਣ ਦੀ ਅਪੀਲ ਕੀਤੀ ਗਈ ਸੀ। ਇਸ ਦੇ ਬਾਵਜੂਦ ਰੋਸ ਮੁਜ਼ਾਹਰੇ ਵਿਚ 25 ਹਜ਼ਾਰ ਦੇ ਕਰੀਬ ਸਿੱਖ ਸੰਗਤ ਪੁੱਜੀ। ਸਿੱਖ ਸੰਗਤ ਅਤੇ ਜਥੇਬੰਦੀਆਂ ਵਲੋਂ ਭਾਰਤ ਸਰਕਾਰ ਖ਼ਿਲਾਫ਼ ਪ੍ਰਚੰਡ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇਸ ਭਰਵੇਂ ਯੋਗਦਾਨ ਲਈ ਸਿੱਖ ਸੰਗਤ, ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਗਿਆ। ਮਾਨਚੈਸਟਰ ਅਤੇ ਲੰਡਨ ਵਿੱਚ ਅੱਤਵਾਦੀ ਹਮਲਿਆਂ ਦੌਰਾਨ ਮਾਰੇ ਗਏ ਨਿਰਦੋਸ਼ ਵਿਅਕਤੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਸਟੇਜ ਤੋਂ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਜੂਨ 1984 ਦੇ ਖੂਨੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀਆਂ ਸ਼ਹਾਦਤਾਂ ਨਾਲ ਸਿਰਜੇ ਗਏ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ। ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਅਤੇ ਧਰਮੀ ਫੌਜੀਆਂ ਦੇ ਮੁੜ ਵਸੇਬੇ ਦੀ ਆਵਾਜ਼ ਵੀ ਬੁਲੰਦ ਕੀਤੀ ਗਈ ਅਤੇ ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆਂ ਵਲੋਂ ਆਰੰਭੇ ਸਿੱਖ ਸੰਘਰਸ਼ ਦੇ ਯੋਧੇ ਭਾਈ ਜਗਤਾਰ ਸਿੰਘ ਹਾਵਾਰਾ ਦਾ ਸੰਦੇਸ਼ ਐਡਵੋਕੇਟ ਸ੍ਰ. ਅਮਰ ਸਿੰਘ ਚਾਹਲ ਵਲੋਂ ਪੜ੍ਹਿਆ ਗਿਆ।
ਚਾਰ ਘੰਟੇ ਚੱਲੀ ਰੈਲੀ ਵਿੱਚ ਸਿੱਖ ਸੰਗਤ ਵਲੋਂ ”ਖਾਲਿਸਤਾਨ ਜ਼ਿੰਦਾਬਾਦ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਅਮਰ ਰਹੇ, ਸੰਤ ਭਿੰਡਰਾਵਾਲਿਆਂ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ” ਦੇ ਨਾਅਰਿਆਂ ਨਾਲ ਆਕਾਸ਼ ਗੂੰਜ ਉੱਠਿਆ। ਸਿੱਖ ਸੰਗਤ ਲੈਸਟਰ, ਕਾਵੈਂਟਰੀ, ਬ੍ਰਮਿੰਘਮ, ਵੁਲਵਰਹੈਪਟਨ, ਡਰਬੀ, ਨਿਊਕਾਸਲ, ਵਾਲਸਾਲ, ਸਾਊਥਹੈਪਟਨ, ਨੌਟਿੰਘਮ, ਮਾਨਚੈਸਟਰ, ਟੈੱਲਫੋਰਡ, ਪ੍ਰਸਿਟਨ, ਲੀਡਜ਼, ਗ੍ਰੇਵਜੈਂਡ ਵਰਗੇ ਦੂਰ ਦਰਾਡੇ ਸ਼ਹਿਰਾਂ ਤੋਂ ਸੈਂਕੜੇ ਕੋਚਾਂ ਅਤੇ ਕਾਰਾਂ ਰਾਹੀਂ ਰੋਸ ਮੁਜ਼ਾਹਰੇ ਵਿਚ ਸ਼ਿਰਕਤ ਕਰਨ ਲਈ ਪੁੱਜੀ।
ਇਸ ਮੌਕੇ ਭਾਈ ਅਮਰੀਕ ਸਿੰਘ ਗਿੱਲ, ਭਾਈ ਬਲਬੀਰ ਸਿੰਘ, ਭਾਈ ਨਿਰਮਲ ਸਿੰਘ ਸੰਧੂ, ਭਾਈ ਤਰਸੇਮ ਸਿੰਘ ਦਿਉਲ, ਭਾਈ ਚਰਨ ਸਿੰਘ, ਭਾਈ ਮਨਮੋਹਣ ਸਿੰਘ ਖਾਲਸਾ, ਭਾਈ ਗੁਰਮੇਜ ਸਿੰਘ ਗਿੱਲ, ਭਾਈ ਗੁਰਦੇਵ ਸਿੰਘ ਚੌਹਾਨ, ਭਾਈ ਜਸਪਾਲ ਸਿੰਘ ਬੈਂਸ, ਭਾਈ ਸੇਵਾ ਸਿੰਘ ਲੱਲੀ, ਭਾਈ ਦਵਿੰਦਰਜੀਤ ਸਿੰਘ, ਭਾਈ ਗੁਰਮੇਜ ਸਿੰਘ ਕੰਦੋਲਾ, ਭਾਈ ਤਰਸੇਮ ਸਿੰਘ ਪੱਤੜ, ਭਾਈ ਬਲਦੇਵ ਸਿੰਘ ਡਾਟਫੋਰਡ, ਭਾਈ ਜਸਵਿੰਦਰ ਸਿੰਘ ਡਰਬੀ, ਭਾਈ ਬਲਵਿੰਦਰ ਸਿੰਘ ਚਹੇੜੂ, ਭਾਈ ਨਿਰੰਜਨ ਸਿੰਘ ਬਾਸੀ, ਭਾਈ ਅਮਨਦੀਪ ਸਿੰਘ ਸਮੈਦਿਕ, ਭਾਈ ਜਸਵਿੰਦਰ ਸਿੰਘ ਕਾਵੈਂਟਰੀ, ਭਾਈ ਤਰਸੇਮ ਸਿੰਘ ਕਾਵੈਂਟਰੀ, ਭਾਈ ਸੁੱਚਾ ਸਿੰਘ ਬੈੱਡਫੋਰਡ, ਭਾਈਬੂਟਾ ਸਿੰਘ ਨੌਟਿੰਘਮ, ਬੀਬੀ ਜਸਵੀਰ ਕੌਰ, ਭਾਈ ਮੰਗਲ ਸਿੰਘ ਲੈਸਟਰ, ਭਾਈ ਅਮਰਜੀਤ ਸਿੰਘ ਅਟਵਾਲ, ਭਾਈ ਮਨਜੀਤ ਸਿੰਘ ਬੁੱਟਰ ਸਿੰਘ, ਭਾਈ ਮੋਹਣਜੀਤ ਸਿੰਘ, ਭਾਈ ਤਜਿੰਦਰ ਸਿੰਘ ਲੀਡਜ਼, ਗਿਆਨੀ ਅਜੀਤ ਸਿੰਘ ਬਿਲਗਾ, ਭਾਈ ਅਮਰਜੀਤ ਸਿੰਘ ਨੇ ਸ਼ਮੂਲੀਅਤ ਕੀਤੀ। ਸਿੱਖ ਆਗੂਆਂ ਨੇ ਕਿਹਾ ਕਿ ਸਿੱਖ ਕੌਮ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਵਚਨਬੱਧ ਰਹੇਗੀ।