ਫੀਫਾ ਵਿਸ਼ਵ ਕੱਪ 2018 ਦਾ ਦੂਜਾ ਪਾਸਾ

ਫੀਫਾ ਵਿਸ਼ਵ ਕੱਪ 2018 ਦਾ ਦੂਜਾ ਪਾਸਾ

ਮਨਦੀਪ

ਮਕਬੂਲ ਖੇਡ ਫੁੱਟਬਾਲ ਦਾ 21ਵਾਂ ਮਹਾਂ-ਮੁਕਾਬਲਾ ‘ਫੀਫਾ ਵਿਸ਼ਵ ਕੱਪ 2018’ ਮੇਜ਼ਬਾਨ ਰੂਸ ਵਿੱਚ ਧੂਮਧਾਮ ਨਾਲ ਸ਼ੁਰੂ ਹੋ ਚੁੱਕਾ ਹੈ। ਦੁਨੀਆ ਭਰ ਵਿਚ ਸੋਸ਼ਲ ਮੀਡੀਆ, ਪ੍ਰਿੰਟ ਤੇ ਇਲੈੱਕਟ੍ਰਾਨਿਕ ਮੀਡੀਆ ਅਤੇ ਲੋਕਾਂ ਦੀ ਜ਼ੁਬਾਨ ਉੱਤੇ ਇਸਦੀ ਖ਼ੂਬ ਚਰਚਾ ਹੈ। ਫੀਫਾ ਕਲੱਬ, ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਅਤੇ ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੀ ਇਸ ਦੀ ਹਰਮਨਪਿਆਰਤਾ ਵਧਾਉਣ ਲਈ ਯਤਨ ਕਰ ਰਹੀਆਂ ਹਨ।
ਸੰਸਾਰ ਭਰ ਵਿੱਚ ਫੀਫਾ ਕਲੱਬ ਤੇ ਉਸ ਦੀਆਂ ਭਾਈਵਾਲ ਕੰਪਨੀਆਂ ਵੱਲੋਂ ਇਸ ਕਦਰ ਚਾਰੇ ਪਾਸੇ ਵਿਸ਼ਵ ਕੱਪ ਦਾ ਸ਼ੋਰਗੁੱਲ ਖੜ੍ਹਾ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ਵਿਚ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੀਆਂ ਸਰਕਾਰਾਂ ਖਿਲਾਫ਼, ਸੀਰੀਆ ਤੇ ਮੱਧ ਪੂਰਬ ਦੇ ਹੋਰ ਦੇਸ਼ਾਂ ਉੱਪਰ ਹੋ ਰਹੇ ਸਾਮਰਾਜੀ ਹਮਲਿਆਂ ਅਤੇ ਫਿਲਸਤੀਨੀ ਲੋਕਾਂ ਉੱਤੇ ਥੋਪੀ ਜਾ ਰਹੀ ਨਿਹੱਕੀ ਜੰਗ ਖਿਲਾਫ਼ ਉੱਠ ਰਹੀ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੇ ਯਤਨ ਕੀਤੇ ਜਾ ਰਹੇ ਹਨ। ਮੰਦੀ ਦੀ ਮਾਰ ਹੇਠ ਆਈਆਂ ਅਤੇ ਜੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀਆਂ ਸਰਕਾਰਾਂ ਲਈ ਚਾਲੂ ਵਿਸ਼ਵ ਕੱਪ ਫੌਰੀ ਦਰਦ-ਨਿਵਾਰਕ ਦਵਾਈ ਦਾ ਕੰਮ ਕਰ ਰਿਹਾ ਹੈ। ਸਥਾਨਕ ਸਰਕਾਰਾਂ ਵੀ ਫੀਫਾ ਕੱਪ ਦਾ ਗੁਣਗਾਨ ਕਰਕੇ ਰਾਸ਼ਟਰੀ ਤੇ ਬਹੁਰਾਸ਼ਟਰੀ ਕੰਪਨੀਆਂ ਦੇ ਮੁਨਾਫਿਆਂ ਵਿੱਚ ਇਜ਼ਾਫਾ ਕਰਨ ਦਾ ਵਾਹਕ ਬਣ ਰਹੀਆਂ ਹਨ। ਇਸਦੀ ਉੱਘੀ ਮਿਸਾਲ ਦੱਖਣੀ ਅਮਰੀਕੀ ਦੇਸ਼ਾਂ ਦੀ ਪੂਰੀ ਬੈਲਟ ਤੇ ਖ਼ਾਸਕਰ ਇਸ ਖਿੱਤੇ ਦੇ ਚਿਲੀ, ਬੋਲੀਵੀਆ, ਅਰਜਨਟੀਨਾ ਆਦਿ ਦੇਸ਼ ਹਨ। ਇਹ ਦੇਸ਼ ਮੌਜੂਦਾ ਦੌਰ ਅੰਦਰ ਵੱਡੀ ਤੇ ਇਤਿਹਾਸਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। (ਇਹ ਉਹੀ ਖਿੱਤਾ ਹੈ ਜਿੱਥੇ ਆਬਾਦੀ ਦਾ ਵੱਡਾ ਹਿੱਸਾ ਲੋਕ ਫੁੱਟਬਾਲ ਦੇ ਦੀਵਾਨੇ ਹਨ।) ਮਈ ਵਿੱਚ ਅਰਜਨਟੀਨਾ ਦਾ ਸਾਲਾਨਾ ਵਿੱੱਤੀ ਘਾਟਾ ਕੁੱਲ ਘਰੇਲੂ ਉਤਪਾਦਨ ਦੇ ਮੁਕਾਬਲੇ ਆਪਣੇ ਸਾਰੇ ਇਤਿਹਾਸਕ ਰਿਕਾਰਡ ਤੋੜਦਿਆਂ ਬੁਰੇ ਦੌਰ ਵਿੱਚ ਦਾਖਲ ਹੋ ਗਿਆ। ਅਜਿਹੇ ਵਿੱਚ ਲੋਕਾਂ ਦਾ ਸਰਕਾਰ ਵਿਰੁੱਧ ਰੋਹ ਲਗਾਤਾਰ ਲਾਮਬੰਦ ਹੋਣਾ ਸੁਭਾਵਿਕ ਹੀ ਸੀ। ਇਹੀ ਹਾਲਤ ਬਾਕੀ ਲਾਤੀਨੀ ਅਮਰੀਕੀ ਮੁਲਕਾਂ ਦੀ ਹੈ। ਅਜਿਹੇ ਵਿੱਚ ਵਿਸ਼ਵ ਕੱਪ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰ ਰਿਹਾ ਹੈ। ਉਹ ਸਰਕਾਰੀ ਨੀਤੀਆਂ ਖਿਲਾਫ਼ ਲਾਮਬੰਦ ਹੋ ਰਹੇ ਲੋਕ ਰੋਹ ਨੂੰ ਵਿਸ਼ਵ ਕੱਪ ਦੇ ਸ਼ੋਰਗੁੱਲ ਹੇਠ ਰੋਲਣ ਲਈ ਫੀਫਾ ਕਲੱਬ ਦਾ ਸਹਿਯੋਗ ਕਰ ਰਹੀਆਂ ਹਨ।
ਰੂਸ ਅੰਦਰ ਗ਼ਰੀਬੀ ਨੂੰ ਵੱਡੇ-ਵੱਡੇ ਸਾਈਨ ਬੋਰਡਾਂ ਹੇਠ ਕੱਜਣ ਦੇ ਯਤਨ ਕੀਤੇ ਗਏ। ਚੋਰ-ਉਚੱੱਕਿਆਂ ‘ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਸ਼ਹਿਰ ਦੇ 20 ਲੱਖ ਕੁੱਤੇ ਤੇ ਬਿੱਲੀਆਂ ਜ਼ਹਿਰੀਲੀ ਦਵਾਈ ਤੇ ਗੋਲੀ ਮਾਰ ਕੇ ਮਾਰ ਦਿੱਤੇ। ਵਿਸ਼ਵ ਕੱਪ ਤੇ ਫੀਫਾ ਕਲੱਬ ਨਾਲ ਜੁੜੇ ਵਿਵਾਦਾਂ ਬਾਰੇ ਬੋਲਣ ਤੇ ਲਿਖਣ ਵਾਲੇ ਲੇਖਕਾਂ ਅਤੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਰੂਸ ‘ਚ ਕਈ ਨਿਰਪੱਖ ਪੱਤਰਕਾਰਾਂ ਤੇ ਲੇਖਕਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉੱਧਰ ਫਿਲਸਤੀਨ ਉੱਪਰ ਹੋ ਰਹੇ ਲਗਾਤਾਰ ਹਮਲੇ ਸਬੰਧੀ ਇਜ਼ਰਾਇਲ ਦੀ ਜੰਗੀ ਨੀਤੀ ਦੇ ਵਿਰੋਧ ਵਜੋਂ ਫਿਲਸਤੀਨੀ ਲੋਕਾਂ ਅਤੇ ਖ਼ਾਸਕਰ ਫਿਲਸਤੀਨ ਦੀ ਫੁੱਟਬਾਲ ਟੀਮ ਵੱਲੋਂ ਅਰਜਨਟੀਨਾ ਦੇ ਪ੍ਰਸਿੱਧ ਖਿਡਾਰੀ ਲਾਇਨਲ ਮੈਸੀ ਨੂੰ ਇਜ਼ਰਾਈਲ ਨਾਲ ਦੋਸਤਾਨਾ ਮੈਚ ਨਾ ਖੇਡਣ ਦੀ ਅਪੀਲ ਕੀਤੀ ਗਈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮਾਰਨ ਦੀ ਧਮਕੀ ਦੇਣਾ ਅਤੇ ਰੂਸ ਅੰਦਰ ਹੋ ਰਹੇ ਵਿਸ਼ਵ ਕੱਪ ਦਾ ਵਿਰੋਧ ਹੋਣ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਬੰਬਾਂ ਦੇ ਸਾਏ ਹੇਠ ਮਨੋਰੰਜਨ ਦੇ ਨਾਂ ਹੇਠ ਖੇਡਾਂ ਦਾ ਵਪਾਰ ਕਰਨ ਅਤੇ ਉਸ ਵਪਾਰ ਤੇ ਮਨੋਰੰਜਨ ਦੀ ਆੜ ਹੇਠ ਸਾਮਰਾਜੀ ਤੇ ਵੱਡੇ ਸਰਮਾਏਦਾਰ ਦੇਸ਼ਾਂ ਵੱਲੋਂ ਨਿੱਜੀ ਕਾਰਪੋਰੇਸ਼ਨਾਂ ਦੇ ਮੁਨਾਫ਼ੇ ਵਧਾਉਣ ਲਈ ਅਰਬਾਂ ਜੁਟਾਉਣੇ, ਜੰਗ ਦੀ ਮਾਰ ਹੇਠ ਆਏ ਲੋਕਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਬਰਾਬਰ ਹਨ।
ਫੀਫਾ ਕਲੱਬ ਰਾਸ਼ਟਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਨਾਲ ਮਿਲਕੇ ਅਤੇ ਆਪਣੇ ਸਿੱਧੇ ਨੈੱਟਵਰਕਾਂ ਰਾਹੀ ਫੁੱਟਬਾਲ ਦੀ ਖੇਡ ਦਾ ਅਤੇ ਲੋਕਾਂ ਦੇ ਮਨੋਰੰਜਨ ਦਾ ਵੱਡਾ ਵਪਾਰ ਕਰ ਰਹੀ ਹੈ। ਇਸ ਦੀਆਂ ਜੜ੍ਹਾਂ ਸਾਮਰਾਜੀ ਮੁਲਕਾਂ ਦੀਆਂ ਸਰਕਾਰਾਂ ਨੂੰ ਹੁੰਦੀ ਮੋਟੀ ਫੰਡਿਗ ਤੋਂ ਲੈ ਕੇ ਗ਼ਰੀਬ ਮੁਲਕਾਂ ਦੀਆਂ ਸਰਕਾਰਾਂ ਦੀ ਮਦਦ ਅਤੇ ਇਸ ਦੇ ਇਵਜ਼ ‘ਚ ਉਨ੍ਹਾਂ ਨਾਲ ਹੁੰਦੇ ਸਮਝੌਤਿਆਂ ਤਕ ਫੈਲੀਆਂ ਹੋਈਆਂ ਹਨ। ਹਰ ਖੇਤਰ ਦੀ ਖੇਡ ਤੇ ਖੇਡ ਸੱੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਫੀਫਾ ਅਤੇ ਇਸ ਵਰਗੀਆਂ ਹੋਰ ਵੱਡੀਆਂ ਵਿਸ਼ਵ ਖੇਡ ਕਲੱਬਾਂ ਦਾ ਕੋਈ ਮਕਸਦ ਨਹੀਂ ਹੈ। ਬਲਕਿ ਅਰਬਾਂ-ਖਰਬਾਂ ਦੀਆਂ ਕੁਝ ਕੁ ਚੋਣਵੀਆਂ ਖੇਡਾਂ ਦੀ ਚਕਾਚੌਂਧ ਹੇਠ ਵਪਾਰ ਅਤੇ ਸਿਆਸਤ ਦੀਆਂ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ। ਸੰਸਾਰ ਵਿਆਪੀ ਭੁੱਖਮਰੀ, ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ, ਜੰਗਾਂ, ਹਮਲੇ ਆਦਿ ਦੇ ਯੁੱਗ ਅੰਦਰ ਅਰਬਾਂ-ਖਰਬਾਂ ਦੀਆਂ ਖੇਡਾਂ ਤੇ ਮਨੋਰੰਜਨ ਬਹੁਗਿਣਤੀ ਗ਼ਰੀਬ ਲੋਕਾਂ ਦੀ ਜ਼ਿੰਦਗੀ ‘ਚ ਕੋਈ ਚਾਨਣ ਅਤੇ ਖ਼ੁਸ਼ੀਆਂ ਨਹੀਂ ਲਿਆ ਸਕਦਾ। ਬਲਕਿ ਇਨ੍ਹਾਂ ਖੇਡਾਂ ਦਾ ਸਾਰਾ ਬੋਝ ਆਮ ਲੋਕਾਂ ਉੱਪਰ ਲੱੱਦਿਆ ਜਾਂਦਾ ਹੈ।
ਇਹੀ ਨਹੀਂ ਸਥਾਨਕ ਸਰਕਾਰਾਂ ਖ਼ਾਸਕਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਦੇਸ਼ਾਂ ਅੰਦਰ ਵਿਸ਼ਵ ਕੱਪ ਦੇ ਪ੍ਰਬੰਧਾਂ ਦਾ ਸਾਰਾ ਖ਼ਰਚ ਸਰਕਾਰੀ ਖਜ਼ਾਨੇ ਵਿੱਚੋਂ ਕੀਤਾ ਜਾਂਦਾ ਹੈ ਜਿਸ ਦੀ ਭਰਪਾਈ ਟੈਕਸਾਂ ਦੇ ਰੂਪ ‘ਚ ਦੇਸ਼ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਕੀਤੀ ਜਾਂਦੀ ਹੈ। ਰੂਸ ਦੇ ਨੇੜੇ ਨਿਰਦੋਸ਼ ਲੋਕ ਮਰ ਰਹੇ ਹਨ ਤੇ ਦੂਜੇ ਪਾਸੇ ਵਿਸ਼ਵ ਮੰਨੋਰੰਜਨ ਤੇ ਜਸ਼ਨ ਦੇ ਸੁਰ ਅਲਾਪੇ ਜਾ ਰਹੇ ਹਨ। ਵਿਸ਼ਵ ਕੱਪ, ਵਿਸ਼ਵ ਅਮਨ-ਸ਼ਾਂਤੀ ਤੇ ਵਿਸ਼ਵ ਦੇ ਲੋਕਾਂ ਦੀ ਖ਼ੁਸ਼ਹਾਲੀ ਨਾਲ ਹੀ ਸ਼ੋਭਦੇ ਹਨ।