ਅਮਿਤ ਸ਼ਾਹ ਦੇ ਪੁੱਤ ਦੀ ਕੰਪਨੀ ਨੇ 2 ਸਾਲਾਂ ‘ਚ ਕੀਤਾ 16 ਹਜ਼ਾਰ ਗੁਣਾਂ ‘ਵਿਕਾਸ’

ਅਮਿਤ ਸ਼ਾਹ ਦੇ ਪੁੱਤ ਦੀ ਕੰਪਨੀ ਨੇ 2 ਸਾਲਾਂ ‘ਚ  ਕੀਤਾ 16 ਹਜ਼ਾਰ ਗੁਣਾਂ ‘ਵਿਕਾਸ’

ਕਾਂਗਰਸ ਨੇ ਮੰਗੀ ਜਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼ :
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਜੈ ਅਮਿਤ ਸ਼ਾਹ ਦੀ ਕੰਪਨੀ ਦੀ ਕਮਾਈ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਇਕ ਨਿੱਜੀ ਵੈੱਬਸਾਈਟ ਦੀ ਰਿਪੋਰਟ ਅਨੁਸਾਰ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਦੀ ਕਮਾਈ 2 ਸਾਲਾਂ ਵਿਚ 16 ਹਜ਼ਾਰ ਗੁਣਾ ਵਧ ਗਈ। ਕਾਂਗਰਸ ਦੇ ਆਗੂ ਕਪਿਲ ਸਿੱਬਲ ਨੇ ਜੈ ਸ਼ਾਹ ਦੀ ਕੰਪਨੀ ਦੀ ਕਮਾਈ ਵਿਚ ਹੋਏ ਬੇਤਹਾਸ਼ੇ ਵਾਧੇ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੱਗਦਾ ਹੈ 2014 ਵਿਚ ਕੇਵਲ ਸਰਕਾਰ ਹੀ ਨਹੀਂ ਬਦਲੀ ਬਲਕਿ ਅਮਿਤ ਸ਼ਾਹ ਦੇ ਬੇਟੇ ਦੀ ਕਿਸਮਤ ਵੀ ਬਦਲ ਗਈ। ਸਿੱਬਲ ਨੇ ਮੋਦੀ ਸਰਕਾਰ ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦੇ ਹੋਇਆਂ ਸਵਾਲ ਪੁੱਛਿਆ ਕਿ ਇਕ ਦਮ ਅਜਿਹਾ ਕੀ ਹੋਇਆ ਕਿ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਦਾ ਟਰਨਓਵਰ 16 ਹਜ਼ਾਰ ਗੁਣਾ ਵੱਧ ਗਿਆ। ਸਿੱਬਲ ਨੇ ਅਮਿਤ ਸ਼ਾਹ ਦੇ ਬੇਟੇ ‘ਤੇ ਦੋਸ਼ ਲਾਉਂਦੇ ਹੋਇਆਂ ਕਿਹਾ ਕਿ ਅਮਿਤ ਸ਼ਾਹ ਦੇ ਬੇਟੇ ਦੀ ਕੰਪਨੀ ਟੈਂਪਲ ਇੰਟਰਪ੍ਰਾਈਜਿਜ਼ ਪ੍ਰਾਈਵੇਟ ਲਿਮਟਿਡ ਮਾਰਚ 2013 ਵਿਚ ਘਾਟੇ ਵਿਚ ਸੀ ਅਤੇ ਇਹ ਘਾਟਾ 6,239 ਰੁਪਏ ਸੀ। ਮਾਰਚ 2014 ਵਿਚ ਵੀ ਕੰਪਨੀ 1,724 ਰੁਪਏ ਘਾਟੇ ਵਿਚ ਸੀ। ਪਰ 2014-15 ਵਿਚ ਇਹ ਕੰਪਨੀ ਮੁਨਾਫ਼ੇ ਵਿਚ ਆ ਗਈ। ਯਾਨੀ ਮਈ 2014 ਵਿਚ ਕੁਝ ਬਦਲਾਅ ਹੋਇਆ ਅਤੇ ਮੁਨਾਫ਼ਾ ਹੋਣਾ ਸ਼ੁਰੂ ਹੋ ਗਿਆ ਜੋ 18,728 ਰੁਪਏ ਸੀ ਜਦਕਿ ਕੰਪਨੀ ਦਾ ਕੁੱਲ ਮਾਲੀਆ ਸਿਰਫ 50 ਹਜ਼ਾਰ ਰੁਪਏ ਸੀ। ਪਰ ਅਸਲ ਬਦਲਾਅ 2015-16 ਵਿਚ ਹੋਇਆ ਜਦ ਕੰਪਨੀ ਦਾ ਟਰਨਓਵਰ 80 ਕਰੋੜ ਹੋ ਗਿਆ। ਇਕ ਸਾਲ ਵਿਚ ਟਰਨਓਵਰ ਵਿਚ ਵਾਧਾ 16 ਹਜ਼ਾਰ ਗੁਣਾ ਰਿਹਾ।
ਭਾਜਪਾ ਤੇ ਜੈ ਸ਼ਾਹ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਭਾਜਪਾ ਅਤੇ ਅਮਿਤ ਸ਼ਾਹ ਦੇ ਬੇਟੇ ਜੈ ਅਮਿਤ ਸ਼ਾਹ ਨੇ ਉਨ੍ਹਾਂ ਖਿਲਾਫ਼ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆ ਕਿਹਾ ਕਿ ਇਹ ਰਿਪੋਰਟ ਉਨ੍ਹਾਂ ਨੂੰ ਬਦਨਾਮ ਕਰਨ ਲਈ ਝੂਠੀ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਸ੍ਰੀ ਸਿੱਬਲ ਨੇ ਇਕ ਵੈੱਬਸਾਈਟ ‘ਤੇ ਪ੍ਰਕਾਸ਼ਤ ਲੇਖ ਦਾ ਹਵਾਲਾ ਦਿੰਦਿਆ ਜੈ ਸ਼ਾਹ ਦੇ ਕਾਰੋਬਾਰ ਸਬੰਧੀ ਜੋ ਦੋਸ਼ ਲਗਾਏ ਹਨ, ਉਸ ਸਬੰਧੀ ਸਾਰਾ ਸਪਸ਼ਟੀਕਰਨ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਇਸ ਰਿਪੋਰਟ ਰਾਹੀ ਜੈ ਸ਼ਾਹ ਅਤੇ ਅਮਿਤ ਸ਼ਾਹ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੇਖ ਲਿਖਣ ਵਾਲੇ ਸੰਪਾਦਕ ਅਤੇ ਵੈੱਬਸਾਈਟ ਦੇ ਮਾਲਕ ਦੋਵਾਂ ‘ਤੇ ਅਹਿਮਦਾਬਾਦ ਦੀ ਅਦਾਲਤ ਵਿਚ 100 ਕਰੋੜ ਰੁਪਏ ਦਾ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਜਾਵੇਗਾ।