ਕੈਲੀਫੋਰਨੀਆ ‘ਚ ਸਿੱਖ ਭਾਈਚਾਰੇ ਲਈ 2 ਮੰਦਭਾਗੀਆਂ ਘਟਨਾਵਾਂ ਵਾਪਰੀਆਂ

ਕੈਲੀਫੋਰਨੀਆ ‘ਚ ਸਿੱਖ ਭਾਈਚਾਰੇ ਲਈ 2 ਮੰਦਭਾਗੀਆਂ ਘਟਨਾਵਾਂ ਵਾਪਰੀਆਂ

ਫਰਿਜ਼ਨੋ ‘ਚ ਲਾਪਤਾ ਬਜ਼ੁਰਗ ਸੁਬੇਗ ਸਿੰਘ ਦੀ ਲਾਸ਼ ਨਹਿਰ ‘ਚੋਂ ਮਿਲੀ, 
ਸੈਕਰਾਮੈਂਟੋ ‘ਚ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ
ਫਰਿਜ਼ਨੋ/ਨੀਟਾ ਮਾਛੀਕੇ/ਕੁਲਵੰਤ ਧਾਲੀਆਂ :
ਕੈਲੀਫੋਰਨੀਆ ਦੇ ਫਰਿਜ਼ਨੋ ਤੇ ਸੈਕਰਾਮੈਂਟੋ ਵਿਚ ਸਿੱਖ ਭਾਈਚਾਰੇ ਲਈ 2 ਦੁਖਦਾਈ ਘਟਨਾਵਾਂ ਵਾਪਰੀਆਂ ਹਨ। ਫਰਿਜ਼ਨੋ ਕਾਉਂਟੀ ਵਿਚ ਬਜ਼ੁਰਗ ਸੁਬੇਗ ਸਿੰਘ ਦੀ ਨਹਿਰ ਵਿਚੋਂ ਲਾਸ਼ ਮਿਲੀ ਹੈ ਤੇ ਸੈਕਰਾਮੈਂਟੋ ਵਿਚ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ 68 ਸਾਲਾ ਸੁਬੇਗ ਸਿੰਘ 23 ਜੂਨ ਦੀ ਸਵੇਰ ਨੂੰ ਲਾਪਤਾ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨਹਿਰ ਵਿਚੋਂ ਮਿਲੀ ਹੈ। ਉਨ੍ਹਾਂ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਤੋਂ ਇਹ ਕਤਲ ਦਾ ਮਾਮਲਾ ਜਾਪਦਾ ਹੈ। ਸੁਬੇਗ ਫਰਿਜ਼ਨੋ ਦੇ ਰਹਿਣ ਵਾਲੇ ਸਨ ਅਤੇ ਉਹ ਕਿੰਗਜ਼ ਕੈਨੀਅਨ ਅਤੇ ਆਰਮਸਟਰੌਗ ਸਟਰੀਟ ‘ਤੇ ਸੈਰ ਕਰਨ ਗਏ ਸਨ। ਘਰ ਨਾ ਪਰਤਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਕੋਲ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਸੁਬੇਗ ਸਿੰਘ ਮੋਨਾ ਸਿੱਖ ਸੀ ਅਤੇ ਸੈਰ ਕਰਨ ਮੌਕੇ ਉਨ੍ਹਾਂ ਨੇ ਸਿਰ ‘ਤੇ ਚਿੱਟਾ ਰੁਮਾਲ ਬੰਨ੍ਹਿਆ ਹੋਇਆ ਸੀ। ਪੁਲੀਸ ਨੇ ਇਸ ਸੰਬੰਧੀ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 2000 ਡਾਲਰ ਦਾ ਇਨਾਮ ਵੀ ਰੱਖਿਆ ਸੀ। ਉਨ੍ਹਾਂ ਦੀ ਲਾਸ਼ ਸੈਰ ਕਰਨ ਵਾਲੀ ਥਾਂ ਤੋਂ ਕਰੀਬ ਪੰਜ ਮੀਲ ਦੀ ਦੂਰੀ ‘ਤੇ ਜਿਨਸਨ ਸਟਰੀਟ ਅਤੇ ਵਗਦੀ ਛੋਟੀ ਨਹਿਰ ਵਿਚੋਂ ਮਿਲੀ। ਕੈਲੀਫੋਰਨੀਆ ਦੇ ਕਾਨੂੰਨ ਇਨਫੋਰਸਮੈਟ ਅਧਿਕਾਰੀਆਂ ਨੇ ਦੱਸਿਆ ਕਿ ਉਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਬਜ਼ੁਰਗ ਸਿੱਖ ਦੇ ਕਤਲ ਪਿੱਛੇ ਕਿਸ ਦਾ ਹੱਥ ਹੈ। ਜਾਂਚਕਾਰ ਹੁਣ ਇਸ ਕੇਸ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਡਿਪਟੀ ਹਾਲੇ ਤੱਕ ਇਹ ਨਹੀਂ ਦੱਸ ਰਹੇ ਕਿ ਕੀ ਇਹ ਨਸਲੀ ਹਮਲਾ ਹੈ ਜਾਂ ਨਹੀਂ ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੋਵੇਗਾ। ਪੁਲੀਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਇਸ ਕੇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾ ਫਰਿਜ਼ਨੋ ਕਾਉਂਟੀ ਸ਼ੈਰਫ਼ ਡਿਪਾਰਟਮੈਂਟ ਨੂੰ 559-600-3131 ‘ਤੇ ਸੂਚਿਤ ਕਰ ਸਕਦਾ ਹੈ।
ਸਿੱਖ ਆਗੂ ਗੁਰਦੀਪ ਸ਼ੇਰਗਿੱਲ ਨੇ ਕਿਹਾ, ”ਇਮਾਨਦਾਰੀ ਨਾਲ ਕਹੀਏ ਤਾਂ ਇਸ ਘਟਨਾ ਨਾਲ ਅਸੀਂ ਝੰਜੋੜੇ ਗਏ ਹਾਂ।”

ਗੈਸ ਸਟੇਸ਼ਨ ‘ਤੇ ਕੰਮ ਕਰਦੇ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ
ਸੈਕਰਾਮੈਂਟੋ/ਹੁਸਨ ਲੜੋਆ ਬੰਗਾ :
ਸਾਊਥ ਸੈਕਰਾਮੈਂਟੋ ਦੇ ਫਲੋਰਨ ਰੋਡ ‘ਤੇ ਸਥਿਤ ਸ਼ੈਵਰਨ ਗੈਸ ਸਟੇਸ਼ਨ ‘ਤੇ ਰਾਤ 10:30 ਵਜੇ ਮੈਕਸੀਕੋ ਨਾਲ ਸਬੰਧ ਰੱਖਣ ਵਾਲੇ 2 ਵਿਅਕਤੀਆਂ ਨੇ ਸਿੱਖ ਨੌਜਵਾਨ ਸਿਮਰਨਜੀਤ ਸਿੰਘ ਭੰਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਗੈਸ ਸਟੇਸ਼ਨ ਦੇ ਬਾਕੀ ਮੁਲਾਜ਼ਮਾਂ ਮੁਤਾਬਕ ਉਹ ਉਸ ਸਮੇਂ ਗੈਸ ਸਟੇਸ਼ਨ ‘ਤੇ ਬਾਹਰ ਸਫ਼ਾਈ ਕਰ ਰਿਹਾ ਸੀ। ਜਦੋਂ ਉਹ ਅੰਦਰ ਜਾਣ ਲੱਗਾ ਤਾਂ ਬਾਹਰ ਪਾਰਕਿੰਗ ਵਿਚ ਬੈਠੇ ਦੋ ਮੈਕਸੀਕੋ ਨਿਵਾਸੀਆਂ ਨੇ ਉਸ ਦੇ 7 ਗੋਲੀਆਂ ਮਾਰੀਆਂ ਪਰ 3 ਸਿਮਰਨਜੀਤ ਸਿੰਘ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਲੱਗੀਆਂ। ਤੁਰੰਤ ਐਂਬੂਲਸ ਆਈ ਪਰ ਸਿਮਰਨਜੀਤ ਸਿੰਘ ਥਾਂ ‘ਤੇ ਹੀ ਮਰ ਗਿਆ। ਬਾਕੀ ਵੇਰਵੇ ਅਨੁਸਾਰ ਤੇ ਸੈਕਰਾਮੈਂਟੋ ਕਾਊਂਟੀ ਸੈਂਰਫ ਇਨਵੈਸਟੀਗੇਟ ਡਿਪਾਰਟਮੈਂਟ ਅਨੁਸਾਰ ਇਸੇ ਗੈਸ ਸਟੇਸ਼ਨ ‘ਤੇ ਹੀ ਕੰਮ ਕਰ ਰਹੇ ਪਾਕਿਸਤਾਨੀ ਮੂਲ ਦੇ ਮੁਲਾਜ਼ਮ ਨਾਲ ਪਹਿਲਾਂ ਇਹ ਮੈਕਸੀਕੋ ਹੱਥੋਪਾਈ ਵੀ ਹੋਏ ਸਨ ਪਰ ਉਹ ਉਸਤੋਂ ਬਾਅਦ ਅੰਦਰ ਜਾ ਕੇ 911 ‘ਤੇ ਕਾਲ ਕਰਨ ਚਲਾ ਗਿਆ। ਐਨੇ ਨੂੰ ਮਾੜੀ ਕਿਸਮਤ ਕਰਕੇ ਸਿਮਰਨਜੀਤ ਪਾਰਕਿੰਗ ਸਾਫ਼ ਕਰਕੇ ਅੰਦਰ ਜਾ ਰਿਹਾ ਸੀ ਤੇ ਬਿਨਾਂ ਵਜ੍ਹਾ ਮੈਕਸੀਕੋਆਂ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਪਤਾ ਲੱਗਾ ਹੈ ਕਿ ਪਾਕਿਸਤਾਨੀ ਮੁਲਾਜ਼ਮ ਇਨ੍ਹਾਂ ਮੈਕਸੀਕੋਆਂ ਨੂੰ ਪਾਰਕਿੰਗ ਲਾਟ ਵਿਚ ਸ਼ਰਾਬ ਪੀਣ ਤੋਂ ਰੋਕਣ ਗਿਆ ਸੀ, ਜਿਸ ਕਰਕੇ ਉਸ ਨਾਲ ਹੱਥੋਪਾਈ ਹੋ ਗਈ ਤੇ ਬਾਅਦ ਵਿਚ ਸਿਮਰਨਜੀਤ ਸਿੰਘ ਨੂੰ ਸ਼ਾਇਦ ਪਤਾ ਵੀ ਨਹੀਂ ਸੀ ਕਿ ਕੀ ਗੱਲ ਹੋਈ ਹੈ।
ਸਿਮਰਨਜੀਤ ਸਿੰਘ ਮੁਹਾਲੀ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅਧਿਕਾਰੀ ਰਣਜੀਤ ਸਿੰਘ ਭੰਗੂ ਦਾ ਪੁੱਤਰ ਸੀ ਤੇ 3 ਭੈਣਾਂ ਦਾ ਇਕੱਲਾ ਭਰਾ ਸੀ ਤੇ ਵਿਦਿਆਰਥੀ ਵੀਜ਼ੇ ‘ਤੇ ਸਿਰਫ਼ ਡੇਢ ਸਾਲ ਪਹਿਲਾਂ ਹੀ ਅਮਰੀਕਾ ਆਇਆ ਸੀ ਤੇ ਸੈਕਰਾਮੈਂਟੋ ਵਿਚ ਆਪਣੀ ਭੈਣ ਤੇ ਜੀਜੇ ਕੋਲ ਰਹਿੰਦਾ ਸੀ। ਘਟਨਾ ਵੇਲੇ ਸਿਮਰਨਜੀਤ ਦੇ ਮਾਪੇ ਆਪਣੇ ਛੋਟੀ ਧੀ ਕੋਲ ਨਿਊਜ਼ੀਲੈਂਡ ਗਏ ਹੋਏ ਸਨ। ਇਸ ਘਟਨਾ ਨੇ ਸਥਾਨਕ ਭਾਈਚਾਰੇ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ। ਸ਼ੈਰਫ ਡਿਪਾਰਟਮੈਂਟ ਨੇ ਮੌਕੇ ‘ਤੇ ਭੱਜੇ ਮੈਕਸੀਕੇ ਨੂੰ, ਜਿਸ ਦਾ ਨਾਂ ਅਲੈਗਜ਼ੈਂਡਰ ਲੋਪੇਜ ਦੱਸਿਆ ਗਿਆ ਹੈ, ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲੀਸ ਮੁਤਾਬਕ ਦੋ ਹੋਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਕਤਲ ਵਿਚ ਲੋੜੀਂਦੇ ਹਨ।
ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਕਿਹਾ, ”ਦੋਹਾਂ ਘਟਨਾਵਾਂ ਦੀ ਜਾਂਚ ਤੋਂ ਇਹ ਸਾਫ ਨਹੀਂ ਹੋਇਆ ਹੈ ਕਿ ਕੀ ਇਹ ਹਮਲੇ ਨਸਲੀ ਜਾਂ ਨਫਰਤ ਅਪਰਾਧ ਤੋਂ ਪ੍ਰੇਰਿਤ ਸਨ ਪਰ ਅਸੀਂ ਸਥਾਨਕ ਅਤੇ ਸੰਘੀ ਦੋਹਾਂ ਹੀ ਕਾਨੂੰਨੀ ਇਨਫੋਰਸਮੈਟ ਅਧਿਕਾਰੀਆਂ ਨਾਲ ਕੰਮ ਕਰ ਰਹੇ ਹਾਂ, ਤਾਂ ਕਿ ਇਹ ਯਕੀਨੀ ਕਰ ਸਕੀਏ ਕਿ ਇਨ੍ਹਾਂ ਕਤਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਪੂਰੇ ਮਾਮਲਿਆਂ ‘ਤੇ ਧਿਆਨ ਦਿੱਤਾ ਜਾਵੇ।